ਅਜੀਤਵਾਲ (ਨਛੱਤਰ ਸੰਧੂ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂਲ ਅਜੀਤਵਾਲ ਦੀਆਂ ਵਿਦਿਆਰਥਣਾਂ ਨੈਸ਼ਨਲ ਕ੍ਰਿਕਟ ਮੈਚ ਲਈ ਕੋਚ ਸੁਖਚੈਨ ਸਿੰਘ ਦੀ ਅਗਵਾਈ ਹੇਠ ਪਿੱਪਲੀਆਂ ਵਾਲਾ ਮੰਡੀ, ਮੰਧੋਰ, ਮੱਧ ਪ੍ਰਦੇਸ਼ ਵਿਖੇ ਰਵਾਨਾ ਹੋਈਆਂ ਸਨ। ਇਸ ਵਿੱਚ 4 ਵਿਦਿਆਰਥਣਾਂ ਮਹਿਕ (9ਵੀਂ), ਕਿਰਨਜੋਤ ਕੌਰ (9ਵੀਂ), ਜਮਨਦੀਪ ਕੌਰ (9ਵੀਂ) ਤੇ ਮਨਜੋਤ ਕੌਰ (9ਵੀਂ) ਸ਼ਾਮਲ ਸਨ। ਇਸ ਵਿੱਚ ਪੂਰੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਹ ਮੁਕਾਬਲੇ ਅੰਡਰ-17 ਵਿਚਕਾਰ ਸਨ। ਟੂਰਨਾਮੈਂਟ ਵਿੱਚ ਖਿਡਾਰਨਾਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਪੂਰੇ ਭਾਰਤ ਵਿੱਚੋਂ ਚੌਥਾ ਸਥਾਨ ਹਾਸਲ ਕੀਤਾ। ਇਸ ਮੌਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਸਕੂਲ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਦਵਿੰਦਰਪਾਲ ਪਲਤਾ, ਪ੍ਰਿੰਸੀਪਲ ਸਾਕਸ਼ੀ ਗੁਲੇਰੀਆ ਤੇ ਸਕੂਲ ਸਟਾਫ ਵੱਲੋਂ ਇਨ੍ਹਾਂ ਖਿਡਾਰਨਾਂ ਦਾ ਸਕੂਲ 'ਚ ਨਿੱਘਾ ਸਵਾਗਤ ਕੀਤਾ ਗਿਆ। ਚੇਅਰਮੈਨ ਸੁਭਾਸ਼ ਪਲਤਾ ਨੇ ਕਿਹਾ ਕਿ ਬਹੁਤ ਫਕਰ ਵਾਲੀ ਗੱਲ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਨ੍ਹਾਂ ਖਿਡਾਰਨਾਂ ਨੇ ਜੇਤੂ ਰਹਿ ਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਉਨ੍ਹਾ ਇਹ ਵੀ ਦੱਸਿਆ ਕਿ ਇਸ ਕ੍ਰਿਕਟ ਮੁਕਾਬਲੇ ਲਈ ਬੱਚਿਆਂ ਨੇ ਬਹੁਤ ਹੀ ਸਖਤ ਮਿਹਨਤ ਕੀਤੀ ਸੀ। ਉਨ੍ਹਾ ਕਿਹਾ ਕਿ ਬੱਚੇ ਆਪਣਾ ਭਵਿੱਖ ਖੇਡਾਂ ਵਿੱਚ ਵੀ ਬਣਾ ਸਕਦੇ ਹਨ। ਇਸ ਮੌਕੇ ਸਮੂਹ ਸਕੂਲ ਸਟਾਫ ਤੇ ਬੱਚੇ ਹਾਜ਼ਰ ਸਨ।