Latest News
ਅਕਾਲੀ ਸਿਆਸਤ ਅੱਧੋਗਤੀ ਵੱਲ

Published on 21 Jan, 2020 11:45 AM.


ਸ਼੍ਰੋਮਣੀ ਅਕਾਲੀ ਦਲ (ਬਾਦਲ) ਇਸ ਸਮੇਂ ਆਪਣੇ ਸਭ ਤੋਂ ਬੁਰੇ ਦੌਰ ਵਿੱਚੋਂ ਲੰਘ ਰਿਹਾ ਹੈ। ਇਸ ਦੇ ਪਹਿਲੀ ਕਤਾਰ ਦੇ ਆਗੂਆਂ ਵਿੱਚ ਹੋ ਰਹੀ ਟੁੱਟ-ਭੱਜ ਤੋਂ ਇਲਾਵਾ ਇਸ ਦੀ ਸਭ ਤੋਂ ਪੁਰਾਣੀ ਭਾਈਵਾਲ ਪਾਰਟੀ ਭਾਜਪਾ ਨੇ ਵੀ ਇਸ ਨਾਲੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਤੇ ਹੁਣ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਇੱਕ ਵੀ ਸੀਟ ਦੇਣ ਤੋਂ ਇਨਕਾਰ ਕਰਕੇ ਭਾਜਪਾ ਨੇ ਅਕਾਲੀ ਆਗੂਆਂ ਨੂੰ ਦੱਸ ਦਿੱਤਾ ਹੈ ਕਿ ਹੁਣ ਉਸ ਨੂੰ ਉਨ੍ਹਾਂ ਦੀ ਕੋਈ ਲੋੜ ਨਹੀਂ ਰਹੀ।
ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਨਿਘਾਰ ਦਾ ਮੁੱਢ ਉਦੋਂ ਹੀ ਬੱਝ ਗਿਆ ਸੀ, ਜਦੋਂ ਇਸ ਦੀ ਚੋਟੀ ਦੀ ਲੀਡਰਸ਼ਿਪ ਨੇ ਅਕਾਲ ਤਖਤ ਉੱਤੇ ਦਬਾਅ ਪਾ ਕੇ ਸਿਰਸੇ ਵਾਲੇ ਡੇਰੇਦਾਰ ਨੂੰ ਮੁਆਫ਼ੀ ਦਿਵਾਈ ਸੀ। ਰਹਿੰਦੀ ਕਸਰ ਅਕਾਲੀ ਰਾਜ ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਬਰਗਾੜੀ ਗੋਲੀ ਕਾਂਡ ਨੇ ਪੂਰੀ ਕਰ ਦਿੱਤੀ ਸੀ। ਇਸੇ ਦਾ ਸਿੱਟਾ ਸੀ ਕਿ 10 ਸਾਲ ਰਾਜ ਕਰਨ ਵਾਲੀ ਪਾਰਟੀ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਦਾ ਰੁਤਬਾ ਵੀ ਹਾਸਲ ਨਾ ਕਰ ਸਕੀ ਤੇ ਨਵੀਂ ਬਣੀ ਆਮ ਆਦਮੀ ਪਾਰਟੀ ਤੋਂ ਵੀ ਹੇਠਾਂ ਤੀਜੇ ਥਾਂ ਲੁੜ੍ਹਕ ਗਈ।
ਇਸ ਤੋਂ ਬਾਅਦ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁੱਧ ਬਗਾਵਤ ਦੀਆਂ ਸੁਰਾਂ ਉਠਣੀਆਂ ਸ਼ੁਰੂ ਹੋ ਗਈਆਂ। ਸਭ ਤੋਂ ਪਹਿਲਾਂ ਮਾਝੇ ਦੇ ਪਹਿਲੀ ਕਤਾਰ ਦੇ ਅਕਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਰਤਨ ਸਿੰਘ ਅਜਨਾਲਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਅਲਵਿਦਾ ਕਹਿ ਕੇ ਵੱਖਰੀ ਅਕਾਲੀ ਦਲ (ਟਕਸਾਲੀ) ਨਾਂਅ ਦੀ ਪਾਰਟੀ ਖੜ੍ਹੀ ਕਰ ਲਈ। ਇਸੇ ਦਾ ਨਤੀਜਾ ਸੀ ਕਿ ਸਾਰੇ ਦੇਸ਼ ਵਿੱਚ ਚੱਲੀ ਮੋਦੀ ਲਹਿਰ ਦੇ ਬਾਵਜੂਦ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਲੋਕ ਸਭਾ ਦੀਆਂ ਸਿਰਫ਼ ਦੋ ਸੀਟਾਂ ਬਠਿੰਡਾ ਤੇ ਫਿਰੋਜ਼ਪੁਰ ਵਾਲੀਆਂ ਹੀ ਜਿੱਤ ਸਕਿਆ। ਇਸ ਤੋਂ ਬਾਅਦ ਹੀ ਪੰਜਾਬ ਭਾਜਪਾ ਅੰਦਰ ਇਹ ਸੁਰਾਂ ਉਠਣੀਆਂ ਸ਼ੁਰੂ ਹੋ ਗਈਆਂ ਕਿ ਪੰਜਾਬ ਵਿੱਚ ਭਾਜਪਾ ਨੂੰ ਇਕੱਲਿਆਂ ਚੋਣਾਂ ਲੜਨੀਆਂ ਚਾਹੀਦੀਆਂ ਹਨ। ਪੰਜਾਬ ਵਿੱਚ ਚੱਲੀ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਸਮੇਂ ਅਕਾਲੀ ਇਸ ਗੱਲੋਂ ਔਖੇ ਦੇਖੇ ਗਏ, ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਭਾਜਪਾ ਨੇ ਪਿੰਡਾਂ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।
ਅਕਾਲੀ ਦਲ (ਬਾਦਲ) ਨੂੰ ਸਭ ਤੋਂ ਵੱਡਾ ਝਟਕਾ ਉਦੋਂ ਲੱਗਾ, ਜਦੋਂ ਇਸ ਦੇ ਸਭ ਤੋਂ ਪੁਰਾਣੇ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਵੱਖਰਾ ਰਾਹ ਫੜ ਲਿਆ। ਸੁਖਦੇਵ ਸਿੰਘ ਢੀਂਡਸਾ ਸਿਰਫ਼ ਮਾਲਵੇ ਵਿੱਚ ਵੱਡਾ ਅਧਾਰ ਰੱਖਣ ਵਾਲੇ ਆਗੂ ਹੀ ਨਹੀਂ, ਸਗੋਂ ਲੰਮਾ ਸਮਾਂ ਕੇਂਦਰ ਵਿੱਚ ਰਹਿੰਦਿਆਂ ਉਨ੍ਹਾ ਦੇ ਭਾਜਪਾ ਦੇ ਕੇਂਦਰੀ ਆਗੂਆਂ ਨਾਲ ਵੀ ਨਿੱਘੇ ਸੰਬੰਧ ਹਨ। ਕੁਝ ਸਿਆਸੀ ਵਿਸ਼ਲੇਸ਼ਣਕਾਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਜਿਸ ਸਰਗਰਮੀ ਨਾਲ ਅਕਾਲੀ ਸਫ਼ਾਂ ਅੰਦਰੋਂ ਸੁਖਬੀਰ ਸਿੰਘ ਬਾਦਲ ਨੂੰ ਢਾਅ ਲਾਉਣ ਲੱਗੇ ਹੋਏ ਹਨ, ਉਸ ਪਿੱਛੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦਾ ਵੀ ਹੱਥ ਹੈ। ਪਿਛਲੇ ਦਿਨੀਂ ਭਾਜਪਾ ਦੇ ਪੰਜਾਬ ਪ੍ਰਧਾਨ ਦੀ ਚੋਣ ਦੌਰਾਨ ਬੁਲਾਰਿਆਂ ਨੇ ਪੰਜਾਬ ਅੰਦਰ ਅਕਾਲੀ ਦਲ ਨਾਲੋਂ ਤੋੜ-ਵਿਛੋੜਾ ਕਰਨ ਦੀ ਖੁੱਲ੍ਹੇਆਮ ਪੈਰਵੀ ਕੀਤੀ ਸੀ। ਇਸ ਦੇ ਨਾਲ ਹੀ ਸੁਖਦੇਵ ਸਿੰਘ ਢੀਂਡਸਾ ਵੱਲੋਂ ਟਕਸਾਲੀਆਂ ਨੂੰ ਨਾਲ ਲੈ ਕੇ ਜਿਸ ਤਰ੍ਹਾਂ ਦਿੱਲੀ ਵਿੱਚ ਆਪਣੀ ਤਾਕਤ ਦਾ ਮੁਜ਼ਾਹਰਾ ਕੀਤਾ ਗਿਆ, ਉਹ ਸਪੱਸ਼ਟ ਤੌਰ ਉੱਤੇ ਭਾਜਪਾ ਨੂੰ ਇਹ ਯਕੀਨ ਦਿਵਾਉਣਾ ਹੀ ਸੀ ਕਿ ਦਿੱਲੀ ਦੇ ਸਿੱਖ ਹੁਣ ਉਨ੍ਹਾਂ ਨਾਲ ਹਨ। ਇਸ ਲਈ ਜਿਸ ਤਰ੍ਹਾਂ ਭਾਜਪਾ ਨੇ ਆਖਰੀ ਸਮੇਂ ਉੱਤੇ ਅਕਾਲੀ ਦਲ (ਬਾਦਲ) ਨੂੰ ਦਿੱਲੀ ਚੋਣਾਂ ਵਿੱਚ ਅੰਗੂਠਾ ਦਿਖਾ ਦਿੱਤਾ, ਇਸ ਨੇ ਅਕਾਲੀ ਆਗੂਆਂ ਨੂੰ ਪਾਣੀਓਂ ਪਤਲਾ ਕਰ ਦਿੱਤਾ ਹੈ। ਇਹ ਪਹਿਲੀ ਵਾਰ ਹੈ, ਜਦੋਂ ਅਕਾਲੀ ਦਲ ਬਾਦਲ ਦੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕੋਈ ਪੁੱਛ-ਪ੍ਰਤੀਤ ਨਹੀਂ ਰਹੀ।
ਹੁਣ ਭਾਵੇਂ ਮਨਜਿੰਦਰ ਸਿੰਘ ਸਿਰਸਾ ਕਹੀ ਜਾਵੇ ਤੇ ਭਾਵੇਂ ਪ੍ਰੇਮ ਸਿੰਘ ਚੰਦੂਮਾਜਰਾ ਕਿ ਭਾਜਪਾ ਆਗੂ ਸਾਨੂੰ ਸੀ ਏ ਏ 'ਤੇ ਆਪਣਾ ਸਟੈਂਡ ਬਦਲਣ ਲਈ ਕਹਿੰਦੇ ਸਨ, ਪਰ ਅਸੀਂ ਇਨਕਾਰ ਕਰ ਦਿੱਤਾ, ਇਹ ਨਿਰਾ ਝੂਠ ਹੈ। ਕੌਣ ਨਹੀਂ ਜਾਣਦਾ ਕਿ ਸੰਸਦ ਵਿੱਚ ਸੀ ਏ ਏ ਉੱਤੇ ਵੋਟਿੰਗ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਇਸ ਦੇ ਹੱਕ ਵਿੱਚ ਵੋਟ ਪਾਈ ਸੀ। ਇਸ ਲਈ ਅਖਬਾਰੀ ਬਿਆਨਾਂ ਰਾਹੀਂ ਸੀ ਏ ਏ ਦਾ ਵਿਰੋਧ ਕੋਈ ਮਾਅਨੇ ਨਹੀਂ ਰੱਖਦਾ। ਅਕਾਲੀ ਦਲ (ਬਾਦਲ) ਕੋਲ ਇਹ ਹਿੰਮਤ ਹੀ ਨਹੀਂ ਕਿ ਉਹ ਕੇਂਦਰ ਸਰਕਾਰ ਦਾ ਵਿਰੋਧ ਕਰ ਸਕੇ। ਜੇ ਅਕਾਲੀ ਦਲ (ਬਾਦਲ) ਸੱਚੇ ਅਰਥਾਂ ਵਿੱਚ ਸੀ ਏ ਏ ਦਾ ਵਿਰੋਧ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਮੰਡਲ ਵਿੱਚੋਂ ਬਾਹਰ ਸੱਦ ਲੈਣਾ ਚਾਹੀਦਾ ਹੈ। ਅਸਲ ਵਿੱਚ ਅਕਾਲੀ ਦਲ ਬਾਦਲ ਇਸ ਸਮੇਂ ਪਰਵਾਰਕ ਪਾਰਟੀ ਬਣ ਕੇ ਰਹਿ ਗਿਆ ਹੈ। ਉਸ ਦੀ ਥਾਂ ਉੱਤੇ ਪੈਦਾ ਹੋਏ ਖਲਾਅ ਨੂੰ ਕਿਹੜੀ ਪਾਰਟੀ ਜਾਂ ਗਠਜੋੜ ਭਰੇਗਾ, ਇਹ ਭਵਿੱਖ ਦੀ ਬੁੱਕਲ ਵਿੱਚ ਹੈ।

856 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper