Latest News
ਮਕਬੂਜ਼ਾ ਕਸ਼ਮੀਰ 'ਚ ਰਾਇਸ਼ੁਮਾਰੀ ਲਈ ਤਿਆਰ ਹਾਂ : ਇਮਰਾਨ

Published on 17 Jan, 2020 11:17 AM.


ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੁਹਰਾਇਆ ਹੈ ਕਿ ਉਨ੍ਹਾ ਦਾ ਦੇਸ਼ ਮਕਬੂਜ਼ਾ ਕਸ਼ਮੀਰ ਵਿਚ ਇਸ ਸਵਾਲ 'ਤੇ ਰਾਇਸ਼ੁਮਾਰੀ ਕਰਾਉਣ ਲਈ ਤਿਆਰ ਹੈ ਕਿ ਉਥੋਂ ਦੇ ਲੋਕ ਪਾਕਿਸਤਾਨ ਨਾਲ ਰਹਿਣਾ ਚਾਹੁੰਦੇ ਹਨ ਜਾਂ ਆਜ਼ਾਦ ਹੋਣਾ ਚਾਹੁੰਦੇ ਹਨ। 'ਡਿਊਸ਼ ਵੈਲੇ' ਅਖਬਾਰ ਦੇ ਐਡੀਟਰ-ਇਨ-ਚੀਫ ਈਨੇਸ ਪੋਲ ਨੂੰ ਦਿੱਤੀ ਇੰਟਰਵਿਊ ਵਿਚ ਇਮਰਾਨ ਨੇ ਇਹ ਗੱਲ ਕਹੀ। ਮਕਬੂਜ਼ਾ ਕਸ਼ਮੀਰ ਵਿਚ ਮਨੁੱਖੀ ਹੱਕਾਂ ਦੀ ਸਥਿਤੀ ਬਾਰੇ ਪੁੱਛਣ 'ਤੇ ਉਨ੍ਹਾ ਕਿਹਾ, 'ਦੁਨੀਆ ਦਾ ਕੋਈ ਵੀ ਬੰਦਾ ਉਥੇ ਆ ਕੇ ਖੁਦ ਦੇਖ ਸਕਦਾ ਹੈ। ਅਸੀਂ ਸਭ ਨੂੰ ਸੱਦਾ ਦਿੰਦੇ ਹਾਂ ਕਿ ਉਹ ਪਾਕਿਸਤਾਨ ਵਾਲੇ ਪਾਸੇ ਦੇ ਕਸ਼ਮੀਰ ਦਾ ਦੌਰਾ ਕਰਨ ਤੇ ਫਿਰ ਭਾਰਤ ਵਾਲੇ ਪਾਸੇ ਦੇ ਕਸ਼ਮੀਰ ਵਿਚ ਜਾ ਕੇ ਫਰਕ ਦੇਖ ਲੈਣ। ਉਨ੍ਹਾਂ ਨੂੰ ਭਾਰਤ ਵਾਲੇ ਪਾਸੇ ਦੇ ਕਸ਼ਮੀਰ ਵਿਚ ਨਹੀਂ ਜਾਣ ਦਿੱਤਾ ਜਾਵੇਗਾ।' ਭਾਰਤ ਨਾਲ ਸੰਬੰਧਾਂ ਬਾਰੇ ਉਨ੍ਹਾ ਦਾਅਵਾ ਕੀਤਾ ਕਿ ਉਨ੍ਹਾ ਮੋਦੀ ਸਰਕਾਰ ਨਾਲ ਗੱਲ ਕਰਨ ਦੀ 'ਹਰ ਕੋਸ਼ਿਸ਼' ਕੀਤੀ, ਪਰ ਆਰ ਐੱਸ ਅੱੈਸ ਦੀ ਵਿਚਾਰਧਾਰਾ ਕਾਰਨ ਭਾਰਤ ਨੇ ਹੁੰਗਾਰਾ ਨਹੀਂ ਭਰਿਆ। ਉਨ੍ਹਾ ਇਹ ਵੀ ਕਿਹਾ ਕਿ ਉਹ ਪਹਿਲੇ ਆਗੂ ਹਨ, ਜਿਨ੍ਹਾ ਦੁਨੀਆ ਵਿਚ ਭਾਰਤ ਵਿਚ ਵਾਪਰ ਰਹੀਆਂ ਘਟਨਾਵਾਂ ਬਾਰੇ ਖਬਰਦਾਰ ਕੀਤਾ। ਉਨ੍ਹਾ ਕਿਹਾ, 'ਭਾਰਤ 'ਤੇ ਹਿੰਦੂਤਵ ਦੀ ਨਸਲੀ ਅੱਤਵਾਦੀ ਵਿਚਾਰਧਾਰਾ ਕਾਬਜ਼ ਹੋ ਗਈ ਹੈ। ਇਹ ਵਿਚਾਰਧਾਰਾ 1925 ਵਿਚ ਪੈਦਾ ਹੋਈ ਆਰ ਐੱਸ ਐੱਸ ਦੀ ਹੈ। ਆਰ ਐੱਸ ਐੱਸ ਨੇ ਜਰਮਨੀ ਦੀ ਨਾਜ਼ੀ ਪਾਰਟੀ ਤੋਂ ਪ੍ਰੇਰਨਾ ਲਈ। ਆਰ ਐੱਸ ਅੱੈਸ ਦੇ ਬਾਨੀ ਨਸਲੀ ਬਰਤਰੀ ਵਾਲੀ ਨਾਜ਼ੀ ਵਿਚਾਰਧਾਰਾ ਵਿਚ ਵਿਸ਼ਵਾਸ ਰਖਦੇ ਸਨ। ਜਿਵੇਂ ਨਾਜ਼ੀ ਵਿਚਾਰਧਾਰਾ ਘੱਟ ਗਿਣਤੀਆਂ ਪ੍ਰਤੀ ਨਫਰਤ ਤੋਂ ਬਣੀ, ਉਸੇ ਤਰ੍ਹਾਂ ਆਰ ਐੱਸ ਐੱਸ ਦੀ ਵਿਚਾਰਧਾਰਾ ਮੁਸਲਮਾਨਾਂ, ਈਸਾਈਆਂ ਤੇ ਹੋਰਨਾਂ ਘੱਟ ਗਿਣਤੀਆਂ ਨਾਲ ਨਫਰਤ 'ਤੇ ਅਧਾਰਤ ਹੈ।' ਉਨ੍ਹਾ ਕਿਹਾ, 'ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੈਂ ਭਾਰਤੀ ਸਰਕਾਰ ਨਾਲ ਗੱਲ ਕਰਨ ਦੀ ਹਰ ਕੋਸ਼ਿਸ਼ ਕੀਤੀ, ਪਰ ਛੇਤੀ ਬਾਅਦ ਪਤਾ ਲੱਗਿਆ ਕਿ ਆਰ ਐੱਸ ਅੱੈਸ ਦੀ ਵਿਚਾਰਧਾਰਾ ਕਾਰਨ ਭਾਰਤ ਹੁੰਗਾਰਾ ਨਹੀਂ ਭਰ ਰਿਹਾ। ਪੰਜ ਅਗਸਤ ਨੂੰ ਕਸ਼ਮੀਰ ਨੂੰ ਇਕਤਰਫਾ ਤੌਰ 'ਤੇ ਹਥਿਆਉਣਾ ਇਸ ਦਾ ਸਬੂਤ ਹੈ।'

125 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper