Latest News
ਗਲਤ ਨੂੰ ਗਲਤ ਹੀ ਕਹਾਂਗਾ : ਮਹਾਤੀਰ

Published on 14 Jan, 2020 10:35 AM.


ਕੁਆਲਾਲੰਪੁਰ : ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤੀਰ ਮੁਹੰਮਦ ਨੇ ਮੰਗਲਵਾਰ ਕਿਹਾ ਕਿ ਉਨ੍ਹਾ ਦਾ ਦੇਸ਼ ਭਾਰਤ ਵੱਲੋਂ ਉਸ ਤੋਂ ਪਾਮ ਆਇਲ ਲੈਣ 'ਤੇ ਲਾਈਆਂ ਨਵੀਂਆਂ ਰੋਕਾਂ ਕਾਰਨ ਚਿੰਤਤ ਹੈ, ਪਰ ਉਹ ਗਲਤ ਨੂੰ ਗਲਤ ਕਹਿਣਾ ਜਾਰੀ ਰੱਖਣਗੇ, ਭਾਵੇਂ ਉਨ੍ਹਾ ਦੇ ਦੇਸ਼ ਨੂੰ ਉਸ ਦੀ ਮਾਲੀ ਕੀਮਤ ਚੁਕਾਉਣੀ ਪਵੇ।
ਖਾਣ ਵਾਲੇ ਤੇਲਾਂ ਦੇ ਦੁਨੀਆ ਦੇ ਸਭ ਤੋਂ ਵੱਡੇ ਖਰੀਦਦਾਰ ਭਾਰਤ ਨੇ ਪਿਛਲੇ ਹਫਤੇ ਨਿਯਮਾਂ ਵਿਚ ਬਦਲਾਅ ਕਰਦਿਆਂ ਵਪਾਰੀਆਂ ਨੂੰ ਮਲੇਸ਼ੀਆ ਤੋਂ ਰਿਫਾਈਂਡ ਪਾਮ ਆਇਲ ਬਰਾਮਦ ਕਰਨ ਤੋਂ ਰੋਕ ਦਿੱਤਾ ਸੀ। ਮਲੇਸ਼ੀਆ ਇੰਡੋਨੇਸ਼ੀਆ ਤੋਂ ਬਾਅਦ ਪਾਮ ਆਇਲ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਤੇ ਨਿਰਯਾਤਕ ਹੈ। ਭਾਰਤ ਨੇ ਇਹ ਫੈਸਲਾ ਮਹਾਤੀਰ ਵੱਲੋਂ ਸੀ ਏ ਏ 'ਤੇ ਇਤਰਾਜ਼ ਕਰਨ 'ਤੇ ਕੀਤਾ ਸੀ। 94 ਸਾਲਾ ਮਹਾਤੀਰ, ਜਿਨ੍ਹਾ ਦੇ ਬੇਬਾਕ ਅੰਦਾਜ਼ ਕਰਕੇ ਹਾਲ ਹੀ ਵਿਚ ਮਲੇਸ਼ੀਆ ਦੇ ਭਾਰਤ ਤੇ ਸਾਊਦੀ ਅਰਬ ਨਾਲ ਸੰਬੰਧ ਖੱਟੇ ਹੋਏ ਹਨ, ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਤੋਂ ਬਾਅਦ ਕਿਹਾ ਸੀ ਕਿ ਉਸ ਨੇ ਕਸ਼ਮੀਰ ਦੇ ਮੁਸਲਿਮ ਬਹੁਗਿਣਤੀ ਵਾਲੇ ਖਿੱਤੇ 'ਤੇ ਹਮਲਾ ਕੀਤਾ ਹੈ।
ਮਲੇਸ਼ੀਆ ਦੀ ਪਾਮ ਰਿਫਾਈਨ ਇੰਡਸਟਰੀ ਨੂੰ ਭਾਰੀ ਘਾਟਾ ਪੈਣ ਦੇ ਖਤਰੇ ਦੇ ਦਰਮਿਆਨ ਮਹਾਤੀਰ ਨੇ ਕਿਹਾ ਕਿ ਉਨ੍ਹਾ ਦੀ ਸਰਕਾਰ ਇਸ ਦਾ ਹੱਲ ਲੱਭੇਗੀ। ਉਨ੍ਹਾ ਕਿਹਾ, 'ਅਸੀਂ ਇਸ ਕਰਕੇ ਚਿੰਤਤ ਹਾਂ ਕਿ ਅਸੀਂ ਭਾਰਤ ਨੂੰ ਕਾਫੀ ਪਾਮ ਆਇਲ ਵੇਚਦੇ ਹਾਂ, ਪਰ ਦੂਜੇ ਪਾਸੇ ਇਸ ਬਾਰੇ ਸਪੱਸ਼ਟ ਰਹਿਣ ਦੀ ਲੋੜ ਹੈ ਕਿ ਜੇ ਕਿਤੇ ਕੁਝ ਗਲਤ ਹੁੰਦਾ ਹੈ ਤਾਂ ਅਸੀਂ ਉਸ ਬਾਰੇ ਬੋਲੀਏ। ਜੇ ਅਸੀਂ ਸਿਰਫ ਪੈਸੇ ਬਾਰੇ ਸੋਚ ਕੇ ਗਲਤ ਗੱਲਾਂ ਹੁੰਦੇ ਰਹਿਣ ਦੇਵਾਂਗੇ ਤਾਂ ਮੈਂ ਸਮਝਦਾਂ ਕਿ ਸਾਡੇ ਵੱਲੋਂ ਤੇ ਹੋਰਨਾਂ ਵੱਲੋਂ ਕਾਫੀ ਕੁਝ ਗਲਤ ਕੀਤਾ ਜਾਵੇਗਾ।'

173 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper