Latest News
ਸੁਖਬੀਰ ਤੀਜੀ ਵਾਰੀ ਬਣੇ ਪ੍ਰਧਾਨ

Published on 14 Dec, 2019 11:15 AM.


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਇੱਕ ਪਾਸੇ ਜਿਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਸੁਖਦੇਵ ਸਿੰਘ ਢੀਡਸਾ ਨੇ ਬਾਦਲ ਦਲ ਵਿੱਚ ਬਗਾਵਤ ਦਾ ਬਿਗਲ ਵਜਾਉਂਦਿਆਂ ਜਿਥੇ ਸ਼੍ਰੋਮਣੀ ਅਕਾਲੀ ਦਲ ਦਾ 99ਵਾਂ ਸਥਾਪਨਾ ਦਿਵਸ ਬਾਗੀ ਅਕਾਲੀਆਂ ਨਾਲ ਮਿਲ ਕੇ ਮਨਾਇਆ, ਉਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੋਏ ਡੈਲੀਗੇਟ ਅਜਲਾਸ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਤੀਸਰੀ ਵਾਰੀ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ, ਜਿਸ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ਗਈ।
ਸ਼੍ਰੋਮਣੀ ਕਮੇਟੀ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੋਏ ਜਨਰਲ ਅਜਲਾਸ ਵਿੱਚ ਸੁਖਬੀਰ ਸਿੰਘ ਬਾਦਲ ਦਾ ਨਾਂਅ ਜਥੇਦਾਰ ਤੋਤਾ ਸਿੰਘ ਨੇ ਪੇਸ਼ ਕੀਤਾ, ਜਦ ਕਿ ਇਸ ਦੀ ਤਾਈਦ ਪ੍ਰੇਮ ਸਿੰਘ ਚੰਦੂਮਾਜਰਾ ਤੇ ਮਜੀਦ ਜਗਮੀਤ ਸਿੰਘ ਬਰਾੜ ਨੇ ਕੀਤੀ। ਕਿਸੇ ਹੋਰ ਦਾ ਨਾਂਅ ਨਾ ਪੇਸ਼ ਹੋਣ 'ਤੇ ਸੁਖਬੀਰ ਸਿੰਘ ਬਾਦਲ ਦੇ ਨਾਂਅ ਨੂੰ ਸਟੇਜ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਪ੍ਰ੍ਹਵਾਨਗੀ ਦੇ ਦਿੱਤੀ। ਜਗਮੀਤ ਸਿੰਘ ਬਰਾੜ 1979 ਤੋਂ ਬਾਅਦ ਪਹਿਲੀ ਵਾਰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਪਧਾਰੇ, ਕਿਉਂਕਿ ਉਸ ਸਮੇਂ ਹੋਏ ਅਜਲਾਸ ਸਮੇਂ ਉਹ ਨੌਜਵਾਨ ਸਨ, ਪਰ ਬਾਅਦ ਵਿੱਚ ਕਾਂਗਰਸ ਤੇ ਫਿਰ ਕੋਈ ਹੋਰ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਸਨ। ਸੁਖਬੀਰ ਸਿੰਘ ਬਾਦਲ ਨੇ ਸਾਰਿਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਨ, ਜਿਹਨਾਂ ਨੇ ਉਹਨਾ ਦੀ ਲੀਡਰਸ਼ਿਪ 'ਤੇ ਭਰੋਸਾ ਪ੍ਰਗਟ ਕੀਤਾ ਹੈ। ਸੁਖਬੀਰ ਬਾਦਲ ਪਹਿਲੀ ਵਾਰੀ 2008, ਫਿਰ 2013 ਤੇ ਹੁਣ 2019 ਵਿੱਚ ਪਾਰਟੀ ਦੇ ਪ੍ਰਧਾਨ ਬਣੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੁੜ ਪ੍ਰਧਾਨ ਬਣਨ 'ਤੇ ਮੁਬਾਰਕਬਾਦ ਦਿੱਤੀ। ਉਨ੍ਹਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬੇਹੱਦ ਸ਼ਾਨਾਮੱਤਾ ਹੈ ਅਤੇ ਇਸ ਨੇ ਸਿੱਖਾਂ ਦੇ ਮਸਲਿਆਂ ਦੀ ਹਮੇਸ਼ਾ ਸਰਗਰਮੀ ਨਾਲ ਪੈਰਵਾਈ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਜਾਣ ਮਗਰੋਂ ਸੁਖਬੀਰ ਸਿੰਘ ਬਾਦਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਉਨ੍ਹਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਮੱਥਾ ਟੇਕਿਆ। ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਪਰਮਿੰਦਰ ਢੀਂਡਸਾ ਨੇ ਇਹ ਦੱਸਣ ਲਈ ਅਕਾਲੀ ਦਲ ਪ੍ਰਧਾਨ ਨੂੰ ਫੋਨ ਕੀਤਾ ਸੀ ਕਿ ਉਹਨਾ ਇੱਕ ਜ਼ਰੂਰੀ ਕੰਮ ਲਈ ਮੁੰਬਈ ਜਾਣਾ ਹੈ ਅਤੇ ਡੈਲੀਗੇਟ ਅਜਲਾਸ ਵਿਚ ਭਾਗ ਨਾ ਲੈਣ ਦੀ ਆਗਿਆ ਮੰਗੀ ਸੀ। ਪਾਰਟੀ ਪ੍ਰਧਾਨ ਨੇ ਢੀਂਡਸਾ ਦੀ ਬੇਨਤੀ ਨੂੰ ਮਨਜ਼ੁਰ ਕਰ ਲਿਆ ਸੀ। ਡਾਕਟਰ ਚੀਮਾ ਨੇ ਦੱਸਿਆ ਕਿ ਸ੍ਰੀ ਢੀਂਡਸਾ ਨੇ ਅਕਾਲੀ ਦਲ ਪ੍ਰਧਾਨ ਨਾਲ ਗੱਲਬਾਤ ਦੌਰਾਨ ਉਹਨਾ ਦੀ ਲੀਡਰਸ਼ਿਪ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਵਿਚ ਮੁਕੰਮਲ ਭਰੋਸਾ ਜਤਾਇਆ ਸੀ।

232 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper