Latest News
ਬੰਗਲਾਦੇਸ਼ ਦੀਆਂ ਚਿੰਤਾਵਾਂ ਵਾਜਿਬ

Published on 22 Jan, 2020 11:22 AM.


ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ 19 ਜਨਵਰੀ ਨੂੰ ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ ਤੇ ਕੌਮੀ ਨਾਗਰਿਕ ਰਜਿਸਟਰ ਬਾਰੇ ਆਪਣੀ ਪ੍ਰਤੀਕ੍ਰਿਆ ਪ੍ਰਗਟ ਕੀਤੀ ਸੀ। ਉਨ੍ਹਾ 'ਗਲਫ਼ ਨਿਊਜ਼' ਨਾਲ ਗੱਲ ਕਰਦਿਆਂ ਕਿਹਾ ਸੀ ਕਿ ਭਾਵੇਂ ਇਹ ਕਾਨੂੰਨ ਲਾਗੂ ਕਰਨਾ ਭਾਰਤ ਦਾ ਅੰਦਰੂਨੀ ਮਾਮਲਾ ਹੈ, ਪਰ ਇਨ੍ਹਾਂ ਦੀ ਲੋੜ ਨਹੀਂ ਸੀ। ਉਨ੍ਹਾ ਇਹ ਵੀ ਕਿਹਾ ਕਿ ਸਾਨੂੰ ਇਹ ਸਮਝ ਨਹੀਂ ਆ ਰਿਹਾ ਕਿ ਅਜਿਹਾ ਕਿਉਂ ਕੀਤਾ ਗਿਆ, ਇਸ ਦੀ ਜ਼ਰੂਰਤ ਨਹੀਂ ਸੀ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ ਕੇ ਅਬਦੁੱਲ ਮੈਨਨ ਨੇ ਵੀ ਅਜਿਹਾ ਹੀ ਬਿਆਨ ਦਿੱਤਾ ਸੀ, ਪਰ ਨਾਲ ਹੀ ਉਨ੍ਹਾ ਚਿੰਤਾ ਪ੍ਰਗਟ ਕੀਤੀ ਸੀ ਕਿ ਇਸ ਦਾ ਭਾਰਤ ਦੇ ਗੁਆਂਢੀਆਂ ਉੱਤੇ ਵੀ ਅਸਰ ਪੈ ਸਕਦਾ ਹੈ। ਭਾਵੇਂ ਦੋਹਾਂ ਹੀ ਆਗੂਆਂ ਨੇ ਆਪਣਾ ਪੱਖ ਪੇਸ਼ ਕਰਦਿਆਂ ਬੜੀ ਹੀ ਸਧੀ ਹੋਈ ਭਾਸ਼ਾ ਦੀ ਵਰਤੋਂ ਕੀਤੀ, ਪਰ ਉਨ੍ਹਾਂ ਦੀ ਪ੍ਰਤੀਕ੍ਰਿਆ ਵਿੱਚ ਇੱਕ ਡਰ ਛੁਪਿਆ ਹੋਇਆ ਹੈ। ਇਸ ਡਰ ਦਾ ਕਾਰਨ ਹੈ ਤੇ ਇਸ ਨੂੰ ਸਮਝਣ ਲਈ ਸਾਨੂੰ ਪਿੱਛੇ ਝਾਤ ਮਾਰਨੀ ਪਵੇਗੀ।
ਜਦੋਂ 1947 ਵਿੱਚ ਅਜ਼ਾਦੀ ਸਮੇਂ ਦੇਸ਼ ਦੀ ਵੰਡ ਹੋਈ ਤਾਂ ਸਾਡੇ ਦੋਵੀਂ ਪਾਸੇ ਦੋ ਪਾਕਿਸਤਾਨ ਬਣ ਗਏ। ਸ਼ੁਰੂ ਤੋਂ ਹੀ ਪਾਕਿਸਤਾਨੀ ਹੁਕਰਮਾਨਾਂ ਦਾ ਰਵੱਈਆ ਭਾਰਤ ਵੱਲ ਦੁਸ਼ਮਣੀ ਵਾਲਾ ਹੀ ਰਿਹਾ। ਇਸ ਦੇ ਸਿੱਟੇ ਵਜੋਂ ਸਾਨੂੰ ਦੋ ਜੰਗਾਂ ਵੀ ਲੜਨੀਆਂ ਪਈਆਂ। ਪੂਰਬੀ ਪਾਕਿਸਤਾਨ ਵਿੱਚ ਸ਼ੁਰੂ ਹੋਏ ਮੁਕਤੀ ਸੰਗਰਾਮ ਤੇ ਸਾਡੇ ਦੇਸ਼ ਦੀਆਂ ਫੌਜਾਂ ਵੱਲੋਂ ਕੀਤੀ ਗਈ ਸਹਾਇਤਾ ਤੋਂ ਬਾਅਦ 1971 ਵਿੱਚ ਬੰਗਲਾਦੇਸ਼ ਇੱਕ ਅਜ਼ਾਦ ਦੇਸ਼ ਬਣ ਗਿਆ। ਇਸ ਨਾਲ ਸਾਨੂੰ ਵੱਡੀ ਰਾਹਤ ਮਿਲੀ, ਕਿਉਂਕਿ ਹੁਣ ਸਾਡੀ ਪੂਰਬੀ ਸਰਹੱਦ ਕਾਫ਼ੀ ਹੱਦ ਤੱਕ ਸੁਰੱਖਿਅਤ ਹੋ ਚੁੱਕੀ ਸੀ, ਪਰ ਸਾਡੀ ਇਹ ਖੁਸ਼ੀ ਥੋੜ੍ਹਚਿਰੀ ਸਾਬਤ ਹੋਈ। ਸਿਰਫ਼ ਚਾਰ ਸਾਲ ਬਾਅਦ ਹੀ ਸ਼ੇਖ ਮੁਜੀਬ-ਉਰ-ਰਹਿਮਾਨ ਦੀ ਹੱਤਿਆ ਕਰ ਦਿੱਤੀ ਗਈ। ਸੱਤਾਧਾਰੀ ਹੋਏ ਫ਼ੌਜੀ ਹਾਕਮਾਂ ਨੇ ਫਿਰ ਤੋਂ ਭਾਰਤ ਵਿਰੁੱਧ ਦੁਸ਼ਮਣੀ ਦਾ ਪੈਂਤੜਾ ਮੱਲ ਲਿਆ। ਬੰਗਲਾਦੇਸ਼ ਪਾਕਿਸਤਾਨ ਨਾਲੋਂ ਵੀ ਵੱਧ ਖਤਰਨਾਕ ਪਾਕਿਸਤਾਨ ਬਣਨ ਦੇ ਰਾਹ ਪੈ ਗਿਆ। ਭਾਰਤ ਤੇ ਬੰਗਲਾਦੇਸ਼ ਵਿਚਾਲੇ ਪੈਦਾ ਹੋਇਆ ਭਰੋਸੇ ਵਾਲਾ ਰਿਸ਼ਤਾ ਟੁੱਟ ਗਿਆ। ਫ਼ੌਜੀ ਹਾਕਮਾਂ ਦੇ ਦੌਰ ਤੋਂ ਬਾਅਦ ਬਣੀ ਬੇਗਮ ਖਾਲਿਦਾ ਜ਼ਿਆ ਦੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਤੇ ਜਮਾਤੇ ਇਸਲਾਮੀ ਦੀ ਸਾਂਝੀ ਸਰਕਾਰ ਸਮੇਂ ਹਾਲਤ ਹੋਰ ਵੀ ਵਿਗੜਦੇ ਗਏ। ਮੁਸਲਿਮ ਕੱਟੜਪੰਥੀ ਲਗਾਤਾਰ ਤਕੜੇ ਹੋ ਰਹੇ ਸਨ। ਭਾਰਤ ਦੇ ਪੂਰਬੀ ਰਾਜਾਂ ਵਿਚਲੇ ਵੱਖਵਾਦੀ ਅਨਸਰਾਂ ਲਈ ਬੰਗਲਾਦੇਸ਼ ਪਨਾਹਗਾਹ ਬਣ ਚੁੱਕਾ ਸੀ। ਅੱਤਵਾਦੀਆਂ ਨੂੰ ਸਿਖਲਾਈ ਦੇਣ ਲਈ ਟਰੇਨਿੰਗ ਕੈਂਪ ਸ਼ੁਰੂ ਹੋ ਗਏ। ਇੱਕ ਪਾਸੇ ਅਸੀਂ ਪਾਕਿਸਤਾਨ ਤੋਂ ਸਿਖਲਾਈ ਪ੍ਰਾਪਤ ਅੱਤਵਾਦੀਆਂ ਨਾਲ ਲੋਹਾ ਲੈ ਰਹੇ ਸਾਂ, ਦੂਜੇ ਪਾਸੇ ਸਾਨੂੰ ਬੰਗਲਾਦੇਸ਼ ਤੋਂ ਆ ਰਹੇ ਅੱਤਵਾਦੀਆਂ ਨਾਲ ਨਜਿੱਠਣਾ ਪੈ ਰਿਹਾ ਸੀ।
ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਦੇ ਸੱਤਾ ਉੱਤੇ ਮੁੜ ਕਾਬਜ਼ ਹੋਣ ਤੋਂ ਬਾਅਦ ਹਾਲਤਾਂ ਵਿੱਚ ਮੋੜਾ ਪੈਣਾ ਸ਼ੁਰੂ ਹੋਇਆ। ਮੋਦੀ ਰਾਜ ਦੇ ਪਿਛਲੇ ਕਾਰਜਕਾਲ ਦੌਰਾਨ ਬੰਗਲਾਦੇਸ਼ ਨਾਲ ਹੋਏ ਸਰਹੱਦੀ ਨਿਪਟਾਰੇ ਸੰਬੰਧੀ ਸਮਝੌਤੇ ਨੇ ਦੋਵਾਂ ਦੇਸ਼ਾਂ ਵਿਚਾਲੇ ਵਧ ਰਹੀ ਮਿੱਤਰਤਾ ਨੂੰ ਵੱਡੀ ਮਜ਼ਬੂਤੀ ਦਿੱਤੀ। ਲੰਮੇ ਸਮੇਂ ਤੋਂ ਬਾਅਦ ਇਹ ਜਾਪਣ ਲੱਗਾ ਸੀ ਕਿ ਹੁਣ ਦੋਵੇਂ ਦੇਸ਼ਾਂ ਵਿਚਾਲੇ ਬੇਭਰੋਸਗੀ ਦੇ ਦੌਰ ਦਾ ਪੂਰੀ ਤਰ੍ਹਾਂ ਖਾਤਮਾ ਹੋ ਚੁੱਕਾ ਹੈ, ਪਰ ਜਾਪਦਾ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਤੇ ਕੌਮੀ ਨਾਗਰਿਕਤਾ ਰਜਿਸਟਰ ਰਾਹੀਂ ਸਾਡੇ ਹਾਕਮਾਂ ਨੇ ਹੁਣ ਤੱਕ ਦੀ ਸਭ ਕੀਤੀ-ਕਤਰਾਈ ਉੱਤੇ ਪਾਣੀ ਫੇਰਨ ਦਾ ਰਾਹ ਫੜ ਲਿਆ ਹੈ।
