Latest News
ਦੂਜੀ ਜੰਗ-ਇ-ਅਜ਼ਾਦੀ ਦੇ ਪ੍ਰਵਾਨੇ

Published on 27 Jan, 2020 10:08 AM.


ਅਸੀਂ ਪਿਛਲੇ 70 ਸਾਲਾਂ ਤੋਂ ਹਰ ਸਾਲ ਗਣਤੰਤਰਤਾ ਦਿਵਸ ਮਨਾਉਂਦੇ ਆ ਰਹੇ ਹਾਂ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਜਨਪਥ ਉੱਤੇ ਸੁਰੱਖਿਆ ਫੋਰਸਾਂ ਦੇ ਜਵਾਨਾਂ ਵੱਲੋਂ ਕੀਤੀ ਜਾਂਦੀ ਪਰੇਡ, ਹਥਿਆਰਾਂ ਦੀ ਨੁਮਾਇਸ਼, ਵੱਖ-ਵੱਖ ਸੂਬਿਆਂ ਦੀਆਂ ਸੱਭਿਆਚਾਰਕ ਝਾਕੀਆਂ, ਕਿਸੇ ਨਾ ਕਿਸੇ ਦੇਸ਼ ਤੋਂ ਸੱਦਿਆ ਗਿਆ ਮੁੱਖ ਮਹਿਮਾਨ, ਸਾਡੇ ਆਪਣੇ ਹਾਕਮ ਤੇ ਵਿਸ਼ੇਸ਼ ਤੌਰ 'ਤੇ ਸੱਦੇ ਗਏ ਵਸ਼ਿਸ਼ਟ ਨਾਗਰਿਕ। ਇਸੇ ਤਰ੍ਹਾਂ ਸੂਬਿਆਂ ਵਿੱਚ ਰਾਜ ਪੱਧਰੀ ਸਮਾਗਮ ਅਤੇ ਜ਼ਿਲ੍ਹਿਆਂ, ਤਹਿਸੀਲਾਂ, ਬਲਾਕਾਂ ਤੋਂ ਇਲਾਵਾ ਸਕੂਲਾਂ ਵਿੱਚ ਹੁੰਦੇ ਸਮਾਗਮ। ਇੱਕ ਰਵਾਇਤ ਪੂਰਤੀ ਤੋਂ ਵੱਧ ਨਹੀਂ ਸਨ ਰਹੇ ਇਹ ਸਮਾਗਮ। ਆਮ ਨਾਗਰਿਕਾਂ ਦਾ ਇਨ੍ਹਾਂ ਸਮਾਗਮਾਂ ਨਾਲ ਵਾਸਤਾ ਸਿਰਫ਼ ਏਨਾ ਸੀ ਕਿ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਮਿਲ ਜਾਂਦੀ ਸੀ।
ਪਰ ਇਸ ਵਾਰ ਗਣਤੰਤਰਤਾ ਦਿਵਸ ਇੱਕ ਨਵਾਂ ਇਤਿਹਾਸ ਸਿਰਜ ਗਿਆ ਹੈ। ਫ਼ਿਰਕਾਪ੍ਰਸਤ ਹਾਕਮਾਂ ਵੱਲੋਂ ਸੰਸਦੀ ਬਹੁਗਿਣਤੀ ਦੇ ਬਲਬੂਤੇ ਨਾਗਰਿਕਤਾ ਸੋਧ ਕਾਨੂੰਨ ਰਾਹੀਂ ਸੰਵਿਧਾਨ ਦੀ ਮੂਲ ਭਾਵਨਾ ਉੱਤੇ ਕੀਤੇ ਗਏ ਹਮਲੇ ਵਿਰੁੱਧ ਜਿਵੇਂ ਸਾਰਾ ਦੇਸ਼ ਸੜਕਾਂ ਉੱਤੇ ਆ ਗਿਆ ਹੋਵੇ। ਹਰ ਛੋਟੇ-ਵੱਡੇ ਸ਼ਹਿਰ ਵਿੱਚ ਲੋਕ ਤਿਰੰਗਾ ਉਠਾ ਕੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਦਿਆਂ ਸੰਵਿਧਾਨ ਦੀ ਰਾਖੀ ਦੀ ਸਹੁੰ ਚੁੱਕ ਰਹੇ ਸਨ। ਮੁਸਲਿਮ ਭਾਈਚਾਰੇ ਦੀਆਂ ਲੜਕੀਆਂ ਤਿਰੰਗੇ ਦੇ ਰੰਗਾਂ ਵਾਲਾ ਹਿਜ਼ਾਬ ਪਹਿਨ ਕੇ ਇੱਕ ਅਦਭੁੱਤ ਮੰਜ਼ਰ ਪੇਸ਼ ਕਰ ਰਹੀਆਂ ਸਨ। ਮਾਵਾਂ ਬੱਚਿਆਂ ਦੇ ਸਿਰਾਂ ਉੱਤੇ ਤਿਰੰਗੀਆਂ ਟੋਪੀਆਂ ਪਾ ਕੇ ਲਿਆਈਆਂ ਸਨ। ਦੇਸ਼ ਭਗਤੀ ਦੇ ਤਰਾਨੇ ਗਾਏ ਜਾ ਰਹੇ ਸਨ। ਹਰ ਕੋਈ ਅਜ਼ਾਦੀ ਦੇ ਨਾਅਰੇ ਬੁਲੰਦ ਕਰ ਰਿਹਾ ਸੀ। ਦਿੱਲੀ ਵਿਚਲਾ ਸ਼ਾਹੀਨ ਬਾਗ, ਜਿਹੜਾ ਨਾਗਰਿਕਤਾ ਕਾਨੂੰਨਾਂ ਵਿਰੁੱਧ ਲੜਾਈ ਦਾ ਕੇਂਦਰ ਬਿੰਦੂ ਬਣ ਚੁੱਕਾ ਹੈ, ਵਿਚਲੇ ਅੰਦੋਲਨਕਾਰੀਆਂ ਦਾ ਜੋਸ਼ ਠਾਠਾਂ ਮਾਰ ਰਿਹਾ ਸੀ। ਜਾਪਦਾ ਸੀ ਜਿਵੇਂ ਸਾਰੀ ਦਿੱਲੀ ਸ਼ਾਹੀਨ ਬਾਗ਼ ਵੱਲ ਹੀ ਉਮੜ ਪਈ ਹੋਵੇ। ਦਾਦੀਆਂ ਦਾ ਰੁਤਬਾ ਹਾਸਲ ਕਰ ਚੁੱਕੀਆਂ ਬਜ਼ੁਰਗ ਔਰਤਾਂ ਨੇ ਜਦੋਂ 84 ਫੁੱਟ ਉੱਚੇ ਤਿਰੰਗੇ ਨੂੰ ਝੁਲਾਉਣ ਲਈ ਡੋਰੀ ਖਿੱਚੀ ਤਾਂ ਸਮੁੱਚਾ ਵਾਤਾਵਰਣ ਅਜ਼ਾਦੀ ਦੇ ਨਾਅਰਿਆਂ ਨਾਲ ਗੂੰਜ ਉਠਿਆ।
ਇਹ ਸਾਡਾ ਸੰਵਿਧਾਨ ਹੀ ਹੈ, ਜਿਹੜਾ ਸਾਨੂੰ ਹਰ ਤਰ੍ਹਾਂ ਦੀ ਅਜ਼ਾਦੀ ਦੀ ਗਰੰਟੀ ਦਿੰਦਾ ਹੈ। ਬਰਾਬਰਤਾ ਦੀ ਅਜ਼ਾਦੀ, ਆਪਣੀ ਗੱਲ ਕਹਿਣ ਦੀ ਅਜ਼ਾਦੀ, ਅਸਹਿਮਤ ਹੋਣ ਦੀ ਅਜ਼ਾਦੀ ਤੇ ਨਿਰੰਕੁਸ਼ ਹਾਕਮਾਂ ਵਿਰੁੱਧ ਲੜਨ ਦੀ ਅਜ਼ਾਦੀ, ਪਰ ਸਾਡੇ ਅਜੋਕੇ ਹਾਕਮਾਂ ਨੂੰ ਅਜ਼ਾਦੀ ਸ਼ਬਦ ਨਾਲ ਨਫ਼ਰਤ ਹੈ, ਜਿਸ ਸੰਸਥਾ ਆਰ ਐੱਸ ਐੱਸ ਤੋਂ ਉਹ ਪੜ੍ਹੇ ਹੋਏ ਹਨ, ਉੱਥੇ ਸਵਾਲ ਕਰਨਾ ਮਹਾਂਪਾਪ ਸਮਝਿਆ ਜਾਂਦਾ ਹੈ। ਉੱਥੇ ਜੀ ਸਤ ਬਚਨ ਕਹਿਣ ਵਾਲੇ ਨੂੰ ਹੀ ਉਤਮ ਸੋਇਮ ਸੇਵਕ ਮੰਨਿਆ ਜਾਂਦਾ ਹੈ।
ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਜਨਤਾ ਨੂੰ ਕਹਿ ਰਿਹਾ ਹੈ ਕਿ ਤੁਸੀਂ ਜਿੰਨਾ ਮਰਜ਼ੀ ਰੌਲਾ ਪਾ ਲਓ, ਅਸੀਂ ਇੱਕ ਇੰਚ ਵੀ ਪਿੱਛੇ ਨਹੀਂ ਹਟਾਂਗੇ। ਉਹ ਇਹ ਭੁੱਲ ਜਾਂਦਾ ਹੈ ਕਿ ਇਹ ਜਨਤਾ ਹੀ ਸੀ, ਜਿਸ ਨੇ ਉਨ੍ਹਾਂ ਨੂੰ ਰਾਜਗੱਦੀ ਸੌਂਪੀ ਹੈ ਤੇ ਇਹੋ ਜਨਤਾ ਖੋਹ ਵੀ ਸਕਦੀ ਹੈ। ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦਾ ਤਾਜ਼ਾ ਬਿਆਨ ਹੈ ਕਿ ਉਸ ਦੇ ਰਾਜ ਵਿੱਚ ਜਿਹੜਾ ਵੀ ਅਜ਼ਾਦੀ ਦਾ ਨਾਅਰਾ ਲਾਵੇਗਾ, ਉਸ ਉੱਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਲਿਆ ਜਾਵੇਗਾ। ਅਸਲ ਵਿੱਚ ਸਭ ਭਾਜਪਾਈ ਹਾਕਮ ਗੁਲਾਮੀ-ਪਸੰਦ ਹਨ। ਗੁਲਾਮੀ ਦੇ ਦੌਰ ਵਿੱਚ ਇਨ੍ਹਾਂ ਦੇ ਆਗੂ ਅੰਗਰੇਜ਼ਾਂ ਦੀ ਚਾਕਰੀ ਕਰਦੇ ਰਹੇ। ਹੁਣ ਵਾਲੀ ਪੀੜ੍ਹੀ ਆਰ ਐੱਸ ਐੱਸ ਤੋਂ ਗੁਲਾਮੀ ਦੀ ਗੁੜ੍ਹਤੀ ਲੈ ਕੇ ਜਵਾਨ ਹੋਈ ਹੈ। ਇਸੇ ਕਾਰਨ ਇਨ੍ਹਾਂ ਨੂੰ ਅਜ਼ਾਦੀ ਦੀ ਕੀਮਤ ਦਾ ਹੀ ਪਤਾ ਨਹੀਂ ਹੈ।
ਅਜ਼ਾਦੀ ਦੀ ਕੀਮਤ ਦਾ ਪਤਾ ਉਨ੍ਹਾਂ ਲੋਕਾਂ ਨੂੰ ਹੈ, ਜਿਹੜੇ ਅਜ਼ਾਦੀ ਦੇ ਪ੍ਰਵਾਨਿਆਂ ਦੀ ਸੋਚ ਦੇ ਵਾਰਸ ਹਨ। ਇਸ ਸ਼ੁਰੂ ਹੋ ਚੁੱਕੀ ਅਜ਼ਾਦੀ ਦੀ ਜੰਗ ਵਿੱਚ ਸ਼ਹੀਦ ਭਗਤ ਸਿੰਘ, ਰਾਮ ਪ੍ਰਸਾਦ ਬਿਸਮਿਲ ਤੇ ਅਸ਼ਫਾਕ ਉਲਾ ਖਾਨ ਵਰਗੇ ਕਰਾਂਤੀਕਾਰੀ ਅੰਦੋਲਨਕਾਰੀਆਂ ਦੇ ਰਹਿਨੁਮਾ ਬਣ ਚੁੱਕੇ ਹਨ। ਸ਼ਾਹੀਨ ਬਾਗ ਦੇ ਮੰਚ ਤੋਂ ਜਦੋਂ ਇੱਕ ਨੌਜਵਾਨ ਵਿਦਿਆਰਥਣ ਇਹ ਕਹਿੰਦੀ ਹੈ, ''ਮੈਂ ਅੱਜ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੀ ਹਾਂ, ਜੋ ਮੈਨੂੰ ਅਜ਼ਾਦੀ ਦੀ ਦੂਜੀ ਲੜਾਈ ਵਿੱਚ ਹਿੱਸਾ ਲੈਣ ਦਾ ਮੌਕਾ ਮਿਲ ਰਿਹਾ ਹੈ,'' ਤਾਂ ਏਦਾਂ ਜਾਪਦਾ, ਜਿਵੇਂ ਉਸ ਵਿੱਚ ਭਗਤ ਸਿੰਘ ਦੀ ਰੂਹ ਪ੍ਰਵੇਸ਼ ਕਰ ਗਈ ਹੋਵੇ।
ਦੇਸ਼ ਦੇ ਤਾਨਾਸ਼ਾਹ ਹਾਕਮਾਂ ਨੂੰ ਸਮਝ ਲੈਣਾ ਚਾਹੀਦਾ ਕਿ ਸੰਵਿਧਾਨ ਬਚਾਉਣ ਦੀ ਸ਼ੁਰੂ ਹੋ ਚੁੱਕੀ ਜੰਗ ਅੰਜਾਮ ਤੱਕ ਪੁੱਜੇ ਬਗੈਰ ਰੁਕਣ ਵਾਲੀ ਨਹੀਂ। ਦੇਸ਼ ਦੇ ਜਾਗਰੂਕ ਨਾਗਰਿਕ ਤੇ ਖਾਸ ਕਰ ਨੌਜਵਾਨ ਉਸ ਅਜ਼ਾਦੀ ਦੀ ਰਾਖੀ ਲਈ ਆਪਣਾ ਸਭ ਕੁਝ ਦਾਅ ਉੱਤੇ ਲਾਉਣ ਲਈ ਮੈਦਾਨ ਵਿੱਚ ਕੁੱਦ ਚੁੱਕੇ ਹਨ, ਜਿਹੜੀ ਅਜ਼ਾਦੀ ਦੇ ਪ੍ਰਵਾਨਿਆਂ ਨੇ ਜਾਨਾਂ ਵਾਰ ਕੇ, ਜੇਲ੍ਹਾਂ ਦੇ ਤਸੀਹੇ ਝੱਲ ਕੇ ਤੇ ਜਾਇਦਾਦਾਂ ਕੁਰਕ ਕਰਾ ਕੇ ਹਾਸਲ ਕੀਤੀ ਸੀ।

823 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper