ਅੰਮ੍ਰਿਤਸਰ
(ਜਸਬੀਰ ਸਿੰਘ ਪੱਟੀ)
ਪੂਰੇ ਦੇਸ਼ ਦੇ ਸਰਕਾਰੀ ਸਕੂਲਾਂ ਅੰਦਰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਉਤਸ਼ਾਹਤ ਕਰਨ ਤੋਂ ਇਲਾਵਾ ਸਰਕਾਰੀ ਸਕੂਲਾਂ ਅੰਦਰ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵੀ ਸਮੇਂ ਦਾ ਹਾਣੀ ਬਣਾਉਣ ਲਈ ਲੰਮੇ ਸਮੇਂ ਤੋਂ ਯਤਨਸ਼ੀਲ ਨਵੋਦਿਆ ਕ੍ਰਾਂਤੀ ਪਰਵਾਰ ਵੱਲੋਂ ਕਰਵਾਈ ਜਾ ਰਹੀ ਤਿੰਨ ਰੋਜ਼ਾ ਨੈਸ਼ਨਲ ਕਾਨਫਰੰਸ ਐਤਵਾਰ ਗੁਰੂ ਨਗਰੀ ਅੰਮ੍ਰਿਤਸਰ ਦੀ ਆਰਟ ਗੈਲਰੀ ਵਿਖੇ ਸ਼ੁਰੂ ਹੋ ਗਈ।
ਇਸ ਸੰਬੰਧੀ ਨਵੋਦਿਆ ਕ੍ਰਾਂਤੀ ਪਰਵਾਰ ਅੰਮ੍ਰਿਤਸਰ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਕਾਨਫ਼ਰੰਸ ਦੌਰਾਨ ਪੂਰੇ ਦੇਸ਼ 'ਚੋਂ ਪਹੁੰਚਣ ਵਾਲੇ ਉੱਚ ਕੋਟੀ ਦੇ ਵਿਦਵਾਨ ਜਿੱਥੇ ਸਰਕਾਰੀ ਸਕੂਲਾਂ ਤੇ ਉਨ੍ਹਾਂ ਅੰਦਰ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਬਿਹਤਰੀ ਲਈ ਆਪਣੇ ਵਿਚਾਰ ਸਾਂਝੇ ਕਰਨਗੇ, ਉੱਥੇ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾਉਣ ਲਈ ਨਿਰੰਤਰ ਯਤਨ ਕਰਨ ਵਾਲੇ ਅਧਿਆਪਕ, ਅਧਿਆਪਕਾਂ ਨੂੰ ਨੈਸ਼ਨਲ ਤੇ ਸਟੇਟ ਐਵਾਰਡਾਂ ਨਾਲ ਸਨਮਾਨਤ ਵੀ ਕੀਤਾ ਜਾਵੇਗਾ। ਇਸ ਦੌਰਾਨ ਅੰਮ੍ਰਿਤਸਰ ਜਿਲ੍ਹੇ ਨਾਲ ਸੰਬੰਧਤ ਅਧਿਆਪਕਾਂ 'ਚੋਂ ਸਿੱਖਿਆ ਸਮੇਤ ਹੋਰਨਾਂ ਸਮਾਜਕ ਖੇਤਰਾਂ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੇ ਅਧਿਆਪਕ ਸੁਖਜਿੰਦਰ ਸਿੰਘ ਹੇਰ ਤੇ ਪਿੰ੍ਰ. ਭੁਪਿੰਦਰ ਕੌਰ ਨੂੰ ਨੈਸ਼ਨਲ ਪੱਧਰੀ ਐਵਾਰਡ, ਜਦਕਿ ਅਧਿਆਪਕ ਮਨਪ੍ਰੀਤ ਸਿੰਘ ਸੰਧੂ ਚਮਿਆਰੀ, ਹਰਬਿੰਦਰ ਸਿੰਘ, ਜਗਦੇਵ ਸਿੰਘ, ਸਰਬਜੀਤ ਸਿੰਘ ਜੰਡਿਆਲਾ ਗੁਰੂ, ਬਲਜੀਤ ਕੌਰ ਕੋਟਲੀ ਸੱਕਿਆਂ ਵਾਲੀ ਤੇ ਗੁਰਨਾਮ ਕੌਰ ਨੂੰ ਰਾਜ ਪੱਧਰੀ ਐਵਾਰਡ ਦੇ ਕੇ ਨਿਵਾਜਿਆ ਜਾਵੇਗਾ।
ਦੱਸਣਯੋਗ ਹੈ ਕਿ ਨਵੋਦਿਆ ਕਾਂਤੀ ਪਰਵਾਰ ਵੱਲੋਂ ਹਰ ਸਾਲ ਇੱਕ ਸਨਮਾਨ ਸਮਾਰੋਹ ਕਰਵਾਇਆ ਜਾਂਦਾ ਹੈ। ਇਸ ਪਰਵਾਰ ਨਾਲ 20 ਤੋਂ ਵਧੇਰੇ ਵੱਖ-ਵੱਖ ਰਾਜਾਂ ਦੇ ਅਧਿਆਪਕ ਜੁੜ ਚੁੱਕੇ ਹਨ। ਇਸ ਸੰਸਥਾ ਵੱਲੋਂ ਆਪਣਾ ਦੂਸਰਾ ਰਾਸ਼ਟਰੀ ਪੱਧਰ ਦਾ ਸਨਮਾਨ ਸਮਾਰੋਹ ਤੇ ਕਾਨਫ਼ਰੰਸ 2 ਤੋਂ 4 ਫਰਵਰੀ ਤੱਕ ਗੁਰੂ ਨਗਰੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਵਿਖੇ ਕਰਵਾਈ ਜਾ ਰਹੀ ਹੈ। ਸਰਕਾਰੀ ਅਧਿਆਪਕਾਂ ਦੇ ਇਸ ਮਹਾਂ ਕੁੰਭ ਵਿੱਚ ਪੂਰੇ ਦੇਸ਼ ਤੋਂ 500 ਤੋਂ 600 ਅਧਿਆਪਕਾਂ ਦੇ ਪਹੁੰਚਣ ਦੀ ਉਮੀਦ ਹੈ।