ਇਹ ਸਪੱਸ਼ਟ ਹੈ ਕਿ ਭਾਰਤੀ ਹਾਕਮ ਨਾਗਰਿਕਤਾ ਕਾਨੂੰਨਾਂ ਰਾਹੀਂ ਭਾਰਤ ਦੇ ਸਮੁੱਚੇ ਸਮਾਜਿਕ ਢਾਂਚੇ ਨੂੰ ਹਿੰਦੂ-ਮੁਸਲਿਮ ਵਿੱਚ ਵੰਡਣਾ ਚਾਹੁੰਦੇ ਹਨ। ਭਾਜਪਾਈ ਹਾਕਮ ਭਾਵੇਂ ਇਸ ਫਿਰਕੂ ਨੀਤੀ ਨਾਲ ਕੁਝ ਥੋੜ੍ਹਚਿਰਾ ਫਾਇਦਾ ਹਾਸਲ ਕਰ ਲੈਣ, ਪਰ ਇਸ ਨਾਲ ਸਾਡੇ ਪੂਰੇ ਖਿੱਤੇ ਵਿੱਚ ਪਹਿਲਾਂ ਤੋਂ ਮੌਜੂਦ ਫਿਰਕੂ ਵੰਡ ਦੀ ਲਕੀਰ ਹੋਰ ਡੂੰਘੀ ਹੋਵੇਗੀ। ਇਸ ਦਾ ਅਸਰ ਬੰਗਲਾਦੇਸ਼ ਵਿੱਚ ਵੀ ਹੋਣਾ ਸੁਭਾਵਿਕ ਹੈ। ਬੰਗਲਾਦੇਸ਼ ਵਿੱਚ ਜਮਾਤੇ ਇਸਲਾਮੀ ਵਰਗੀਆਂ ਕੱਟੜਪੰਥੀ ਤਾਕਤਾਂ ਆਪਣਾ ਕਾਫ਼ੀ ਅਧਾਰ ਰੱਖਦੀਆਂ ਹਨ। ਭਾਰਤ ਦੇ ਨਾਗਰਿਕਤਾ ਕਾਨੂੰਨਾਂ ਦੇ ਅਸਰ ਨਾਲ ਉਹ ਹੋਰ ਤਕੜੀਆਂ ਹੋਣਗੀਆਂ ਤੇ ਉਨ੍ਹਾਂ ਵਿਰੁੱਧ ਲੜ ਰਹੀਆਂ ਧਰਮ-ਨਿਰਪੱਖ ਧਿਰਾਂ ਲਈ ਨਵੀਂਆਂ ਮੁਸ਼ਕਲਾਂ ਖੜ੍ਹੀਆਂ ਹੋਣਗੀਆਂ। ਜੇਕਰ ਭਾਰਤ ਆਪਣੇ ਦੇਸ਼ ਵਿੱਚ ਧਰਮ ਦੇ ਅਧਾਰ ਉੱਤੇ ਨਾਗਰਿਕਤਾ ਦੇ ਫੈਸਲੇ ਉੱਤੇ ਅਡਿੱਗ ਰਹਿੰਦਾ ਹੈ ਤਾਂ ਬੰਗਲਾਦੇਸ਼ ਦੇ ਕੱਟੜਪੰਥੀ ਵੀ ਉੱਥੇ ਅਜਿਹੀ ਮੰਗ ਚੁੱਕ ਸਕਦੇ ਹਨ। ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਬੰਗਲਾਦੇਸ਼ ਵਿੱਚ 10 ਫ਼ੀਸਦੀ ਤੋਂ ਵੱਧ ਹਿੰਦੂ ਤੇ ਇੱਕ ਫੀਸਦੀ ਦੇ ਲੱਗਭੱਗ ਬੋਧੀ ਵਸਦੇ ਹਨ। ਇਹ ਲੋਕ ਸਿਰਫ਼ ਮਜ਼ਦੂਰ ਜਾਂ ਛੋਟੇ ਕਾਰੋਬਾਰੀ ਹੀ ਨਹੀਂ, ਸਗੋਂ ਵੱਡੇ ਕਾਰੋਬਾਰਾਂ ਉੱਤੇ ਵੀ ਕਾਬਜ਼ ਹਨ। ਇਨ੍ਹਾਂ ਦੀ ਬਦੌਲਤ ਹੀ ਬੰਗਲਾਦੇਸ਼ ਅੱਜ ਸਾਡੇ ਦੇਸ਼ ਤੋਂ ਅੱਗੇ ਲੰਘ ਚੁੱਕਾ ਹੈ।
ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਦਾ ਇਹ ਬਿਆਨ ਕਿ ਕੁਝ ਭਾਰਤੀ ਆਰਥਿਕ ਕਾਰਨਾਂ ਕਰਕੇ ਬੰਗਲਾਦੇਸ਼ ਵਿੱਚ ਘੁਸ ਰਹੇ ਹਨ, ਨਿਰੀ ਫੜ੍ਹ ਹੀ ਨਹੀਂ ਹੈ। ਅੱਜ ਜਦੋਂ ਭਾਰਤ ਦੀ ਵਿਕਾਸ ਦਰ ਨਿੱਤ ਨਵੀਂਆਂ ਨੀਵਾਣਾਂ ਛੂੰਹਦੀ ਹੋਈ 4.8 ਫ਼ੀਸਦੀ ਤੱਕ ਪੁੱਜ ਗਈ ਹੈ ਤਾਂ ਬੰਗਲਾਦੇਸ਼ ਦੀ 8.1 ਫ਼ੀਸਦੀ ਦੀ ਰਫ਼ਤਾਰ ਨਾਲ ਵਧ ਰਹੀ ਹੈ। ਅੱਜ ਬੰਗਲਾਦੇਸ਼ ਤਿਆਰ ਕੱਪੜਿਆਂ ਦੇ ਕਾਰੋਬਾਰ ਵਿੱਚ ਚੀਨ ਤੋਂ ਵੀ ਅੱਗੇ ਨਿਕਲ ਰਿਹਾ ਹੈ। ਅਜਿਹੇ ਵਿੱਚ ਬੰਗਲਾਦੇਸ਼ ਅੰਦਰ ਜੇਕਰ ਧਾਰਮਿਕ ਕਲੇਸ਼ ਪੈਦਾ ਹੁੰਦਾ ਹੈ ਤਾਂ ਉਹ ਉਸ ਦੇ ਤੇਜ਼ੀ ਨਾਲ ਤਰੱਕੀ ਵੱਲ ਵਧ ਰਹੇ ਕਦਮਾਂ ਨੂੰ ਵੀ ਗ੍ਰਹਿਣ ਲਾ ਸਕਦਾ ਹੈ। ਜੇਕਰ ਅਜਿਹਾ ਮਾਹੌਲ ਬਣਦਾ ਹੈ ਤਾਂ ਬੰਗਲਾਦੇਸ਼ ਸਾਡੇ ਲਈ ਇੱਕ ਹੋਰ ਪਾਕਿਸਤਾਨ ਬਣ ਜਾਵੇਗਾ। ਇਸ ਲਈ ਸਾਡੇ ਹਾਕਮਾਂ ਨੂੰ ਚਾਹੀਦਾ ਹੈ ਕਿ ਉਹ ਫੁੱਟ-ਪਾਊ ਨਾਗਰਿਕਤਾ ਕਾਨੂੰਨ ਲਾਗੂ ਕਰਨ ਦੀ ਅੜੀ ਛੱਡ ਦੇਣ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਸਮਾਜ ਦਾ ਭਲਾ ਚਾਹੁੰਣ ਵਾਲੇ ਸਭ ਲੋਕ ਇਨ੍ਹਾਂ ਕਾਨੂੰਨਾਂ ਵਿਰੁੱਧ ਸ਼ੁਰੂ ਹੋ ਚੁੱਕੀ 'ਦੇਸ਼ ਭਗਤਕ ਜੰਗ' ਵਿੱਚ ਕੁੱਦ ਪੈਣ।
- ਚੰਦ ਫਤਿਹਪੁਰੀ

961 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper