Latest News
ਪਿੱਠ 'ਚ ਛੁਰਾ ਮਾਰਨ ਵਾਲਿਆਂ ਨੂੰ 'ਟਕਸਾਲੀ' ਨਹੀਂ ਕਿਹਾ ਜਾ ਸਕਦਾ : ਸੁਖਬੀਰ

Published on 14 Jan, 2020 10:33 AM.


ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ, ਪਰਮਜੀਤ ਸਿੰਘ, ਕੁਲਭੂਸ਼ਨ ਚਾਵਲਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਂਸਦ ਸੁਖਦੇਵ ਸਿੰਘ ਢੀਂਡਸਾ ਵਰਗਿਆਂ ਨੂੰ, ਜਿਹੜੇ ਇੰਨਾ ਮਾਣ-ਸਨਮਾਨ ਦਿਵਾਉਣ ਵਾਲੀ ਆਪਣੀ ਮਾਂ-ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰ ਰਹੇ ਹਨ, ਨੂੰ ਕਦੇ ਵੀ ਟਕਸਾਲੀ ਨਹੀਂ ਸੱਦਿਆ ਜਾ ਸਕਦਾ, ਕਿਉਂਕਿ ਉਹ ਪੰਥ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇੱਥੇ 'ਕੌਮ' ਲਈ ਆਪਾ ਵਾਰਨ ਵਾਲੇ 40 ਮੁਕਤਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਹੇਠ ਮਲੋਟ ਰੋਡ ਸਥਿਤ ਪੈਲੇਸ 'ਚ ਆਯੋਜਿਤ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਟਕਸਾਲੀ ਉਹ ਹੁੰਦਾ ਹੈ, ਜਿਹੜਾ ਪਾਰਟੀ ਪ੍ਰਤੀ ਵਫਾਦਾਰ ਹੁੰਦਾ ਹੈ ਅਤੇ ਕਦੇ ਵੀ ਪਾਰਟੀ ਦੀ ਅਵੱਗਿਆ ਨਹੀਂ ਕਰਦਾ। ਸੁਖਦੇਵ ਸਿੰਘ ਢੀਂਡਸਾ ਪਿਛਲੇ 35 ਸਾਲਾਂ ਵਿੱਚ ਸਿਰਫ ਇੱਕ ਚੋਣ ਜਿੱਤੇ ਸਨ, ਪਰ ਇਸ ਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਸਟੇਟ ਬੋਰਡ ਦਾ ਚੇਅਰਮੈਨ ਬਣਾ ਕੇ ਜਾਂ ਰਾਜ ਸਭਾ ਮੈਂਬਰ ਬਣਾ ਕੇ ਪੂਰਾ ਮਾਣ-ਸਨਮਾਨ ਦਿੱਤਾ ਸੀ। ਉਸ ਸਮੇਂ ਢੀਂਡਸੇ ਨੂੰ ਅਕਾਲੀ ਦਲ ਅਤੇ ਸਰਦਾਰ ਬਾਦਲ ਮਾੜੇ ਨਹੀਂ ਸਨ ਲੱਗਦੇ। ਉਨ੍ਹਾਂ ਨੇ ਕਿਹਾ ਕਿ ਸੁਖਦੇਵ ਢੀਂਡਸਾ ਮੇਰੇ ਪਿਓ ਸਮਾਨ ਹਨ। ਸਿੱਖ ਸੰਸਥਾਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਬਾਰੇ ਬੋਲਦਿਆਂ ਕਿਹਾ ਕਿ ਸਾਡੇ ਵਿਰੋਧੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਨੂੰ ਮੁਕਤ ਕਰਵਾਉਣ ਦੀਆਂ ਗੱਲਾਂ ਕਰ ਰਹੇ ਹਨ। ਪੰਜਾਬ ਦੇ ਭਖ਼ਦੇ ਮਸਲਿਆਂ ਬਾਰੇ ਕਿਹਾ ਕਿ ਬਿਜਲੀ ਦਰਾਂ 'ਚ ਅਸਹਿ ਵਾਧਾ ਕਰ ਕੇ ਲੋਕਾਂ ਉਤੇ ਬੋਝ ਪਾ ਦਿੱਤਾ ਗਿਆ ਹੈ, ਜਿਸ ਨੇ ਸਮਾਜ ਦੇ ਹਰ ਵਿਅਕਤੀ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਸੂਬੇ ਅੰਦਰ ਉਦਯੋਗ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਰਾਹਤ ਦੇਣ ਦੀ ਬਜਾਇ ਕਾਂਗਰਸ ਸਰਕਾਰ ਨੇ ਉਹਨਾਂ ਉੱਤੇ 22 ਹਜ਼ਾਰ ਕਰੋੜ ਰੁਪਏ ਦਾ ਬੋਝ ਪਾ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਦੋਸ਼ ਲਾਇਆ ਕਿ ਸਰਕਾਰ ਨੇ ਇਸ਼ਤਿਹਾਰਾਂ ਰਾਹੀਂ 10 ਲੱਖ ਨੌਕਰੀਆਂ ਪੈਦਾ ਕਰਨ ਦਾ ਝੂਠਾ ਦਾਅਵਾ ਕੀਤਾ ਹੈ। ਸੂਬੇ ਅੰਦਰ ਕੋਈ ਵਿਕਾਸ ਕਾਰਜ ਨਹੀਂ ਹੋ ਰਿਹਾ ਹੈ। ਸਾਂਸਦ ਅਤੇ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਅਤੇ ਪੰਜਾਬੀਆਂ ਦੇ ਵਿਕਾਸ ਵਿਚ ਪਾਇਆ ਯੋਗਦਾਨ ਬੇਮਿਸਾਲ ਹੈ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰਾਂ ਪਿੰਡਾਂ ਦੀਆਂ ਸਰਕਾਰਾਂ ਵਜੋਂ ਜਾਣੀਆਂ ਜਾਂਦੀਆਂ ਹਨ, ਕਿਉਂਕਿ ਉਹਨਾਂ ਨੇ ਹਮੇਸ਼ਾਂ ਸਭ ਤੋਂ ਵੱਧ ਪੇਂਡੂ ਇਲਾਕਿਆਂ ਦਾ ਵਿਕਾਸ ਕੀਤਾ ਹੈ। ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਸਾਰੀਆਂ ਸਮਾਜ ਭਲਾਈ ਸਕੀਮਾਂ ਆਟਾ- ਦਾਲ ਸਕੀਮ, ਸ਼ਗਨ ਸਕੀਮ ਅਤੇ ਬੁਢਾਪਾ ਪੈਨਸ਼ਨ ਸਕੀਮ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਨ। ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਗੱਲ ਦੀ ਜਾਂਚ ਕਰਵਾਉਣ ਕਿ ਇੱਕ ਪਾਕਿਸਤਾਨੀ ਨਾਗਰਿਕ ਕਿਉਂ ਸੂਬੇ ਦੇ ਸਾਰੇ ਸਿਆਸੀ ਫੈਸਲੇ ਲੈ ਰਹੀ ਹੈ? ਉਹਨਾਂ ਕਿਹਾ ਕਿ ਸਾਂਸਦ ਨੇ ਪ੍ਰਨੀਤ ਕੌਰ ਨੇ ਵੀ ਇਸ ਸੰਬੰਧੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੋਲ ਸ਼ਿਕਾਇਤ ਕੀਤੀ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਕੰਦਰ ਸਿੰਘ ਮਲੂਕਾ, ਪ੍ਰੋਫੈਸਰ ਰਜਿੰਦਰ ਭੰਡਾਰੀ, ਕੰਵਰਦੀਪ ਬਰਕੰਦੀ, ਪਰਮਬੰਸ ਸਿੰਘ ਰੋਮਾਣਾ, ਮਨਤਾਰ ਸਿੰਘ ਬਰਾੜ, ਹਰਪ੍ਰੀਤ ਸਿੰਘ ਕੋਟਭਾਈ, ਦਿਆਲ ਸਿੰਘ ਕੋਲਿਆਂਵਾਲੀ, ਗੁਰਤੇਜ ਸਿੰਘ ਘੁੜਿਆਣਾ, ਤਜਿੰਦਰ ਸਿੰਘ ਮਿੱਡੂਖੇੜਾ, ਤਰਸੇਮ ਗੋਇਲ ਬੀ ਜੇ ਪੀ, ਰਾਜੇਸ਼ ਗੋਰਾ ਪਠੇਲਾ, ਸਰੂਪ ਸਿੰਘ ਨੰਦਗੜ੍ਹ, ਨਵਤੇਜ ਸਿੰਘ ਕੌਣੀ, ਹੀਰਾ ਸਿੰਘ ਚੜ੍ਹੇਵਾਨ, ਚਰਨਜੀਤ ਸਿੰਘ ਫਕਰਸਰ, ਪੱਪੀ ਤਰਮਾਲਾ, ਨਗਰ ਕੌਂਸਲ ਪ੍ਰਧਾਨ ਹਰਪਾਲ ਸਿੰਘ ਬੇਦੀ, ਸੰਜੀਵ ਕੁਮਾਰ ਕਾਲਾ ਧੂੜੀਆ, ਕੁਲਵੰਤ ਸਿੰਘ ਕਾਲਾ, ਮਿੱਤ ਸਿੰਘ ਬਰਾੜ ਅਤੇ ਵਰਦੇਵ ਮਾਨ ਵੀ ਹਾਜ਼ਿਰ ਸਨ।

250 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper