Latest News
ਭਾਰਤ ਦੀ ਆਤਮਾ ਨੂੰ ਤਾਰ-ਤਾਰ ਕਰ ਦੇਵੇਗਾ ਨਾਗਰਿਕਤਾ ਕਾਨੂੰਨ : ਸੋਨੀਆ ਗਾਂਧੀ

Published on 14 Dec, 2019 11:21 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਦੇ ਰਾਮਲੀਲ੍ਹਾ ਮੈਦਾਨ 'ਚ ਕਾਂਗਰਸ ਦੀ 'ਭਾਰਤ ਬਚਾਓ' ਰੈਲੀ 'ਚ ਮੋਦੀ ਸਰਕਾਰ 'ਤੇ ਜੰਮ ਕੇ ਹਮਲਾ ਹੋਇਆ। ਕਾਂਗਰਸ ਪਾਰਟੀ ਦੇ ਦਿੱਗਜ਼ ਨੇਤਾਵਾਂ ਨੇ ਇਸ ਰੈਲੀ ਨੂੰ ਸੰਬੋਧਨ ਕਰਕੇ ਦੇਸ਼ ਨੂੰ ਸੰਦੇਸ਼ ਦਿੱਤਾ ਕਿ ਮੋਦੀ ਸਰਕਾਰ ਖਿਲਾਫ਼ ਲਾਮਬੰਦ ਹੋ ਕੇ ਆਵਾਜ਼ ਬੁਲੰਦ ਕਰੋ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦਿੱਲੀ ਦੇ ਰਾਮਲੀਲ੍ਹਾ ਮੈਦਾਨ ਤੋਂ 'ਭਾਰਤ ਬਚਾਓ' ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਸਰਕਾਰ 'ਤੇ ਚੁਣ-ਚੁਣ ਕੇ ਹਮਲੇ ਬੋਲੇ। ਸੋਨੀਆ ਨੇ ਕਿਹਾ ਕਿ ਮੋਦੀ ਅਤੇ ਸ਼ਾਹ ਦਾ ਇੱਕ ਹੀ ਏਜੰਡਾ ਹੈ ਕਿ ਲੋਕਾਂ ਨੂੰ ਲੜਾਓ, ਅਸਲੀ ਮੁੱਦਿਆਂ ਨੂੰ ਛੁਪਾਓ ਅਤੇ ਰਾਜਨੀਤੀ ਨੂੰ ਚਮਕਾਓ। ਉਨ੍ਹਾਂ ਕਿਹਾ ਕਿ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਲਈ ਅਸੀਂ ਕਿਸੇ ਵੀ ਕੁਰਬਾਨੀ ਲਈ ਤਿਆਰ ਹਾਂ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦੇਸ਼ ਦੇ ਹਾਲਾਤ ਖ਼ਰਾਬ ਹਨ, ਘਰਾਂ 'ਚੋਂ ਨਿਕਲੋ ਅਤੇ ਅੰਦੋਲਨ ਕਰੋ। ਸੋਨੀਆ ਨੇ ਕਿਹਾ ਕਿ ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ, ਅਸੀਂ ਆਖਰੀ ਸਾਹ ਤੱਕ ਦੇਸ਼ ਲਈ ਆਪਣਾ ਫਰਜ਼ ਨਿਭਾਉਂਦੇ ਰਹਾਂਗੇ।
ਸੋਨੀਆ ਨੇ ਕਿਹਾ ਕਿ ਆਖਿਰ ਸਭ ਕਾ ਸਾਥ, ਸਭਕਾ ਵਿਕਾਸ ਕਹਾਂ ਹੈ। ਉਨ੍ਹਾ ਕਿਹਾ, 'ਤੁਸੀਂ ਹੀ ਦੱਸੋ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਕਿ ਨਹੀਂ, ਜਿਸ ਬਲੈਕ ਮਨੀ ਲਈ ਨੋਟਬੰਦੀ ਕੀਤੀ ਸੀ, ਉਹ ਬਾਹਰ ਕਿਉਂ ਨਹੀਂ ਆਇਆ।' ਨੌਜਵਾਨ ਨੌਕਰੀਆਂ ਲਈ ਭਟਕ ਰਹੇ ਹਨ। ਲੱਗੀਆਂ ਨੌਕਰੀਆਂ ਵੀ ਜਾ ਰਹੀਆਂ ਹਨ।
ਉਹਨਾ ਧਾਰਾ 370 ਅਤੇ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਭਾਜਪਾ ਤੇ ਮੋਦੀ ਸਰਕਾਰ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦਾ ਮਾਹੌਲ ਕਿ ਕਦੀ ਵੀ ਕੋਈ ਵੀ ਐਕਟ ਹਟਾ ਦਿਓ ਅਤੇ ਕੋਈ ਵੀ ਲਾ ਦਿਓ, ਕਦੀ ਵੀ ਰਾਸ਼ਟਰਪਤੀ ਸ਼ਾਸਨ ਲਾਓ ਅਤੇ ਹਟਾ ਦਿਓ। ਬਿਨਾਂ ਬਹਿਸ ਕੋਈ ਵੀ ਐਕਟ ਪਾਸ ਕਰ ਦਿੱਤਾ ਜਾਦਾ ਹੈ। ਹਰ ਦਿਨ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਮੋਦੀ-ਸ਼ਾਹ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਇਹ ਨਾਗਰਿਕਤਾ ਕਾਨੂੰਨ ਜੋ ਲਿਆਂਦਾ ਹੈ, ਉਹ ਭਾਰਤ ਦੀ ਆਤਮਾ ਨੂੰ ਤਾਰ-ਤਾਰ ਕਰ ਦੇਵੇਗਾ। ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਭਾਜਪਾ ਅਤੇ ਮੋਦੀ ਸਰਕਾਰ 'ਤੇ ਜ਼ੋਰਦਾਰ ਹਮਲਾ ਬੋਲਿਆ। ਉਨ੍ਹਾ ਕਿਹਾ ਕਿ ਭਾਜਪਾ ਮੇਰੇ ਭਾਸ਼ਣ ਨੂੰ ਲੈ ਕੇ ਮੁਆਫ਼ੀ ਮੰਗਣ ਨੂੰ ਕਹਿ ਰਹੀ ਹੈ, ਪਰ ਮੈਂ ਮੁਆਫ਼ੀ ਨਹੀਂ ਮੰਗਾਂਗਾ।
ਉਨ੍ਹਾ ਕਿਹਾ, 'ਮੈਂ ਮਰ ਜਾਵਾਂਗਾ, ਪਰ ਮੁਆਫ਼ੀ ਨਹੀਂ ਮੰਗਾਂਗਾ। ਮੇਰਾ ਨਾਂਅ ਰਾਹੁਲ ਸਾਵਰਕਰ ਨਹੀਂ, ਬਲਕਿ ਰਾਹੁਲ ਗਾਂਧੀ ਹੈ।' ਰਾਹੁਲ ਨੇ ਕਿਹਾ ਕਿ ਮੁਆਫ਼ੀ ਤਾਂ ਨਰੇਂਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਮੰਗਣੀ ਚਾਹੀਦੀ, ਜਿਨ੍ਹਾਂ ਅਰਥ-ਵਿਵਸਥਾ ਨੂੰ ਤਬਾਹ ਕਰ ਦਿੱਤਾ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਝੂਠ ਕਿਹਾ ਕਿ ਅਸੀਂ ਸਵਿੱਸ ਬੈਂਕ ਤੋਂ ਪੈਸਾ ਲਿਆਉਣਾ ਹੈ ਅਤੇ ਕਾਲੇ ਧਨ ਨਾਲ ਲੜਨਾ ਹੈ, ਪਰ ਇਨ੍ਹਾਂ ਗਰੀਬਾਂ ਦੀਆਂ ਜੇਬਾਂ 'ਚੋਂ ਪੈਸਾ ਕਢਵਾ ਕੇ ਅਡਾਨੀ-ਅੰਬਾਨੀ ਦੇ ਹਵਾਲੇ ਕੀਤਾ।
ਉਹਨਾ ਜੀ ਅੱੈਸ ਟੀ ਨੂੰ ਲੈ ਕੇ ਕਿਹਾ ਕਿ ਜੇ ਬਚਿਆ ਸੀ ਮੋਦੀ ਸਰਕਾਰ ਨੇ ਗੱਬਰ ਸਿੰਘ ਟੈਕਸ ਜ਼ਰੀਏ ਇਕਨਾਮੀ ਨੂੰ ਖ਼ਤਮ ਕਰ ਦਿੱਤਾ। ਮੋਦੀ ਜੀ ਨੇ ਰਾਤ ਨੂੰ 12 ਵਜੇ ਗੱਬਰ ਸਿੰਘ ਟੈਕਸ ਲਾਗੂ ਕਰ ਦਿੱਤਾ ਅਤੇ 45 ਸਾਲ 'ਚ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਅੱਜ ਦੇ ਦੌਰ 'ਚ ਹੈ। ਜੀ ਡੀ ਪੀ ਗ੍ਰੋਥ 9 ਫੀਸਦੀ ਤੋਂ ਘਟ ਕੇ 4 'ਤੇ ਪਹੁੰਚ ਗਈ ਹੈ। ਇੱਥੋਂ ਤੱਕ ਕਿ ਜੀ ਡੀ ਪੀ ਮਾਪਣ ਦਾ ਤਰੀਕਾ ਵੀ ਬਦਲ ਦਿੱਤਾ। ਸਾਡੇ ਤਰੀਕੇ ਨਾਲ ਮਾਪੋਗੇ ਤਾਂ ਹੁਣ 2.5 ਫਸੀਦੀ ਜੀ ਡੀ ਪੀ ਹੈ। ਦੇਸ਼ ਦਾ ਪੂਰਾ ਪੈਸਾ ਦੋ-ਤਿੰਨ ਉਦਯੋਪਤੀਆਂ ਨੂੰ ਫੜਾ ਦਿੱਤਾ ਹੈ। ਮੈਂ ਇਸ ਗੱਲ ਨੂੰ ਮੰਨਦਾ ਹਾਂ ਕਿ ਕਿਸਾਨ ਦੇਸ਼ ਨੂੰ ਬਣਾਉਂਦਾ ਹੈ ਤਾਂ ਇਮਾਨਦਾਰ ਉਦਯੋਗਪਤੀ ਵੀ ਦੇਸ਼ ਨੂੰ ਬਣਾਉਂਦਾ ਹੈ, ਪਰ ਪਿਛਲੇ 5 ਸਾਲਾਂ 'ਚ ਮੋਦੀ ਸਰਕਾਰ ਨੇ ਅਡਾਨੀ ਨੂੰ 50 ਕੰਟਰੈਕਟ ਦਿੱਤੇ। ਇੱਕ ਲੱਖ ਕਰੋੜ ਤੋਂ ਜ਼ਿਆਦਾ ਦੇ ਏਅਰਪੋਰਟ ਅਤੇ ਪੋਰਟ ਫੜਾ ਦਿੱਤੇ।
ਅਸਾਮ ਦਾ ਜਿਕਰ ਕਰਦੇ ਹੋਏ ਰਾਹੁ ਨੇ ਕਿਹਾ ਕਿ ਪੂਰੇ ਪੂਰਬ-ਉਤਰ 'ਚ ਇਨ੍ਹਾਂ ਲੋਕਾਂ ਨੇ ਅੱਗ ਲਾ ਦਿੱਤੀ ਹੈ। ਦੇਸ਼ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ, ਇਕਾਨਮੀ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਨਰੇਂਦਰ ਮੋਦੀ ਸਿਰਫ਼ ਇੱਕ ਚੀਜ਼ ਬਾਰੇ ਸੋਚਦੇ ਹਨ ਕਿ ਉਹ ਸੱਤਾ ਲਈ ਕੁਝ ਵੀ ਕਰ ਦੇਣਗੇ।
ਪੀ ਚਿਦੰਬਰਮ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਦੀ ਅਰਥ-ਵਿਵਸਥਾ ਦੀ ਹਾਲਤ ਖਸਤਾ ਹੈ, ਲੱਖਾਂ ਲੋਕਾਂ ਦੀਆਂ ਨੌਕਰੀਆਂ ਜਾ ਚੁੱਕੀਆਂ ਹਨ। ਦੁਕਾਨਾਂ ਅਤੇ ਫੈਕਟਰੀਆਂ ਬੰਦ ਹੋ ਰਹੀਆਂ ਹਨ। ਪਿੰਡਾਂ 'ਚ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ, ਹਰ ਤਰ੍ਹਾਂ ਨਾਲ ਦੇਸ਼ ਮੁਸ਼ਕਲ 'ਚ ਹੈ, ਹਰ ਦਿਨ ਬੁਰੀ ਖ਼ਬਰ ਸੁਣਨ ਨੂੰ ਮਿਲਦੀ ਹੈ। ਪਿਛਲੇ ਕੁਝ ਮਹੀਨਿਆਂ 'ਚ ਕੇਂਦਰ ਦੀ ਮੋਦੀ ਸਰਕਾਰ ਨੇ ਅਰਥ-ਵਿਵਸਥਾ ਨੂੰ ਗਰਕ ਕਰਕੇ ਰੱਖ ਦਿੱਤਾ ਹੈ।
ਗੌਰਵ ਗੋਗੋਈ ਨੇ ਵੀ ਮੋਦੀ ਸਰਕਾਰ 'ਤੇ ਨਿਸ਼ਾਨਾ ਲਾਇਆ। ਉਨ੍ਹਾ ਕਿਹਾ ਕਿ ਭਾਜਪਾ ਨੇ ਪੂਰਬ-ਉਤਰ ਨੂੰ ਅੱਗ 'ਚ ਝੋਕ ਦਿੱਤਾ ਹੈ। ਇਹ ਅੱਗ ਨਾਗਰਿਕਤਾ ਕਾਨੂੰਨ ਜ਼ਰੀਏ ਲਾਈ ਗਈ ਹੈ। ਅਸੀਂ ਅਮਨ ਅਤੇ ਵਿਕਾਸ ਚਾਹੁੰਦੇ ਹਾਂ, ਰਾਜਨੀਤੀ ਨਹੀਂ।
ਉਨ੍ਹਾ ਕਿਹਾ ਕਿ ਭਾਜਪਾ ਦੀ ਸਰਕਾਰ ਨਾਗਰਿਕਤਾ ਬਿੱਲ ਇਸ ਲਈ ਲੈ ਕੇ ਆਈ, ਤਾਂ ਕਿ ਉਹ ਲੋਕਾਂ ਦਾ ਧਿਆਨ ਡਿੱਗਦੀ ਅਰਥ-ਵਿਵਸਥਾ ਤੋਂ ਭਟਕਾ ਸਕੇ। ਉਨ੍ਹਾ ਕਿਹਾ ਕਿ ਭਾਜਪਾ ਨੇ ਅਸਾਮ ਸਮਝੌਤੇ ਦਾ ਅਪਮਾਨ ਕੀਤਾ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ, ਜਿੱਥੋਂ ਤੱਕ ਮੇਰੀ ਆਵਾਜ਼ ਪਹੁੰਚ ਰਹੀ ਹੈ, ਆਪਣੇ ਦੇਸ਼ ਦੇ ਇੱਕ-ਇੱਕ ਨਾਗਰਿਕ ਨੂੰ ਕਹਿਣਾ ਚਾਹੁੰਦੀ ਹਾਂ ਕਿ ਆਪਣੀ ਆਵਾਜ਼ ਉਠਾਓ।
ਅੱਜ ਅਸੀਂ ਜੇਕਰ ਆਪਣੀ ਆਵਾਜ਼ ਨਹੀਂ ਉਠਾਵਾਂਗੇ, ਚੁੱਪ ਰਹਾਂਗੇ ਤਾਂ ਦੇਖਦੇ-ਦੇਖਦੇ ਬਾਬਾ ਸਾਹਿਬ ਦਾ ਕ੍ਰਾਂਤੀਕਾਰੀ ਸੰਵਿਧਾਨ ਖ਼ਤਮ ਹੋ ਜਾਵੇਗਾ। ਉਹਨਾ ਕਿਹਾ ਇਹ ਦੇਸ਼ ਇੱਕ ਅੰਦੋਲਨ 'ਚੋਂ ਉਭਰਿਆ ਹੈ, ਭਾਜਪਾ ਦੇ 6 ਸਾਲਾਂ ਦੇ ਰਾਜ ਤੋਂ ਬਾਅਦ ਜੀ ਡੀ ਪੀ ਪਾਤਾਲ 'ਤੇ ਹੈ, ਛੋਟਾ ਵਪਾਰੀ ਨਾਖੁਸ਼ ਹੈ, ਭਾਜਪਾ ਹੈ ਤਾਂ 4 ਕਰੋੜ ਨੌਕਰੀਆਂ ਖ਼ਤਮ ਹੋਈਆਂ ਹਨ, ਫਿਰ ਵੀ ਹਰ ਬੱਸ ਸਟਾਪ 'ਤੇ ਹਰ ਇਸ਼ਤਿਹਾਰ 'ਚ ਮੋਦੀ ਮੁਮਕਿਨ ਹੈ, ਭਾਜਪਾ ਹੈ 100 ਰੁਪਏ ਪਿਆਜ਼ ਮੁਮਕਿਨ ਹੈ, 4 ਕਰੋੜ ਨੌਕਰੀਆਂ ਖ਼ਤਮ ਹੋਣਾ ਮੁਮਕਿਨ ਹੈ, ਕਿਸਾਨਾਂ ਦੀਆਂ ਖੁਦਕਸ਼ੀਆਂ ਮੁਮਕਿਨ ਹਨ, ਭਾਜਪਾ ਹੈ ਜੋ ਕਾਨੂੰਨ ਦੇਸ਼ ਦੇ ਖਿਲਾਫ਼ ਹੈ ਮੁਮਕਿਨ ਹੈ।

249 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper