ਬਰਨਾਲਾ, (ਰਜਿੰਦਰ ਬਰਾੜ) : ਪੰਜਵਾਂ ਕਰਨਲ ਨਰੈਣ ਸਿੰਘ ਭੱਠਲ ਕਲਾਕਾਰ ਸਾਹਿਤਕ ਕਹਾਣੀ ਪੁਰਸਕਾਰ-2019 ਕਹਾਣੀਕਾਰ ਕਸ਼ਮੀਰ ਸਿੰਘ ਪੰਨੂੰ ਨੂੰ ਪ੍ਰਦਾਨ ਕੀਤਾ ਗਿਆ ਅਤੇ 'ਕਲਾਕਾਰ' ਦਾ 127ਵਾਂ ਤੇ 24ਵਾਂ ਵਿਸ਼ੇਸ਼ ਅੰਕ ਅਜ਼ੀਮ ਸ਼ਾਇਰ ਰਵਿੰਦਰ ਭੱਠਲ ਵਿਸ਼ੇਸ਼ ਅੰਕ ਲੋਕ ਅਰਪਣ ਸਮਾਗਮ ਕਲਾਕਾਰ ਭਵਨ ਬਰਨਾਲਾ ਵਿਖੇ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਬਲਦੇਵ ਸਿੰਘ ਸੜਕਨਾਮਾ ਨੇ ਕੀਤੀ। ਉਨ੍ਹਾ ਨਾਲ ਪ੍ਰਧਾਨਗੀ ਮੰਡਲ ਵਿੱਚ ਕਹਾਣੀਕਾਰ ਜਸਬੀਰ ਭੁੱਲਰ, ਪ੍ਰੋ. ਰਵਿੰਦਰ ਭੱਠਲ, ਕੇ ਐੱਲ ਗਰਗ, ਪਰਮਜੀਤ ਮਾਨ, ਡਾ. ਜੋਗਿੰਦਰ ਸਿੰਘ ਨਿਰਾਲਾ, 'ਕਲਾਕਾਰ' ਦੇ ਸੰਪਾਦਕ ਕੰਵਰਜੀਤ ਭੱਠਲ ਤੇ ਨਾਵਲਕਾਰ ਓਮ ਪ੍ਰਕਾਸ਼ ਗਾਸੋ ਸੁਸ਼ੋਭਿਤ ਸਨ। ਸਮਾਗਮ ਦੇ ਆਰੰਭ ਵਿੱਚ ਕੰਵਰਜੀਤ ਭੱਠਲ ਨੇ ਸਭ ਨੂੰ ਜੀ ਆਇਆਂ ਕਹਿਣ ਉਪਰੰਤ 'ਕਲਾਕਾਰ' ਦੇ 24 ਵਿਸ਼ੇਸ਼ ਅੰਕਾਂ ਦਾ ਜ਼ਿਕਰ ਕੀਤਾ ਤੇ 'ਕਲਾਕਾਰ' ਦਾ ਵਿਸ਼ੇਸ਼ ਅੰਕ ਲੋਕ ਅਰਪਣ ਕੀਤਾ ਗਿਆ। 'ਲੋਹਮਣੀ' ਵੀ ਰਿਲੀਜ਼ ਕੀਤਾ ਗਿਆ। ਰਾਮ ਸਰੂਪ ਸ਼ਰਮਾ ਨੇ ਪ੍ਰੋ. ਭੱਠਲ ਦਾ ਕਾਵਿ ਚਿੱਤਰ ਪੇਸ਼ ਕੀਤਾ। ਇਸ ਵਿਸ਼ੇਸ਼ ਅੰਕ ਬਾਰੇ ਕਰਨਲ ਜਸਬੀਰ ਭੁੱਲਰ, ਕੇ ਐੱਲ ਗਰਗ, ਡਾ. ਜੋਗਿੰਦਰ ਸਿੰਘ ਨਿਰਾਲਾ, ਓਮ ਪ੍ਰਕਾਸ਼ ਗਾਸੋ, ਪਰਮਜੀਤ ਮਾਨ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਪ੍ਰੋ. ਰਵਿੰਦਰ ਭੱਠਲ ਨੇ ਸਾਰੇ ਬੁਲਾਰਿਆਂ ਤੇ ਵਿਸ਼ੇਸ਼ ਤੌਰ 'ਤੇ ਇਹ ਅੰਕ ਛਾਪਣ ਲਈ ਕੰਵਰਜੀਤ ਭੱਠਲ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੇ ਅਗਲੇ ਪੜਾਅ ਅੰਦਰ ਜਸਬੀਰ ਭੁੱਲਰ ਨੇ ਵਿਸਥਾਰ ਪੂਰਵਕ ਕਸ਼ਮੀਰ ਸਿੰਘ ਪੰਨੂੰ ਬਾਰੇ ਚਾਨਣਾ ਪਾਇਆ। ਉਸ ਨੂੰ ਮਸਤ-ਮੌਲ਼ਾ ਲੇਖਕ ਗਰਦਾਨਿਆ। ਪੰਨੂੰ ਦਾ ਸਨਮਾਨ ਪੱਤਰ ਕੰਵਰਜੀਤ ਭੱਠਲ ਨੇ ਪੜ੍ਹਿਆ ਤੇ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਪੰਨੂੰ ਦੀ ਪਤਨੀ ਮਲਵਿੰਦਰ ਤੇ ਬੇਟੇ ਰਵਜੋਤ (ਸੰਨੀ) ਨੂੰ ਪੰਜਵਾਂ ਕਰਨਲ ਭੱਠਲ ਕਲਾਕਾਰ ਸਾਹਿਤਕ ਕਹਾਣੀ ਪੁਰਸਕਾਰ-2019 ਪ੍ਰਦਾਨ ਕੀਤਾ ਗਿਆ, ਜਿਸ ਵਿੱਚ 21,000 ਰੁਪਏ ਨਗਦ, ਦੋਸ਼ਾਲਾ, ਸਨਮਾਨ ਪੱਤਰ, ਮੋਮੈਂਟੋ ਤੇ ਪੁਸਤਕਾਂ ਦੇ ਕੇ ਅਦਾਰਾ ਕਲਾਕਾਰ ਵੱਲੋਂ ਸਨਮਾਨਤ ਕੀਤਾ ਗਿਆ। ਕਹਾਣੀਕਾਰ ਪਵਨ ਪਰਿੰਦਾ ਦਾ ਵੀ ਅਦਾਰਾ ਕਲਾਕਾਰ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਬਲਦੇਵ ਸੜਕਨਾਮਾ, ਕਰਨਲ ਭੁੱਲਰ ਤੇ ਪ੍ਰੋ. ਰਵਿੰਦਰ ਭੱਠਲ ਦਾ ਉਚੇਚੇ ਤੌਰ 'ਤੇ ਅਦਾਰਾ ਕਲਾਕਾਰ ਵੱਲੋਂ ਸਨਮਾਨ ਕੀਤਾ ਗਿਆ।
ਇਸ ਮੌਕੇ ਕਰਨਲ ਨਰੈਣ ਸਿੰਘ ਭੱਠਲ ਯਾਦਗਾਰੀ ਲਾਇਬ੍ਰੇਰੀ ਦਾ ਪ੍ਰਧਾਨਗੀ ਮੰਡਲ ਵੱਲੋਂ ਉਦਘਾਟਨ ਕੀਤਾ ਗਿਆ। ਅੰਤ ਵਿੱਚ ਰਾਮ ਸਰੂਪ ਸ਼ਰਮਾ, ਸੁਰਿੰਦਰ ਭੱਠਲ, ਪ੍ਰਸ਼ੋਤਮ ਪੱਤੋ, ਸੁਰਜੀਤ ਬਰਾੜ, ਗੁਰਪਾਲ ਨੂਰ, ਸੁਖਵਿੰਦਰ ਸਨੇਹ, ਡਾ. ਅਮਨਦੀਪ ਟੱਲੇਵਾਲੀਆ, ਪ੍ਰੋ. ਰਵਿੰਦਰ ਭੱਠਲ, ਰਘਬੀਰ ਗਿੱਲ ਕੱਟੂ, ਰਾਜਿੰਦਰ ਸ਼ੌਕੀ, ਭੁਪਿੰਦਰ ਬੇਦੀ, ਗਮਦੂਰ ਰੰਗੀਲਾ, ਕੰਵਰਜੀਤ ਭੱਠਲ, ਸੀਰਾ ਰੌਂਤਾ ਆਦਿ ਦੋ ਦਰਜਨ ਸ਼ਾਇਰਾਂ ਨੇ ਆਪਣੀ ਸ਼ਾਇਰੀ ਨਾਲ ਖੂਬ ਰੰਗ ਬੰਨ੍ਹਿਆ। ਇਸ ਸਮਾਗਮ ਵਿੱਚ ਅਸ਼ੋਕ ਚੱਟਾਨੀ, ਸੁਰਜੀਤ ਬਰਾੜ, ਤੇਜਿੰਦਰ ਫਰਵਾਹੀ, ਪਰਗਟ ਸਤੌਜ, ਅੰਜਨਾ ਸ਼ਿਵਦੀਪ, ਡਾ. ਉਜਾਗਰ ਮਾਨ, ਰਾਮ ਸਿੰਘ ਬੀਹਲਾ, ਅਮਰਜੀਤ, ਹਰਪਾਲ ਸਿੰਘ, ਅਮਰਇੰਦਰ ਕੌਰ, ਨਵਜੋਤ ਸਿੰਘ, ਹਰਜੋਤ ਕੌਰ, ਲਵਲੀਨ, ਬ੍ਰਿਜ ਲਾਲ ਗੋਇਲ, ਸ਼ਰਨਜੀਤ ਕੌਰ ਆਦਿ 90 ਲੇਖਕਾਂ ਨੇ ਹਾਜ਼ਰੀ ਲੁਆਈ। ਸਮਾਗਮ ਦੀ ਕਾਰਵਾਈ ਡਾ. ਤਰਸਪਾਲ ਕੌਰ ਨੇ ਬਾਖ਼ੂਬੀ ਨਿਭਾਈ।