Latest News
ਅਕਾਲ ਤਖਤ ਦੀ ਕਮੇਟੀ ਅੱਜ ਡਿਪਟੀ ਕਮਿਸ਼ਨਰ ਨੂੰ ਮਿਲੇਗੀ

Published on 23 Jan, 2020 11:06 AM.


ਅੰਮ੍ਰਿਤਸਰ (ਜਸਬੀਰ ਪੱਟੀ)
ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ 'ਤੇ ਲੱਗੇ ਗਿੱਧੇ ਤੇ ਭੰਗੜੇ ਦੇ ਬੁੱਤਾਂ ਸੰਬੰਧੀ ਪਿਛਲੇ ਕੁਝ ਸਮੇਂ ਤੋਂ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਚੱਲ ਰਿਹਾ ਹੈ ਕਿ ਇਨ੍ਹਾਂ ਬੁੱਤਾਂ ਨੂੰ ਇਥੋਂ ਹਟਾਇਆ ਜਾਵੇ ਅਤੇ ਇਸ ਦੀ ਦਿੱਖ ਸਿੱਖ ਵਿਰਾਸਤ ਅਨੁਸਾਰ ਹੋਵੇ।
ਪਿਛਲੇ ਦਿਨੀਂ ਕੁਝ ਨੌਜੁਆਨਾਂ ਵੱਲੋਂ ਇਨ੍ਹਾਂ ਗਿੱਧੇ, ਭੰਗੜੇ ਦੇ ਬੁੱਤਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ 'ਤੇ ਪੁਲਸ ਪ੍ਰਸ਼ਾਸਨ ਅੰਮ੍ਰਿਤਸਰ ਨੇ ਉਨ੍ਹਾਂ ਨੌਜਆਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ 307 ਲਗਾ ਦਿੱਤੀ ਗਈ, ਜੋ ਸਰਾਸਰ ਗਲਤ ਹੈ। ਪ੍ਰਸ਼ਾਸਨ ਵੱਲੋਂ ਕੀਤੀ ਇਸ ਕਾਰਵਾਈ 'ਤੇ ਸਿੱਖ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਦੇ ਹੱਲ ਸੰਬੰਧੀ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਲਈ 3 ਮੈਂਬਰੀ ਕਮੇਟੀ ਬਣਾਈ ਹੈ, ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਾਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਡਾ. ਰੂਪ ਸਿੰਘ ਤੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੂੰ ਸ਼ਾਮਲ ਕਰਦਿਆਂ ਇਸ ਕਮੇਟੀ ਦੇ ਕੋਆਰਡੀਨੇਟਰ ਸੁਖਦੇਵ ਸਿੰਘ ਭੂਰਾਕੋਹਨਾ ਨੂੰ ਬਣਾਇਆ ਗਿਆ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਸਬ-ਕਮੇਟੀ ਦੀ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਦੇ ਇਕੱਤਰਤਾ ਹਾਲ ਵਿੱਚ ਹੋਈ। ਇਕੱਤਰਤਾ ਤੋਂ ਬਾਅਦ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਮਹਿਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੋਸ ਪ੍ਰਗਟ ਕਰ ਰਹੇ ਨੌਜੁਆਨਾਂ ਉੱਪਰ ਇਰਾਦਾ ਕਤਲ ਦੀ ਧਾਰਾ 307 ਤਹਿਤ ਮੁਕੱਦਮਾ ਦਰਜ ਕਰਨਾ ਸਰਾਸਰ ਗਲਤ ਹੈ। ਉਨ੍ਹਾ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ 24 ਜਨਵਰੀ ਨੂੰ ਮਿਲ ਕੇ ਸਿੱਖ ਭਾਵਨਾਵਾਂ ਅਨੁਸਾਰ ਮਸਲੇ ਦੇ ਹੱਲ ਲਈ ਗੱਲਬਾਤ ਕੀਤੀ ਜਾਵੇਗੀ। ਮਹਿਤਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਜਜ਼ਬਾਤਾਂ ਦੀ ਹਮੇਸ਼ਾ ਤਰਜਮਾਨੀ ਕਰਦੀ ਹੈ ਅਤੇ ਕਰਦੀ ਰਹੇਗੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਅਵਤਾਰ ਸਿੰਘ ਸੈਂਪਲਾ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ, ਚੀਫ਼ ਖ਼ਾਲਸਾ ਦੀਵਾਨ ਤੋਂ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਆਦਿ ਮੌਜੂਦ ਸਨ।

138 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper