ਜਲਾਲਾਬਾਦ (ਰਣਬੀਰ ਕੌਰ ਢਾਬਾਂ)-ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਜਿੱਥੇ ਸਿੱਖਿਆ ਵਿੱਚ ਸੁਧਾਰ ਕਰਨ ਲਈ ਕਈ ਤਰ੍ਹਾਂ ਦੇ ਕਦਮ ਪੁੱਟੇ ਜਾ ਰਹੇ ਹਨ, ਉਸੇ ਤਰ੍ਹਾਂ ਹੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੇ ਪ੍ਰਿੰਸੀਪਲਾਂ ਵੱਲੋਂ ਸਕੂਲਾਂ ਨੂੰ ਆਕਰਸ਼ਤ ਅਤੇ ਮਨਮੋਹਕ ਬਣਾਉਣ ਤੇ ਚੰਗੇ ਨਤੀਜੇ ਦੇਣ ਲਈ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ।ਇਸੇ ਤਰ੍ਹਾਂ ਦੀ ਹੀ ਮਿਸਾਲ ਪੇਸ਼ ਕਰ ਰਿਹਾ ਹੈ ਜ਼ਿਲ੍ਹੇ ਦੇ ਪਿੰਡ ਕਰਨੀ ਖੇੜਾ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ।ਇਸ ਸਕੂਲ ਦੀ ਪ੍ਰਿੰਸੀਪਲ ਮੈਡਮ ਮੰਜੂ ਠਕਰਾਲ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਕੂਲ ਦੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਸਕੂਲ ਨੂੰ ਜਿੱਥੇ ਹਰਿਆ-ਭਰਿਆ ਤੇ ਆਕਰਸ਼ਿਤ ਬਣਾਇਆ ਗਿਆ ਹੈ, ਉੱਥੇ ਹੀ ਇਸ ਸਕੂਲ ਵਿੱਚ ਸਾਇੰਸ ਪਾਰਕ, ਬਾਲਾ ਵਰਕ, ਸਾਇੰਸ ਲੈਬ ਕੰਪਿਊਟਰ ਲੈਬ, ਵਿਦਿਆਰਥੀਆਂ ਦਾ ਗਿਆਨ ਵਧਾਉਣ ਲਈ ਸਾਹਿਤਕ ਤੇ ਸਿੱਖਿਆ ਨਾਲ ਸਬੰਧਿਤ ਕਿਤਾਬਾਂ ਨਾਲ ਭਰਪੂਰ ਲਾਇਬ੍ਰੇਰੀ ਸ਼ਾਮਲ ਹਨ।
ਸਕੂਲ ਦੇ ਪੰਜਾਬੀ ਅਧਿਆਪਕ ਟਹਿਲ ਸਿੰਘ ਨੇ ਦੱਸਿਆ ਕਿ ਸਕੂਲ ਦਾ ਨਤੀਜਾ ਸੌ ਫੀਸਦੀ ਰਹਿੰਦਾ ਹੈ ਅਤੇ ਖਾਸ ਤੌਰ 'ਤੇ ਪ੍ਰਿੰਸੀਪਲ ਮੈਡਮ ਵੱਲੋਂ ਨਕਲ ਰੋਕਣ ਲਈ ਸਖ਼ਤੀ ਵਰਤੀ ਜਾ ਰਹੀ ਹੈ, ਜਿਸ ਦਾ ਨਤੀਜਾ ਹੈ ਕਿ ਵਿਦਿਆਰਥੀਆਂ ਦੀ ਨੀਂਹ ਹੋਰ ਮਜ਼ਬੂਤ ਬਣੇਗੀ।ਖੇਡਾਂ ਦੇ ਖੇਤਰ ਵਿੱਚ ਵੀ ਕਰਨੀ ਵਾਲਾ ਸਕੂਲ ਨੇ ਜ਼ਿਲ੍ਹਾ ਸੂਬਾ ਛੱਡ ਕੇ ਕੌਮਾਂਤਰੀ ਪੱਧਰ 'ਤੇ ਆਪਣਾ ਨਾਮ ਰੌਸ਼ਨ ਕੀਤਾ ਹੈ।ਸਕੂਲ ਦੀ ਸਰੀਰਕ ਸਿੱਖਿਆ ਵਿਭਾਗ ਦੀ ਅਧਿਆਪਕਾ ਸ੍ਰੀਮਤੀ ਨੀਰਜ ਭਾਸਕਰ ਨੇ ਦੱਸਿਆ ਕਿ ਬੀਤੇ ਦਿਨੀਂ ਹੋਏ ਖੇਡ ਮੁਕਾਬਲਿਆਂ ਵਿੱਚ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਗੁਰਏਕਮ ਵੁਸ਼ੂ ਗੇਮ ਵਿੱਚ ਕੌਮਾਂਤਰੀ ਪੱਧਰ 'ਤੇ ਚੁਣਿਆ ਗਿਆ ਹੈ, ਜੋ ਕਿ ਸਕੂਲ ਲਈ ਬੜੇ ਮਾਣ ਦੀ ਗੱਲ ਹੈ।ਸਕੂਲ ਦੀ ਦਿੱਖ ਨੂੰ ਵਧੀਆ ਬਣਾਉਣ ਲਈ ਪਿੰਡ ਦੇ ਸਰਪੰਚ ਸੰਦੀਪ ਸਿੰਘ ਤੇ ਐੱਸ ਐੱਮ ਸੀ ਕਮੇਟੀ ਦੇ ਚੇਅਰਮੈਨ ਪ੍ਰਵੀਨ ਕੁਮਾਰ ਦਾ ਅਹਿਮ ਯੋਗਦਾਨ ਹੈ।