Latest News
ਚੋਣ ਪ੍ਰਚਾਰ ਜਾਂ ਦੰਗਿਆਂ ਦੀ ਰਿਹਰਸਲ

Published on 29 Jan, 2020 11:11 AM.


ਦਿੱਲੀ ਵਿੱਚ ਹੋ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਦਿਨ 8 ਫ਼ਰਵਰੀ ਜਿਉਂ-ਜਿਉਂ ਨੇੜੇ ਆ ਰਿਹਾ ਹੈ, ਭਾਜਪਾ ਆਗੂ ਆਪਣੇ ਬਿਆਨਾਂ ਰਾਹੀਂ ਮਰਿਆਦਾਵਾਂ ਦੀਆਂ ਸਭ ਹੱਦਾਂ ਟੱਪਦੇ ਜਾ ਰਹੇ ਹਨ। ਦਿੱਲੀ ਦੀਆਂ ਚੋਣਾਂ ਵਿੱਚ ਤਿੰਨ ਮੁੱਖ ਧਿਰਾਂ ਮੁਕਾਬਲੇ ਵਿੱਚ ਹਨ। ਆਮ ਆਦਮੀ ਪਾਰਟੀ ਚੋਣਾਂ ਵਿੱਚ ਅੱਗੇ ਲੰਘਦੀ ਜਾਪਦੀ ਹੈ, ਪਰ ਉਸ ਦੇ ਆਗੂਆਂ ਵਿੱਚ ਇਸ ਦਾ ਕੋਈ ਹੰਕਾਰ ਨਹੀਂ ਹੈ। ਅਰਵਿੰਦ ਕੇਜਰੀਵਾਲ ਪਿਛਲੇ 5 ਸਾਲਾਂ ਵਿੱਚ ਕੀਤੇ ਕੰਮ ਦੇ ਅਧਾਰ ਉੱਤੇ ਵੋਟਾਂ ਮੰਗ ਰਹੇ ਹਨ। ਕਾਂਗਰਸ ਚੋਣਾਂ ਵਿੱਚ ਪੱਛੜ ਰਹੀ ਜਾਪਦੀ ਹੈ, ਪਰ ਉਸ ਦੇ ਆਗੂਆਂ ਵਿੱਚ ਕੋਈ ਬੁਖਲਾਹਟ ਨਹੀਂ ਹੈ। ਇਨ੍ਹਾਂ ਦੋਵਾਂ ਧਿਰਾਂ ਦੇ ਉਲਟ ਭਾਜਪਾ ਦਾ ਹਰ ਛੋਟਾ-ਵੱਡਾ ਆਗੂ ਜ਼ਹਿਰ ਉਗਲਣ ਲੱਗਾ ਹੋਇਆ ਹੈ।
ਫਿਰਕਾਪ੍ਰਸਤੀ ਫੈਲਾ ਕੇ ਵੋਟਰਾਂ ਦਾ ਧਰੁਵੀਕਰਨ ਕਰਨਾ ਭਾਜਪਾ ਦੀ ਰਾਜਨੀਤੀ ਦਾ ਹਮੇਸ਼ਾ ਮੁੱਖ ਹਥਿਆਰ ਰਿਹਾ ਹੈ। ਇਸ ਲਈ ਚੋਣਾਂ ਸਮੇਂ ਭਾਜਪਾ ਆਗੂਆਂ ਤੋਂ ਇਹ ਆਸ ਰੱਖਣਾ ਕਿ ਉਹ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਾਲੀ ਕੋਈ ਗੱਲ ਕਰਨਗੇ, ਬਿਲਕੁੱਲ ਨਿਰਾਰਥਕ ਹੈ। ਭਾਜਪਾ ਆਗੂ ਬੋਲਣ ਲੱਗਿਆਂ ਇਹ ਵੀ ਭੁੱਲ ਜਾਂਦੇ ਹਨ ਕਿ ਇਸ ਸਮੇਂ ਉਹ ਦੇਸ਼ ਦੀ ਸਰਕਾਰ ਚਲਾ ਰਹੇ ਹਨ। ਉਨ੍ਹਾਂ ਨੂੰ ਇਸ ਗੱਲ ਦੀ ਵੀ ਕੋਈ ਪਰਵਾਹ ਨਹੀਂ ਰਹਿੰਦੀ ਕਿ ਦੇਸ਼ ਦੇ ਵੋਟਰਾਂ ਨੇ ਉਨ੍ਹਾਂ ਨੂੰ ਕਾਨੂੰਨ ਦਾ ਰਾਜ ਕਾਇਮ ਕਰਨ ਲਈ ਰਾਜ-ਸੱਤਾ ਸੌਂਪੀ ਹੈ, ਨਾ ਕਿ ਸਮਾਜ ਨੂੰ ਤੋੜਨ ਲਈ।
ਦਿੱਲੀ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇਹ ਨਾਅਰਾ ਲਗਵਾਇਆ, ''ਦੇਸ਼ ਕੇ ਗਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ।'' ਉਸ ਨੇ ਅੱਗੇ ਕਿਹਾ ਕਿ ਗਦਾਰਾਂ ਨੂੰ ਭਜਾਉਣ ਲਈ ਨਾਅਰਾ ਵੀ ਚਾਹੀਦਾ ਹੈ। ਉਸ ਨੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਨੂੰ ਭਾਰਤ ਦੀ ਇੱਜ਼ਤ ਬਚਾਉਣ ਦੀ ਲੜਾਈ ਦੱਸਦਿਆਂ ਕਿਹਾ ਕਿ ਮੁਸਲਮਾਨ ਦੇਸ਼ ਲਈ ਖ਼ਤਰਾ ਹਨ। ਉਸੇ ਰੈਲੀ ਨੂੰ ਸੰਬੋਧਨ ਕਰਦਿਆਂ ਇੱਕ ਹੋਰ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਕਮਲ ਦਾ ਬਟਨ ਦਬਾਉਣ ਨਾਲ ਹੀ ਇਹ ਗਦਾਰ ਮਰਨਗੇ।
ਦਿੱਲੀ ਤੋਂ ਹੀ ਭਾਜਪਾ ਦੇ ਸਾਂਸਦ ਪ੍ਰਵੇਸ਼ ਵਰਮਾ ਨੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਸਰਕਾਰੀ ਜ਼ਮੀਨਾਂ ਉੱਤੇ ਬਣੀਆਂ ਮਸਜਿਦਾਂ ਇੱਕ ਮਹੀਨੇ ਵਿੱਚ ਢਹਿ-ਢੇਰੀ ਕਰ ਦਿੱਤੀਆਂ ਜਾਣਗੀਆਂ। ਉਸ ਨੇ ਕਿਹਾ ਕਿ ਇਹ ਚੋਣਾਂ ਸਿਰਫ਼ ਚੋਣਾਂ ਨਹੀਂ, ਦੇਸ਼ ਦੀ ਏਕਤਾ ਬਾਰੇ ਫੈਸਲਾ ਕਰਨ ਦੀਆਂ ਚੋਣਾਂ ਹਨ। ਜੇਕਰ ਭਾਜਪਾ 11 ਫ਼ਰਵਰੀ ਨੂੰ ਸੱਤਾ ਵਿੱਚ ਆਉਂਦੀ ਹੈ ਤਾਂ ਸ਼ਾਹੀਨ ਬਾਗ ਨੂੰ ਇੱਕ ਘੰਟੇ ਵਿੱਚ ਖਾਲੀ ਕਰਵਾ ਲਿਆ ਜਾਵੇਗਾ। ਇਸ ਬਿਆਨ ਤੋਂ ਬਾਅਦ ਦਿੱਲੀ ਸਰਕਾਰ ਨੇ ਸਪੱਸ਼ਟ ਕੀਤਾ ਸੀ ਕਿ ਦਿੱਲੀ ਵਿੱਚ ਇੱਕ ਵੀ ਮਸਜਿਦ ਸਰਕਾਰੀ ਜ਼ਮੀਨ ਉੱਤੇ ਨਹੀਂ ਬਣੀ ਹੋਈ। ਪ੍ਰਵੇਸ਼ ਵਰਮਾ ਨੇ ਸ਼ਾਹੀਨ ਬਾਗ਼ ਬਾਰੇ ਜ਼ਹਿਰ ਉਗਲਦਿਆਂ ਇੱਥੋਂ ਤੱਕ ਕਹਿ ਦਿੱਤਾ, ''ਸ਼ਾਹੀਨ ਬਾਗ ਵਿੱਚ ਲੱਖਾਂ ਲੋਕ ਜਮ੍ਹਾਂ ਹਨ, ਦਿੱਲੀ ਦੇ ਲੋਕਾਂ ਨੂੰ ਸੋਚਣਾ ਹੋਵੇਗਾ ਅਤੇ ਫੈਸਲਾ ਕਰਨਾ ਹੋਵੇਗਾ ਕਿ ਉਹ ਤੁਹਾਡੇ ਘਰਾਂ ਵਿੱਚ ਘੁਸਣਗੇ, ਤੁਹਾਡੀਆਂ ਬਹੁ-ਬੇਟੀਆਂ ਨਾਲ ਬਲਾਤਕਾਰ ਕਰਨਗੇ, ਉਨ੍ਹਾਂ ਨੂੰ ਮਾਰ ਦੇਣਗੇ, ਹੁਣ ਵਕਤ ਹੈ, ਕੱਲ੍ਹ ਨੂੰ ਮੋਦੀ ਜੀ ਤੇ ਅਮਿਤ ਸ਼ਾਹ ਤੁਹਾਨੂੰ ਬਚਾਉਣ ਨਹੀਂ ਆ ਸਕਣਗੇ।''
ਇਨ੍ਹਾਂ ਬਿਆਨਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦਾ ਪੱਲਾ ਫੜਨ ਵਾਲੇ ਉਮੀਦਵਾਰ ਕਪਿਲ ਮਿਸ਼ਰਾ ਨੇ ਇਹ ਕਹਿ ਕੇ ਆਪਣੀ ਹੋਛੀ ਸੋਚ ਦਾ ਪ੍ਰਗਟਾਵਾ ਕੀਤਾ ਸੀ ਕਿ ਇਹ ਚੋਣਾਂ ਹਿੰਦੋਸਤਾਨ ਤੇ ਪਾਕਿਸਤਾਨ ਵਿਚਕਾਰ ਮੁਕਾਬਲਾ ਹਨ। ਉਸ ਨੇ ਸ਼ਾਹੀਨ ਬਾਗ ਨੂੰ ਵੀ ਮਿੰਨੀ ਪਾਕਿਸਤਾਨ ਕਿਹਾ ਸੀ। ਕਪਿਲ ਮਿਸ਼ਰਾ ਦਾ ਇਹ ਬਿਆਨ ਸਪੱਸ਼ਟ ਤੌਰ ਉੱਤੇ ਭਾਜਪਾ ਨੂੰ ਵੋਟ ਪਾਉਣ ਵਾਲਿਆਂ ਨੂੰ ਹਿੰਦੋਸਤਾਨੀ ਤੇ ਵਿਰੋਧੀਆਂ ਨੂੰ ਵੋਟ ਪਾਉਣ ਵਾਲਿਆਂ ਨੂੰ ਪਾਕਿਸਤਾਨੀ ਵਜੋਂ ਪੇਸ਼ ਕਰਦਾ ਸੀ। ਇਸ ਬਿਆਨ ਤੋਂ ਬਾਅਦ ਚੋਣ ਕਮਿਸ਼ਨ ਨੇ ਉਸ ਦੀ 48 ਘੰਟੇ ਲਈ ਜ਼ੁਬਾਨਬੰਦੀ ਕੀਤੀ ਸੀ। ਹੁਣ ਉਸ ਨੇ ਨਵਾਂ ਬਿਆਨ ਦੇ ਦਿੱਤਾ ਹੈ ਕਿ ਇਹ ਚੋਣ 80 ਫ਼ੀਸਦੀ ਦੀ 20 ਫ਼ੀਸਦੀ ਨਾਲ ਜੰਗ ਹੈ, ਜਿਸ ਦਾ ਸਿੱਧਾ ਮਤਲਬ ਦਿੱਲੀ ਦੀ 80 ਫ਼ੀਸਦੀ ਹਿੰਦੂ ਆਬਾਦੀ ਤੇ 20 ਫ਼ੀਸਦੀ ਮੁਸਲਮਾਨਾਂ ਦੀ ਅਬਾਦੀ ਤੋਂ ਹੈ।
ਭਾਜਪਾ ਦੇ ਇਨ੍ਹਾਂ ਆਗੂਆਂ ਨੂੰ ਕੀ ਦੋਸ਼ ਦਿੱਤਾ ਜਾ ਸਕਦਾ ਹੈ, ਜਦੋਂ ਦੇਸ਼ ਦਾ ਗ੍ਰਹਿ ਮੰਤਰੀ ਤੇ ਭਾਜਪਾ ਦਾ ਸਾਬਕਾ ਪ੍ਰਧਾਨ ਅਮਿਤ ਸ਼ਾਹ ਸ਼ਾਹੀਨ ਬਾਗ਼ ਦੀਆਂ ਅੰਦੋਲਨਕਾਰੀ ਔਰਤਾਂ ਵਿਰੁੱਧ ਭੜਕਾਹਟ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਅਮਿਤ ਸ਼ਾਹ ਨੇ ਬਾਬਰਪੁਰ ਇਲਾਕੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਕਿਹਾ ਕਿ ਤੁਸੀਂ ਵੋਟ ਪਾਉਂਦੇ ਸਮੇਂ ਈ ਵੀ ਐੱਮ ਮਸ਼ੀਨ ਦੇ ਬਟਨ ਨੂੰ ਏਨੇ ਜ਼ੋਰ ਨਾਲ ਦਬਾਇਓ ਕਿ ਕਰੰਟ ਸ਼ਾਹੀਨ ਬਾਗ ਤੱਕ ਪੁੱਜ ਜਾਵੇ। ਭਾਜਪਾ ਆਗੂਆਂ ਦੇ ਲਗਾਤਾਰ ਆ ਰਹੇ ਨਫ਼ਰਤ ਭਰੇ ਬਿਆਨਾਂ ਤੋਂ ਤਾਂ ਇਹ ਜਾਪਦਾ ਹੈ ਕਿ ਉਹ ਦਿੱਲੀ ਵਿੱਚ ਚੋਣਾਂ ਨਹੀਂ ਲੜ ਰਹੇ, ਦੰਗੇ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਤੱਕ ਤਾਂ ਦਿੱਲੀ ਦੇ ਲੋਕਾਂ ਨੇ ਭਾਜਪਾ ਦੀ ਇਸ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦਿੱਤਾ, ਅੱਗੋਂ ਹਵਾ ਕਿਸ ਪਾਸੇ ਵੱਲ ਵਗਦੀ ਹੈ, ਇਹ ਤਾਂ ਸਮਾਂ ਹੀ ਦੱਸੇਗਾ। ਭਾਜਪਾ ਦਾ ਲੋਕਤੰਤਰ ਵਿੱਚ ਕੋਈ ਵਿਸ਼ਵਾਸ ਨਹੀਂ, ਉਸ ਨੂੰ ਹਾਰ ਹਜ਼ਮ ਨਹੀਂ ਹੁੰਦੀ। ਇਸ ਲਈ ਉਹ ਆਉਂਦੇ ਦਸ ਦਿਨਾਂ ਦੌਰਾਨ ਕੋਈ ਨਵਾਂ ਫਿਰਕੂ ਪੱਤਾ ਸੁੱਟ ਦੇਵੇ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
- ਚੰਦ ਫਤਿਹਪੁਰੀ

883 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper