Latest News
ਨਹੀਂ ਤੇਰਾ ਨਸ਼ੇਮਨ ਕਸਰ-ਏ-ਸੁਲਤਾਨੀ ਕੇ ਗੁੰਬਦ ਪਰ, ਤੂ 'ਸ਼ਾਹੀਨ' ਹੈ ਬਸੇਰਾ ਕਰ ਪਹਾੜੋਂ ਕੀ ਚੱਟਾਨੋਂ ਪਰ

Published on 22 Jan, 2020 11:27 AM.


ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨ ਖਿਲਾਫ਼ ਦਿੱਲੀ ਦੇ ਸ਼ਾਹੀਨ ਬਾਗ 'ਚ ਭਰ ਠੰਢੀਆਂ ਰਾਤਾਂ 'ਚ ਔਰਤਾਂ, ਬੱਚੇ ਅਤੇ ਬੁੱਢੀਆਂ ਔਰਤਾਂ ਸੜਕ 'ਤੇ ਖੁੱਲ੍ਹੇ ਅਸਮਾਨ ਦੇ ਥੱਲੇ ਧਰਨੇ 'ਤੇ ਬੈਠੀਆਂ ਹਨ। ਪਿਛਲੇ ਲੱਗਭੱਗ 38 ਦਿਨਾਂ ਤੋਂ ਇਹ ਔਰਤਾਂ ਅੰਦੋਲਨ ਕਰ ਰਹੀਆਂ ਹਨ। ਇਸ ਅੰਦੋਲਨ ਦੀ ਅੱਗ ਹੁਣ ਪੂਰੇ ਦੇਸ਼ 'ਚ ਫੈਲ ਗਈ ਹੈ।
ਸ਼ਾਹੀਨ ਬਾਗ ਦੀ ਤਰ੍ਹਾਂ ਦੇਸ਼ ਦੇ ਕਈ ਸ਼ਹਿਰਾਂ 'ਚ ਸੀ ਏ ਏ, ਐੱਨ ਆਰ ਸੀ ਖਿਲਾਫ਼ ਔਰਤਾਂ ਅਤੇ ਬੱਚਿਆਂ ਨੇ ਮੋਰਚਾ ਖੋਲ੍ਹ ਰੱਖਿਆ ਹੈ। 15 ਦਸੰਬਰ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਘੱਟ ਹੋਣ ਦੀ ਥਾਂ ਵਧਦਾ ਜਾ ਰਿਹਾ ਹੈ। ਹਾਲਾਂਕਿ ਇੱਕ ਸਮਾਂ ਸੀ ਕਿ ਜਦ ਸ਼ਾਹੀਨ ਬਾਗ ਤੋਂ ਸਿਰਫ਼ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਇਸ ਇਲਾਕੇ ਦਾ ਨਾਂਅ ਕੋਈ ਨਹੀਂ ਜਾਣਦਾ ਸੀ ਅਤੇ ਅੱਜ ਦੇਸ਼ ਹੀ ਨਹੀਂ, ਬਲਕਿ ਦੁਨੀਆ 'ਚ ਇਸ ਦੀ ਚਰਚਾ ਹੈ।
ਯਮਨਾ ਨਦੀ ਦੇ ਕਿਨਾਰੇ 'ਤੇ ਵਸੇ ਸ਼ਾਹੀਨ ਬਾਗ ਦੇ ਪੂਰੇ ਇਲਾਕੇ 'ਚ ਬਰਸਾਤ ਦੇ ਦਿਨਾਂ 'ਚ ਪਾਣੀ ਪੂਰੀ ਤਰ੍ਹਾਂ ਭਰ ਜਾਂਦਾ ਹੈ। ਇੱਥੇ ਨਾ ਤਾਂ ਖੇਤੀ ਹੁੰਦੀ ਸੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਫੈਕਟਰੀ ਸੀ। ਇਸ ਪੂਰੇ ਇਲਾਕੇ 'ਚ ਜੰਗਲੀ ਘਾਹ ਪਾਣੀ ਵਿੱਚ ਲਹਿਰਾਉਂਦਾ ਸੀ। ਡੀ ਡੀ ਏ ਨੇ ਇੱਥੇ ਦੀ ਮਿੱਟੀ ਦੀ ਜਾਂਚ ਕਰਕੇ ਕਹਿ ਦਿੱਤਾ ਸੀ ਕਿ ਇੱਥੇ ਨਾ ਤਾਂ ਕਿਸੇ ਤਰ੍ਹਾਂ ਦਾ ਕੋਈ ਫਲੈਟ ਅਤੇ ਨਾ ਹੀ ਸਰਕਾਰੀ ਇਮਾਰਤ ਬਣਾਈ ਜਾ ਸਕਦੀ ਹੈ।
1980 ਤੋਂ ਇਸ ਇਲਾਕੇ 'ਚ ਰਹਿ ਰਹੇ ਸ਼ਬੀਰ ਅਹਿਮਦ ਦਾ ਕਹਿਣਾ ਹੈ ਕਿ ਇਸ ਇਲਾਕੇ ਦੀ ਜ਼ਮੀਨ ਗੁੱਜਰ ਭਾਈਚਾਰੇ ਦੇ ਲੋਕਾਂ ਦੀ ਸੀ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਜਸੋਲਾ ਪਿੰਡ ਦੇ ਚੌਧਰੀ ਜਗਨ ਗੁੱਜਰ ਦੀ ਸੀ। ਜਸੋਲਾ ਦੇ ਹੀ ਜਗਵੀਰ ਗੁੱਜਰ ਦੀ ਵੀ ਥੋੜ੍ਹੀ-ਬਹੁਤ ਜ਼ਮੀਨ ਸੀ। ਇਸ ਤੋਂ ਇਲਾਵਾ ਮਦਨਪੁਰ ਖਾਦਰ ਦੇ ਸਤਿਆਤੇਂਦਰ ਗੁੱਜਰ ਅਤੇ ਓਮੀ ਚੌਹਾਨ ਦੀ ਵੀ ਸੀ। ਗੁੱਜਰਾਂ ਤੋਂ ਉਸ ਸਮੇਂ ਕੋਈ ਜ਼ਮੀਨ ਲੈਣ ਲਈ ਤਿਆਰ ਨਹੀਂ ਸੀ।
ਸ਼ਾਹੀਨ ਬਾਗ ਕਾਲੋਨੀ ਕੱਟਣ ਵਾਲੇ ਲੋਕਾਂ 'ਚ ਮੁੱਖ ਰੂਪ 'ਚ ਸ਼ਾਰਿਕ ਉਲਾ, ਹਬੀਬਉਲਾ, ਰਹੀਮ ਅਤੇ ਮੋਇਨ ਖਾਨ ਦੇ ਨਾਂਅ ਸ਼ਾਮਲ ਸਨ। ਸ਼ਾਰਿਕ ਉਲਾ ਨੇ ਆਪਣੇ ਨਾਲ ਬਦਾਯੂੰ ਦੇ ਰਹਿਣ ਵਾਲੇ ਸਲੀਮ ਖਾਨ ਨੂੰ ਲਾਇਆ ਸੀ, ਜਦਕਿ ਹਬੀਬਉਲਾ ਅਤੇ ਰਹੀਮ ਪਾਰਟਨਰ ਸਨ। ਇਨ੍ਹਾਂ ਲੋਕਾਂ ਨੇ ਪੂਰੇ ਇਲਾਕੇ ਦੀ ਜ਼ਮੀਨ 'ਤੇ ਪਲਾਟ ਕੱਟ ਕੇ ਵੇਚੇ ਸਨ।
ਮੁਜ਼ੱਫ਼ਰ ਅਲੀ ਖਾਨ 1981 'ਚ ਬਰੇਲੀ ਤੋਂ ਦਿੱਲੀ ਆਏ ਅਤੇ ਉਨ੍ਹਾ ਆਪਣਾ ਘਰ ਇਸੇ ਸ਼ਾਹੀਨ ਬਾਗ ਇਲਾਕੇ 'ਚ ਬਣਾਇਆ। 1985 ਦੇ ਨੇੜੇ ਦਾ ਹੀ ਸਮਾਂ ਸੀ, ਜਦ ਇਲਾਕੇ ਦਾ ਨਾਂਅ ਰੱਖਣ ਨੂੰ ਲੈ ਕੇ ਕਵਾਇਦ ਸ਼ੁਰੂ ਹੋਈ। ਇਸ ਲੜੀ 'ਚ ਹਬੀਬਉਲਾ ਆਪਣੀ ਪੁੱਤਰੀ ਦੇ ਨਾਂਅ 'ਤੇ ਇਲਾਕੇ ਦਾ ਨਾਂਅ ਨਿਸ਼ਾਤ ਬਾਗ ਰੱਖਣਾ ਚਾਹੁੰਦੇ ਸਨ, ਪਰ ਇਸ 'ਤੇ ਕਈ ਲੋਕ ਸਹਿਮਤ ਨਹੀਂ ਹੋਏ। ਇਸ ਤੋਂ ਬਾਅਦ ਇਸ ਨਾਂਅ 'ਤੇ ਮੋਹਰ ਨਹੀਂ ਲੱਗੀ।
ਉਥੇ ਹੀ ਸਲੀਮ ਖਾਨ ਨੇ ਇਸ ਇਲਾਕੇ ਨੂੰ ਮਸ਼ਹੂਰ ਸ਼ਾਇਰ ਅਲਾਮਾ ਇਕਬਾਲ ਦੇ ਨਾਂਅ 'ਤੇ ਅਲਾਮਾ ਇਬਕਾਲ ਕਾਲੋਨੀ ਰੱਖਣ ਦੀ ਇੱਛਾ ਪ੍ਰਗਟਾਈ, ਪਰ ਉਥੇ ਰਹਿਣ ਵਾਲੇ ਲੋਕਾਂ ਨੇ ਇਸ ਨੂੰ ਵੀ ਨਾ-ਮਨਜ਼ੂਰ ਕਰ ਦਿੱਤਾ। ਇਸ ਤੋਂ ਬਾਅਦ ਸਲੀਮ ਖਾਨ ਨੇ ਅਲਾਮਾ ਇਕਬਾਲ ਦੇ ਸ਼ੇਅਰ, 'ਨਹੀਂ ਤੇਰਾ ਨਸ਼ੇਮਨ ਕਸਰ-ਏ-ਸੁਲਤਾਨੀ ਕੇ ਗੁੰਬਦ ਪਰ, ਤੂ ਸ਼ਾਹੀਨ ਹੈ ਬਸੇਰਾ ਕਰ ਪਹਾੜੋਂ ਕੀ ਚੱਟਾਨੋਂ ਪਰ' ਇਸ 'ਚੋਂ ਸ਼ਾਹੀਨ ਸ਼ਬਦ ਨੂੰ ਲਿਆ ਗਿਆ। ਸ਼ਾਹੀਨ ਦਾ ਮਤਲਬ ਬਾਜ਼ ਦੀ ਤਰ੍ਹਾਂ ਦਾ ਇੱਕ ਪੰਛੀ ਹੁੰਦਾ ਹੈ, ਜੋ ਪਹਾੜਾਂ 'ਤੇ ਰਹਿੰਦਾ ਹੈ। ਇਸ ਤਰ੍ਹਾਂ ਨਾਲ ਇਸ ਇਲਾਕਾ ਦਾ ਨਾਂਅ 'ਸ਼ਾਹੀਨ ਬਾਗ' ਪੈ ਗਿਆ, ਹਾਲਾਂਕਿ ਮਾਲ ਵਿਭਾਗ 'ਚ ਅੱਜ ਵੀ ਇਹ ਇਲਾਕਾ ਅਬੂ ਫਜ਼ਲ ਪਾਰਟ-2 ਦੇ ਨਾਂਅ ਨਾਲ ਦਰਜ ਹੈ।

356 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper