Latest News
ਮੁੰਬਈ ਦੇ ਬਾਅਦ ਬੇਂਗਲੁਰੂ ਦੀ ਸਹਿਕਾਰੀ ਬੈਂਕ 'ਚ ਸੰਕਟ, ਖਾਤਾਧਾਰਕ ਪ੍ਰੇਸ਼ਾਨ

Published on 14 Jan, 2020 10:32 AM.


ਬੇਂਗਲੁਰੂ : ਭਾਰਤੀ ਰਿਜ਼ਰਵ ਬੈਂਕ ਵੱਲੋਂ ਪੈਸੇ ਕਢਾਉਣ ਦੀ ਲਿਮਟ 35 ਹਜ਼ਾਰ ਰੁਪਏ ਕਰ ਦੇਣ ਤੋਂ ਬਾਅਦ ਸ੍ਰੀ ਗੁਰੂ ਰਾਘਵੇਂਦਰ ਸਹਿਕਾਰੀ ਬੈਂਕ ਵਿਚ ਮੰਗਲਵਾਰ ਲੋਕਾਂ ਦਾ ਤਾਂਤਾ ਲੱਗ ਗਿਆ। ਲੋਕ, ਖਾਸਕਰ ਬਜ਼ੁਰਗ ਪ੍ਰੇਸ਼ਾਨ ਹਨ ਕਿ ਇਹ ਸਥਿਤੀ ਕਦੋਂ ਤੱਕ ਚੱਲੇਗੀ। ਕਈ ਲੋਕਾਂ ਨੇ ਇਥੇ ਇਸ ਕਰਕੇ ਪੈਸੇ ਜਮ੍ਹਾਂ ਕਰਾਏ ਸਨ, ਕਿਉਂਕਿ ਇਹ ਇਕ ਫੀਸਦੀ ਵੱਧ ਵਿਆਜ ਦਿੰਦੀ ਸੀ। ਲੋਕ ਦੁਖੀ ਹਨ ਕਿ ਉਨ੍ਹਾਂ ਦਾ ਹਾਲ ਵੀ ਮੁੰਬਈ ਦੀ ਪੰਜਾਬ ਐਂਡ ਮਹਾਰਾਸ਼ਟਰਾ ਕੋਆਪ੍ਰੇਟਿਵ ਬੈਂਕ ਦੇ ਖਾਤਾਧਾਰਕਾਂ ਵਰਗਾ ਨਾ ਹੋ ਜਾਵੇ। ਬੈਂਕ ਅਧਿਕਾਰੀਆਂ ਨੇ ਕਿਹਾ ਕਿ ਖਾਤਾਧਾਰਕਾਂ ਦੇ ਪੈਸੇ 100 ਫੀਸਦੀ ਸੇਫ ਹਨ ਤੇ ਉਹ ਉਨ੍ਹਾਂ ਨਾਲ 19 ਜਨਵਰੀ ਨੂੰ ਮੀਟਿੰਗ ਕਰਨਗੇ। ਬੈਂਕ ਦੇ ਚੇਅਰਮੈਨ ਕੇ ਰਾਮਾਕ੍ਰਿਸ਼ਨਾ ਨੇ ਕਿਹਾ ਕਿ ਰਿਜ਼ਰਵ ਬੈਂਕ ਨੇ ਨਾਨ-ਪਰਫਾਰਮਿੰਗ ਐਸੇਟਸ (ਐੱਨ ਪੀ ਏ) ਦਾ ਹਵਾਲਾ ਦੇ ਕੇ ਰੋਕਾਂ ਲਾਈਆਂ ਹਨ। ਉਨ੍ਹਾ ਕਿਹਾ ਕਿ ਪਿਛਲੇ ਸਾਲ ਮਾਰਚ ਵਿਚ ਐੱਨ ਪੀ ਏ 0.50 ਫੀਸਦੀ ਸੀ, ਪਰ ਰਿਜ਼ਰਵ ਬੈਂਕ ਨੇ ਪਿਛਲੇ ਅੱਠ ਸਾਲਾਂ ਦੇ ਅੰਕੜੇ ਲਏ ਹਨ, ਜਿਸ ਕਰਕੇ ਘਚੋਲਾ ਪੈਦਾ ਹੋ ਗਿਆ ਹੈ। ਰੋਕਾਂ ਆਰਜ਼ੀ ਹਨ ਤੇ ਬੈਂਕ ਦਾ ਲਸੰਸ ਵੀ ਰੱਦ ਨਹੀਂ ਕੀਤਾ ਗਿਆ। ਬੈਂਕ ਨੇ ਕੋਈ ਬੇਨਾਮੀ ਲੋਨ ਨਹੀਂ ਦਿੱਤਾ ਤੇ ਇਸ ਦੀ 2200 ਕਰੋੜ ਦੀ ਸਕਿਓਰਿਟੀ ਹੈ। ਉਹ ਰਿਜ਼ਰਵ ਬੈਂਕ ਨਾਲ ਗੱਲ ਕਰ ਰਹੇ ਹਨ। ਬੇਂਗਲੁਰੂ ਸਾਊਥ ਦੇ ਭਾਜਪਾ ਸਾਂਸਦ ਤੇਜਸਵੀ ਸੂਰੀਆ ਨੇ ਇਸ ਬਾਰੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਗੱਲ ਕੀਤੀ ਹੈ। ਮੰਤਰੀ ਨੇ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਬੈਂਕ ਦੇ 350 ਕਰੋੜ ਦੇ ਲੋਨ ਪਿਛਲੇ ਤਿੰਨ ਮਹੀਨਿਆਂ ਵਿਚ ਡੁੱਬਣ ਕਾਰਨ ਰਿਜ਼ਰਵ ਬੈਂਕ ਨੇ ਰੋਕਾਂ ਲਾਈਆਂ ਹਨ।

216 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper