Latest News
ਬੱਚੇ ਵੀ ਨਹੀਂ ਬਖਸ਼ੇ

Published on 30 Jan, 2020 11:21 AM.


ਬੱਚਿਆਂ ਵੱਲੋਂ ਖੇਡੀ ਗਈ ਇੱਕ ਸਕਿੱਟ ਦੇ ਖਿਲਾਫ ਹੋਈ ਸ਼ਿਕਾਇਤ ਦੇ ਆਧਾਰ 'ਤੇ ਕਰਨਾਟਕ ਪੁਲਸ ਵੱਲੋਂ ਦੇਸ਼ਧ੍ਰੋਹ ਦਾ ਕੇਸ ਦਰਜ ਕਰਨ ਤੇ ਫਿਰ 9-10 ਸਾਲ ਦੇ ਬੱਚਿਆਂ ਤੋਂ ਪੁੱਛਗਿੱਛ ਕਰਨ ਨੇ ਅੰਗਰੇਜ਼ਾਂ ਵੱਲੋਂ ਲੋਕਾਂ ਨੂੰ ਦਬਾਉਣ ਲਈ ਲਾਗੂ ਕੀਤੀ ਗਈ ਦੇਸ਼ਧ੍ਰੋਹ ਦੀ ਧਾਰਾ 124 ਏ ਨੂੰ ਖਤਮ ਕੀਤੇ ਜਾਣ ਦੀ ਫੌਰੀ ਲੋੜ ਨੂੰ ਫਿਰ ਸਾਹਮਣੇ ਲੈ ਆਂਦਾ ਹੈ। ਬਿਦਰ ਦੇ ਸ਼ਾਹੀਨ ਪ੍ਰਾਇਮਰੀ ਐਂਡ ਹਾਈ ਸਕੂਲ ਵਿਚ ਬੱਚਿਆਂ ਨੇ ਸੀ ਏ ਏ ਤੇ ਐੱਨ ਆਰ ਸੀ ਨੂੰ ਲੈ ਕੇ ਦੇਸ਼ ਵਿਚ ਬਣੇ ਮਾਹੌਲ 'ਤੇ 21 ਜਨਵਰੀ ਨੂੰ ਸਕਿੱਟ ਖੇਡੀ ਸੀ। ਸਕਿੱਟ ਵਿਚ ਬਜ਼ੁਰਗ ਮਹਿਲਾ ਦਾ ਰੋਲ ਕਰ ਰਹੀ ਕੁੜੀ ਇਕ ਅਧਿਕਾਰੀ ਨੂੰ ਕਹਿੰਦੀ ਹੈ ਕਿ ਉਸ ਕੋਲ ਕੋਈ ਦਸਤਾਵੇਜ਼ ਨਹੀਂ ਹੈ। ਇਕ ਹੋਰ ਬੱਚਾ ਕਹਿੰਦਾ ਹੈ, ''ਸਰਕਾਰ ਮੁਸਲਮਾਨਾਂ ਨੂੰ ਭਾਰਤ ਛੱਡਣ ਲਈ ਕਹਿ ਰਹੀ ਹੈ।'' ਇਸ ਤੋਂ ਬਾਅਦ ਤੀਜਾ ਬੱਚਾ ਬਜ਼ੁਰਗ ਮਹਿਲਾ ਦਾ ਰੋਲ ਕਰਨ ਵਾਲੀ ਕੁੜੀ ਨੂੰ ਪੁੱਛਦਾ ਹੈ, ''ਅੰਮਾ, ਮੋਦੀ ਸਾਨੂੰ ਸਾਡੇ ਬਾਪ ਤੇ ਦਾਦੇ ਦੇ ਦਸਤਾਵੇਜ਼ ਦਿਖਾਉਣ ਨੂੰ ਕਹਿ ਰਹੇ ਹਨ। ਜੇ ਨਹੀਂ ਹਨ, ਤਾਂ ਉਹ ਸਾਨੂੰ ਦੇਸ਼ ਛੱਡਣ ਲਈ ਕਹਿ ਰਹੇ ਹਨ।'' ਕੁੜੀ ਜਵਾਬ ਦਿੰਦੀ ਹੈ, ''ਜੇ ਕੋਈ ਦਸਤਾਵੇਜ਼ ਮੰਗਦਾ ਹੈ ਤਾਂ ਉਸ ਨੂੰ ਜੁੱਤੀਆਂ ਮਾਰੋ।'' ਫੇਸਬੁੱਕ 'ਤੇ ਇਸ ਦੀ ਵੀਡੀਓ ਕਲਿੱਪ ਦੇਖਣ ਤੋਂ ਬਾਅਦ ਖੁਦ ਨੂੰ ਸਮਾਜ ਸੇਵਕ ਦੱਸਣ ਵਾਲੇ ਨੌਜਵਾਨ ਨੀਲੇਸ਼ ਰਕਸ਼ਾਲ ਨੇ ਪੁਲਸ ਕੋਲ ਸ਼ਿਕਾਇਤ ਕਰ ਦਿੱਤੀ ਕਿ ਸਕੂਲ ਵਾਲੇ ਗਲਤ ਸੂਚਨਾ ਫੈਲਾ ਰਹੇ ਹਨ, ਜਿਸ ਨਾਲ ਅਮਨ ਨੂੰ ਖਤਰਾ ਪੈਦਾ ਹੋ ਸਕਦਾ ਹੈ। ਪੁਲਸ ਨੇ ਸਕੂਲ ਚਲਾਉਣ ਵਾਲੇ ਸ਼ਾਹੀਨ ਗਰੁੱਪ ਆਫ ਇੰਸਟੀਚਿਊਸ਼ਨ ਦੇ ਚੇਰਪਰਸਨ ਅਬਦੁੱਲ ਕਦੀਰ ਤੇ ਹੋਰਨਾਂ ਪ੍ਰਬੰਧਕਾਂ ਖਿਲਾਫ ਦੇਸ਼ਧ੍ਰੋਹ ਦਾ ਕੇਸ ਦਰਜ ਕਰ ਲਿਆ। ਕਦੀਰ ਨੇ ਕਿਹਾ ਹੈ ਕਿ ਨਾਗਰਿਕਤਾ ਕਾਨੂੰਨ ਬਾਰੇ ਲੋਕਾਂ ਦੀ ਚਿੰਤਾ ਨੂੰ ਦਰਸਾਉਂਦੀ ਸਕਿੱਟ ਵਿਚ ਬੱਚਿਆਂ ਨੇ ਕੁਝ ਤਿੱਖੀਆਂ ਗੱਲਾਂ ਕਰ ਦਿੱਤੀਆਂ, ਪਰ ਉਹ ਨਹੀਂ ਸਮਝਦੇ ਕਿ ਬੱਚਿਆਂ ਤੋਂ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ। ਅਧਿਆਪਕ ਨੇ ਸਕਿੱਟ ਗਹੁ ਨਾਲ ਨਹੀਂ ਦੇਖੀ, ਇਸ ਵਿਚ ਬੱਚਿਆਂ ਨੂੰ ਕਸੂਰਵਾਰ ਨਹੀਂ ਮੰਨਣਾ ਚਾਹੀਦਾ। ਹਾਲਾਂਕਿ ਕਦੀਰ ਨੇ ਅਜਿਹਾ ਮਾਮਲਾ ਵਿਗੜਨੋਂ ਰੋਕਣ ਲਈ ਕਿਹਾ ਹੈ, ਪਰ ਬੱਚਿਆਂ ਨੇ ਜਿਹੜੀ ਸਕਿੱਟ ਖੇਡੀ, ਉਹ ਦੇਸ਼ ਦੀ ਚੋਖੀ ਆਬਾਦੀ ਦੀ ਚਿੰਤਾ ਨੂੰ ਦਰਸਾਉਂਦੀ ਹੈ।
ਮੁਜ਼ਾਹਰਾ ਕਰਨ ਵਾਲਿਆਂ ਤੇ ਜੇ ਐੱਨ ਯੂ ਵਿਚ ਤਾਨਾਸ਼ਾਹੀ ਤੋਂ ਆਜ਼ਾਦੀ ਦੀ ਗੱਲ ਕਰਨ ਵਾਲੇ ਕਨ੍ਹੱਈਆ ਕੁਮਾਰ ਵਰਗਿਆਂ ਖਿਲਾਫ ਦੇਸ਼ਧ੍ਰੋਹ ਦੀ ਧਾਰਾ ਤਾਂ ਹਾਕਮ ਪਹਿਲਾਂ ਵੀ ਲਾ ਚੁੱਕੇ ਹਨ, ਪਰ ਨਿੱਕੇ ਬੱਚਿਆਂ ਦੀ ਸਕਿੱਟ ਨੂੰ ਲੈ ਕੇ ਕਰਨਾਟਕ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਨੇ ਇਹ ਗੱਲ ਹੋਰ ਪੱਕੀ ਕਰ ਦਿੱਤੀ ਹੈ ਕਿ ਹਾਕਮ ਕਿਸੇ ਵੀ ਤਰ੍ਹਾਂ ਦੀ ਤੇ ਕਿਸੇ ਵੱਲੋਂ ਵੀ ਜਤਾਈ ਗਈ ਅਸਹਿਮਤੀ ਨੂੰ ਸਹਿਣ ਕਰਨ ਲਈ ਤਿਆਰ ਨਹੀਂ। ਬੱਚਿਆਂ ਨੇ ਤਾਂ ਸਿਰਫ ਉਹੀ ਦਰਸਾਇਆ, ਜੋ ਦੇਸ਼-ਭਰ ਵਿਚ ਚੱਲ ਰਿਹਾ ਹੈ। ਸਕਿੱਟਾਂ ਤੇ ਨਾਟਕ ਸਮਾਜ ਦਾ ਆਈਨਾ ਹੁੰਦੇ ਹਨ ਤੇ ਜੇ ਤਸਵੀਰ ਦਿਲਕਸ਼ ਨਹੀਂ ਤਾਂ ਆਈਨਾ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ। ਅੱਜ ਭਾਰਤ ਆਜ਼ਾਦ ਹੈ, ਜਿੱਥੋਂ ਦੇ ਲੋਕ ਪ੍ਰਭਸੱਤਾ-ਸੰਪੰਨ ਹਨ। ਉਨ੍ਹਾਂ ਨੂੰ ਬੋਲਣ ਦਾ ਹੱਕ ਤੇ ਸਿਆਸੀ ਲੀਡਰਸ਼ਿਪ ਨੂੰ ਚੈਲੰਜ ਕਰਨ ਦਾ ਹੱਕ ਹਾਸਲ ਹੈ। ਇਸਨੂੰ ਵਿਡੰਬਨਾ ਹੀ ਕਿਹਾ ਜਾ ਸਕਦਾ ਹੈ ਕਿ ਸੁਪਰੀਮ ਕੋਰਟ ਇਸ ਧਾਰਾ ਤਹਿਤ ਫੜੇ ਕਈ ਲੋਕਾਂ ਨੂੰ ਬਰੀ ਕਰ ਚੁੱਕੀ ਹੈ ਤੇ ਇਸ ਧਾਰਾ ਦੀ ਦੁਰਵਰਤੋਂ ਖਿਲਾਫ ਚਿਤਾਵਨੀ ਦੇ ਚੁੱਕੀ ਹੈ, ਪਰ ਹਾਕਮ ਫਿਰ ਵੀ ਇਸ ਦੀ ਦੁਰਵਰਤੋਂ ਰੋਕਣ ਲਈ ਤਿਆਰ ਨਹੀਂ।

800 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper