Latest News
ਆਧਾਰ ਨਾਲ ਨਾ ਜੋੜਨ 'ਤੇ ਵੀ ਪੈਨ ਕਾਰਡ ਜਾਇਜ਼ ਰਹੇਗਾ

Published on 23 Jan, 2020 11:07 AM.


ਅਹਿਮਦਾਬਾਦ : ਆਧਾਰ ਕਾਰਡ ਨਾਲ ਪੈਨ ਕਾਰਡ ਲਿੰਕ ਨਾ ਕਰਾਉਣ 'ਤੇ ਪੈਨ ਕਾਰਡ ਨੂੰ ਇਨਆਪ੍ਰੇਟਿਵ ਨਹੀਂ ਐਲਾਨਿਆ ਜਾ ਸਕੇਗਾ। ਇਹ ਫੈਸਲਾ ਗੁਜਰਾਤ ਹਾਈ ਕੋਰਟ ਨੇ ਸੁਣਾਇਆ ਹੈ। ਅਕਸਰ ਆਧਾਰ ਕਾਰਡ ਤੇ ਪੈਨ ਕਾਰਡ ਦੀ ਲਿੰਕਿੰਗ ਦੀ ਡੈੱਡਲਾਈਨ ਵਧਾਏ ਜਾਣ ਦੀਆਂ ਖਬਰਾਂ ਦਰਮਿਆਨ ਗੁਜਰਾਤ ਹਾਈ ਕੋਰਟ ਨੇ ਇਸ ਨਾਲ ਜੁੜੇ ਸੰਸਿਆਂ 'ਤੇ ਵਿਰਾਮ ਲਾ ਦਿੱਤਾ ਹੈ। ਕੋਰਟ ਨੇ ਸਾਫ ਕਰ ਦਿੱਤਾ ਹੈ ਕਿ ਜੇ ਕੋਈ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਦਾ ਤਾਂ ਉਸ ਨੂੰ ਇਨਕਮ ਟੈਕਸ ਰਿਟਰਨ ਫਾਈਲ ਕਰਨ ਜਾਂ ਟਰਾਂਜੈਕਸ਼ਨ ਕਰਨ ਲਈ ਪੈਨ ਕਾਰਡ ਦੀ ਵਰਤੋਂ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ।
ਇਨਕਮ ਟੈਕਸ ਦੀ ਧਾਰਾ 139 ਏ ਏ ਤਹਿਤ ਦੋਹਾਂ ਨੂੰ ਲਿੰਕ ਕਰਾਉਣਾ ਚਾਹੀਦਾ ਹੈ, ਨਹੀਂ ਤਾਂ ਪੈਨ ਕਾਰਡ ਨਾਜਾਇਜ਼ ਮੰਨਿਆ ਜਾਵੇਗਾ। ਗੁਜਰਾਤ ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਸੁਪਰੀਮ ਕੋਰਟ ਆਧਾਰ ਕਾਰਡ ਦੇ ਜਾਇਜ਼ ਜਾਂ ਨਾਜਾਇਜ਼ ਹੋਣ ਬਾਰੇ ਫੈਸਲਾ ਨਹੀਂ ਸੁਣਾਉਂਦੀ, ਉਦੋਂ ਤੱਕ ਸਰਕਾਰ ਕਿਸੇ ਦੇ ਪੈਨ ਕਾਰਡ ਨੂੰ ਰੱਦ ਨਹੀਂ ਕਰ ਸਕਦੀ। ਆਧਾਰ ਐਕਟ ਦਾ ਮਾਮਲਾ ਸੁਪਰੀਮ ਕੋਰਟ ਦੀ ਵੱਡੀ ਬੈਂਚ ਕੋਲ ਪੈਂਡਿੰਗ ਹੈ। ਹਾਈ ਕੋਰਟ ਨੇ ਕਿਹਾ ਕਿ ਇਨਕਮ ਟੈਕਸ ਐਕਟ ਦੀ ਧਾਰਾ 139 ਏ ਏ ਉਦੋਂ ਤੱਕ ਜਾਇਜ਼ ਨਹੀਂ, ਜਦੋਂ ਤੱਕ ਰੋਜਰ ਮੈਥਿਊ ਬਨਾਮ ਸਾਊਥ ਇੰਡੀਅਨ ਬੈਂਕ ਲਿਮਟਿਡ ਮਾਮਲੇ ਵਿਚ ਸੁਪਰੀਮ ਕੋਰਟ ਦਾ ਫੈਸਲਾ ਨਹੀਂ ਆ ਜਾਂਦਾ। ਜਸਟਿਸ ਹਰਸ਼ਾ ਦੇਵਾਨੀ ਤੇ ਜਸਟਿਸ ਸੰਗੀਤਾ ਕੇ ਵਿਸੇਨ ਦੀ ਬੈਂਚ ਨੇ ਸੁਣਵਾਈ ਦੌਰਾਨ ਕਿਹਾ ਕਿ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਜਦੋਂ ਤੱਕ ਆਈ ਟੀ ਐਕਟ ਦੀ ਧਾਰਾ 139 ਏ ਏ ਦੇ ਜਾਇਜ਼ ਹੋਣ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਨਹੀਂ ਆ ਜਾਂਦਾ, ਉਦੋਂ ਤੱਕ ਪੈਨ ਕਾਰਡ ਨੂੰ ਰੱਦ ਕਰਨ ਦਾ ਫੈਸਲਾ ਨਹੀਂ ਸੁਣਾ ਸਕਦੇ।
ਇਨਕਮ ਟੈਕਸ ਵਿਭਾਗ ਨੇ ਇਸ ਲਈ 31 ਮਾਰਚ 2020 ਦੀ ਡੈੱਡਲਾਈਨ ਦਿੱਤੀ ਹੈ। ਇਸ ਤੋਂ ਪਹਿਲਾਂ ਉਹ ਕਈ ਵਾਰ ਡੈੱਡਲਾਈਨ ਵਧਾ ਚੁੱਕਾ ਹੈ। ਹਾਈ ਕੋਰਟ ਦੇ ਫੈਸਲੇ ਨੇ ਭਰਮ ਦੂਰ ਕਰ ਦਿੱਤੇ ਹਨ।

758 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper