Latest News
ਮੋਦੀ ਸਰਕਾਰ ਦਾ ਨਵਾਂ ਫੁਰਨਾ

Published on 20 Jan, 2020 11:08 AM.

ਸਮਾਜ ਨੂੰ ਪਾੜਨ ਦੇ ਮੋਦੀ ਸਰਕਾਰ ਨਿੱਤ ਨਵੇਂ ਆਈਡੀਏ ਲੱਭਦੀ ਰਹਿੰਦੀ ਹੈ। ਤਾਜ਼ਾ ਆਈਡੀਆ ਜਵਾਹਰ ਨਵੋਦਿਆ ਸਕੂਲਾਂ ਵਾਂਗ ਦਲਿਤ ਬੱਚਿਆਂ ਲਈ ਦਲਿਤ ਬਹੁਗਿਣਤੀ ਵਾਲੇ ਜ਼ਿਲ੍ਹਿਆਂ ਵਿਚ 150 ਅੰਬੇਡਕਰ ਨਵੋਦਿਆ ਵਿਦਿਆਲੇ ਖੋਲ੍ਹਣ ਦਾ ਹੈ। ਜਵਾਹਰ ਨਵੋਦਿਆ ਵਿਦਿਆਲਿਆਂ ਵਿਚ ਬਿਨਾਂ ਕਿਸੇ ਜਾਤੀ ਵਖਰੇਵੇਂ ਦੇ ਗਰੀਬ ਪਰਵਾਰਾਂ ਦੇ ਹੋਣਹਾਰ ਬੱਚੇ ਪੜ੍ਹਦੇ ਹਨ, ਜਦਕਿ ਅੰਬੇਡਕਰ ਨਵੋਦਿਆ ਵਿਦਿਆਲਿਆਂ ਵਿਚ ਛੇਵੀਂ ਤੋਂ ਬਾਰ੍ਹਵੀਂ ਤੱਕ ਸਿਰਫ ਦਲਿਤਾਂ ਦੇ ਬੱਚਿਆਂ ਨੂੰ ਟੈੱਸਟ ਲੈ ਕੇ ਦਾਖਲ ਕੀਤਾ ਜਾਵੇਗਾ। ਇਸ ਬਾਰੇ ਤਜਵੀਜ਼ 'ਤੇ ਸਮਾਜੀ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ ਵਿਚਾਰ ਕਰ ਰਿਹਾ ਹੈ ਤੇ ਆਉਂਦੇ ਆਮ ਬੱਜਟ ਵਿਚ ਇਸ ਦਾ ਜ਼ਿਕਰ ਹੋ ਸਕਦਾ ਹੈ।
ਦਲਿਤ ਚਿੰਤਕ ਇਸ ਤਜਵੀਜ਼ ਨਾਲ ਸਹਿਮਤ ਨਹੀਂ ਜਾਪਦੇ। ਆਲ ਇੰਡੀਆ ਅੰਬੇਡਕਰ ਮਹਾਂਸਭਾ ਦੇ ਪ੍ਰਧਾਨ ਅਸ਼ੋਕ ਭਾਰਤੀ ਨੇ ਦਲਿਤਾਂ ਲਈ ਵਿਸ਼ੇਸ਼ ਸਕੂਲਾਂ ਦੇ ਆਈਡੀਏ ਨੂੰ ਇਹ ਕਹਿੰਦਿਆਂ ਰੱਦ ਕੀਤਾ ਹੈ ਕਿ ਇਸ ਨਾਲ ਨਾਬਰਾਬਰੀ ਹੀ ਵਧੇਗੀ। ਉਨ੍ਹਾ ਅਮਰੀਕਾ ਦੀ ਮਿਸਾਲ ਦਿੰਦਿਆਂ ਕਿਹਾ ਹੈ ਕਿ ਉਥੇ ਅਫਰੀਕੀ ਅਮਰੀਕੀਆਂ ਤੇ ਗੋਰਿਆਂ ਦੇ ਬੱਚਿਆਂ ਲਈ ਬਰਾਬਰ ਸਹੂਲਤਾਂ ਵਾਲੇ ਵੱਖਰੇ ਸਕੂਲ ਖੋਲ੍ਹੇ ਗਏ ਸਨ। ਇਸ ਨੂੰ ਨਸਲੀ ਵਿਤਕਰੇ ਵਾਲੀ ਨੀਤੀ ਦੱਸਦਿਆਂ ਚੈਲੰਜ ਕੀਤਾ ਗਿਆ। ਅਮਰੀਕੀ ਸੁਪਰੀਮ ਕੋਰਟ ਨੇ 1896 ਵਿਚ ਨੀਤੀ ਨੂੰ ਸਹੀ ਠਹਿਰਾਇਆ, ਪਰ 1954 ਵਿਚ ਆਪਣੇ ਫੈਸਲੇ ਨੂੰ ਇਹ ਕਹਿ ਕੇ ਬਦਲ ਦਿੱਤਾ ਕਿ ਇਸ ਨੀਤੀ ਦੀ ਬੁਨਿਆਦ ਹੀ ਨਾਬਰਾਬਰੀ ਵਾਲੀ ਹੈ। ਭਾਰਤੀ ਮੁਤਾਬਕ ਦਲਿਤਾਂ ਲਈ ਵੱਖਰੇ ਸਕੂਲ ਖੋਲ੍ਹ ਕੇ ਸਰਕਾਰ ਜਾਤ ਪ੍ਰਥਾ ਨੂੰ ਹੀ ਪੱਕਿਆਂ ਕਰੇਗੀ। ਅੰਬੇਡਕਰਵਾਦੀ ਸਕਾਲਰ ਤੇ ਦਿੱਲੀ ਯੂਨੀਵਰਸਿਟੀ ਵਿਚ ਪੁਲੀਟੀਕਲ ਸਾਇੰਸ ਦੇ ਪ੍ਰੋਫੈਸਰ ਐੱਨ ਸੁਕੁਮਾਰ ਨੇ ਸਿਧਾਂਤਕ ਤੌਰ 'ਤੇ ਇਸ ਆਈਡੀਏ ਦੀ ਹਮਾਇਤ ਕੀਤੀ ਹੈ, ਪਰ ਨਾਲ ਹੀ ਕਿਹਾ ਹੈ ਕਿ ਇਹ ਸਕੀਮ ਨਿਸਚਿਤ ਸ਼ਰਤਾਂ ਪੂਰੀਆਂ ਕਰਕੇ ਹੀ ਸਫਲ ਹੋ ਸਕਦੀ ਹੈ। ਉਨ੍ਹਾ ਤੇਲੰਗਾਨਾ ਦੀ ਮਿਸਾਲ ਦਿੱਤੀ ਹੈ, ਜਿਥੇ ਸਰਕਾਰ ਨੇ ਦਲਿਤ ਤੇ ਕਬਾਇਲੀ ਬੱਚਿਆਂ ਨੂੰ ਅਕਾਦਮਿਕ ਗਿਆਨ ਦੇਣ ਦੇ ਨਾਲ-ਨਾਲ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦੇਣ ਲਈ ਸਪੈਸ਼ਲ ਸਕੂਲ ਖੋਲ੍ਹੇ। ਇਹ ਮਾਡਲ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ। ਜੇ ਪ੍ਰਸਤਾਵਤ ਅੰਬੇਡਕਰ ਨਵੋਦਿਆ ਵਿਦਿਆਲੇ ਹੋਰਨਾਂ ਆਮ ਸਕੂਲਾਂ ਵਰਗੇ ਹੋਣਗੇ ਤਾਂ ਕੋਈ ਮਕਸਦ ਪੂਰਾ ਨਹੀਂ ਕਰਨਗੇ। ਜੇ ਇਥੇ ਕੌਸ਼ਲ ਸਿਖਾਏ ਜਾਣਗੇ ਤਾਂ ਦਲਿਤ ਬੱਚਿਆਂ ਨੂੰ ਫਾਇਦਾ ਹੋ ਸਕਦਾ ਹੈ।
ਦਲਿਤ ਬੱਚਿਆਂ ਨੂੰ ਵਜ਼ੀਫੇ ਤੇ ਹੋਰ ਮਾਲੀ ਮਦਦ ਨਾਲ ਪੜ੍ਹਾਈ ਪੂਰੀ ਕਰਨ ਵਿਚ ਮਦਦ ਕੀਤੀ ਜਾ ਸਕਦੀ ਹੈ, ਪਰ ਉਨ੍ਹਾਂ ਨੂੰ ਨਿਖੇੜ ਕੇ ਪੜ੍ਹਾਉਣਾ ਇਕ ਤਰ੍ਹਾਂ ਸਮਾਜ ਤੋਂ ਦੂਰ ਕਰਨ ਵਾਲੀ ਗੱਲ ਹੋਵੇਗੀ। ਸਰਕਾਰ ਦੀ ਇਹ ਸਕੀਮ ਦਲਿਤ ਬੱਚਿਆਂ ਅੰਦਰ ਇਹ ਭਾਵਨਾ ਪੈਦਾ ਕਰੇਗੀ ਕਿ ਉਹ ਦੂਜੀਆਂ ਜਾਤਾਂ ਦੇ ਬੱਚਿਆਂ ਨਾਲੋਂ ਵੱਖਰੇ ਹਨ।
ਸਰਕਾਰ ਦੀ ਇਹ ਸਕੀਮ ਅਸਲ ਵਿੱਚ ਭਾਜਪਾ ਦੀ ਮੰਨੂਵਾਦੀ ਸੋਚ ਦਾ ਪ੍ਰਗਟਾਵਾ ਹੈ, ਜਿਹੜੀ ਜਾਤੀਵਾਦੀ ਪ੍ਰਥਾ ਨੂੰ ਜਿਉਂਦਾ ਰੱਖਣਾ ਚਾਹੁੰਦੀ ਹੈ। ਇਸ ਲਈ ਇਸ ਸਕੀਮ ਦਾ ਹਰ ਤਬਕੇ ਨੂੰ ਵਿਰੋਧ ਕਰਨਾ ਚਾਹੀਦਾ ਹੈ।

906 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper