Latest News
ਮਾਈਕ੍ਰੋਸਾਫਟ ਦੇ ਸੀ ਈ ਓ ਸੱਤਿਆ ਨਡੇਲਾ ਭਾਰਤ ਦੀਆਂ ਘਟਨਾਵਾਂ ਤੋਂ ਦੁਖੀ

Published on 14 Jan, 2020 10:27 AM.


ਨਿਊ ਯਾਰਕ : ਮਾਈਕ੍ਰੋਸਾਫਟ ਦੇ ਭਾਰਤੀ ਮੂਲ ਦੇ ਸੀ ਈ ਓ ਸੱਤਿਆ ਨਡੇਲਾ ਨੇ ਨਾਗਰਿਕਤਾ ਸੋਧ ਕਾਨੂੰਨ (ਸੀ ਏ ਏ) 'ਤੇ ਇਹ ਕਹਿੰਦਿਆਂ ਚਿੰਤਾ ਜ਼ਾਹਰ ਕੀਤੀ ਹੈ ਕਿ ਜੋ ਵਾਪਰ ਰਿਹਾ ਹੈ, ਉਹ ਦੁਖਦਾਈ ਹੈ। ਉਹ ਇਹ ਦੇਖਣਾ ਪਸੰਦ ਕਰਨਗੇ ਕਿ ਇਕ ਬੰਗਲਾਦੇਸ਼ੀ ਪ੍ਰਵਾਸੀ ਭਾਰਤ ਵਿਚ ਅਗਲੀ ਯੂਨੀਕੌਰਨ ਕੰਪਨੀ ਸਥਾਪਤ ਕਰੇ। (ਇਕ ਅਰਬ ਡਾਲਰ ਦੇ ਸਰਮਾਏ ਵਾਲੀਆਂ ਕੰਪਨੀਆਂ ਨੂੰ ਯੂਨੀਕੌਰਨ ਕਹਿੰਦੇ ਹਨ।) ਨਡੇਲਾ ਨੇ ਮੈਨਹਟਨ ਵਿਚ ਮਾਈਕ੍ਰੋਸਾਫਟ ਦੇ ਇਕ ਪ੍ਰੋਗਰਾਮ ਵਿਚ ਐਡੀਟਰਾਂ ਨਾਲ ਗੱਲਾਂ ਕਰਦਿਆਂ ਇਹ ਟਿੱਪਣੀ ਕੀਤੀ। ਉਨ੍ਹਾ ਨੂੰ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਦੇ ਸਤਾਏ ਹੋਏ ਗੈਰ-ਮੁਸਲਿਮਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਵਾਲੇ ਸੀ ਏ ਏ ਬਾਰੇ ਸਵਾਲ ਕੀਤਾ ਗਿਆ ਸੀ। ਨਿਊ ਯਾਰਕ ਸਥਿਤ ਬਜ਼ਫੀਡ ਨਿਊਜ਼ ਦੇ ਐਡੀਟਰ-ਇਨ-ਚੀਫ ਬੇਨ ਸਮਿਥ ਮੁਤਾਬਕ ਨਡੇਲਾ ਨੇ ਕਿਹਾ, 'ਮੈਂ ਸਮਝਦਾਂ ਕਿ ਜੋ ਕੁਝ ਹੋ ਰਿਹਾ ਹੈ, ਉਹ ਦੁਖਦਾਈ ਹੈ, ਮਾੜਾ ਹੈ। ਮੈਂ ਚਾਹਾਂਗਾ ਕਿ ਬੰਗਲਾਦੇਸ਼ੀ ਪ੍ਰਵਾਸੀ ਭਾਰਤ ਆ ਕੇ ਅਗਲੀ ਯੂਨੀਕੌਰਨ ਸਥਾਪਤ ਕਰੇ ਜਾਂ ਇਨਫੋਸਿਸ ਦਾ ਅਗਲਾ ਸੀ ਈ ਓ ਬਣੇ।' ਮਾਈਕ੍ਰੋਸਾਫਟ ਇੰਡੀਆ ਨੇ ਬਾਅਦ ਵਿਚ ਨਡੇਲਾ ਦੇ ਹਵਾਲੇ ਨਾਲ ਇਹ ਬਿਆਨ ਜਾਰੀ ਕੀਤਾ, 'ਮੈਨੂੰ ਮੇਰੀ ਭਾਰਤੀ ਵਿਰਾਸਤ ਨੇ ਤਿਆਰ ਕੀਤਾ ਹੈ। ਮੈਂ ਇਕ ਬਹੁ-ਸਭਿਆਚਾਰਕ ਭਾਰਤ ਵਿਚ ਵੱਡਾ ਹੋਇਆ ਤੇ ਮੇਰੇ ਕੋਲ ਅਮਰੀਕਾ ਵਿਚ ਪ੍ਰਵਾਸ ਦਾ ਤਜਰਬਾ ਹੈ। ਮੇਰੀਆਂ ਉਮੀਦਾਂ ਭਾਰਤ ਲਈ ਹਨ, ਜਿਥੇ ਇਕ ਪ੍ਰਵਾਸੀ ਆਪਣਾ ਸਟਾਰਟ-ਅੱਪ ਖੋਲ੍ਹਣ ਦਾ ਸੁਫਨਾ ਪਾਲ ਸਕੇ ਜਾਂ ਜੋ ਭਾਰਤੀ ਸਮਾਜ ਤੇ ਅਰਥ-ਵਿਵਸਥਾ ਨੂੰ ਵਿਆਪਕ ਪੱਧਰ 'ਤੇ ਲਾਭ ਪਹੁੰਚਾਉਣ ਲਈ ਬਹੁਕੌਮੀ ਕੰਪਨੀ ਦੀ ਅਗਵਾਈ ਕਰ ਸਕੇ।'
ਨਵੀਂ ਦਿੱਲੀ ਦੀ ਭਾਜਪਾ ਸਾਂਸਦ ਮੀਨਾਕਸ਼ੀ ਲੇਖੀ ਨੇ ਨਡੇਲਾ ਦੀਆਂ ਗੱਲਾਂ ਦਾ ਬੁਰਾ ਮਨਾਉਂਦਿਆਂ ਕਿਹਾ ਕਿ ਪੜ੍ਹੇ-ਲਿਖਿਆਂ ਨੂੰ ਕਿਵੇਂ ਸਿਖਿਅਤ ਹੋਣ ਦੀ ਲੋੜ ਹੈ, ਇਹ ਉਸ ਦੀ ਸਭ ਤੋਂ ਸਟੀਕ ਮਿਸਾਲ ਹੈ। ਉਨ੍ਹਾ ਕਿਹਾ ਕਿ ਸੀ ਏ ਏ ਦਾ ਮਤਲਬ ਸਤਾਏ ਲੋਕਾਂ ਨੂੰ ਮੌਕੇ ਮੁਹੱਈਆ ਕਰਾਉਣਾ ਹੈ। ਨਡੇਲਾ ਦੱਸਣ ਕਿ ਅਮਰੀਕਾ ਵਿਚ ਯਜ਼ੀਦੀ ਦੀ ਥਾਂ ਸੀਰੀਆਈ ਮੁਸਲਮਾਨਾਂ ਨੂੰ ਮੌਕੇ ਦੇਣ ਬਾਰੇ ਉਹ ਕੀ ਸੋਚਦੇ ਹਨ। ਨਡੇਲਾ ਦੇ ਬਿਆਨ ਦਾ ਉੱਘੇ ਇਤਿਹਾਸਕਾਰ ਰਾਮ ਚੰਦਰ ਗੁਹਾ ਨੇ ਸਮਰਥਨ ਕੀਤਾ ਹੈ।

176 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper