ਬੁਢਲਾਡਾ (ਅਸ਼ੋਕ ਲਾਕੜਾ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਕੁਲਵੰਤ ਰਾਏ ਸਿੰਗਲਾ ਤੇ ਕਾਂਗਰਸ ਦੇ ਹਲਕਾ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਵੱਲੋਂ ਸਥਾਨਕ ਸੀਨੀਅਰ ਸੈਕੰਡਰੀ ਸਕੂਲ (ਗਰਲਜ਼) ਵਿਖੇ ਪ੍ਰਾਇਮਰੀ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਵਿਦਿਆਰਥੀਆਂ ਨੂੰ ਡਿਜੀਟਲ ਸਿਸਟਮ ਰਾਹੀਂ ਪੜ੍ਹਾਉਣ ਲਈ ਪ੍ਰੋਜੈਕਟਰ ਵੰਡੇ ਗਏ। ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਚਲਾਈ ਜਾ ਰਹੀ ਸਮਾਰਟ ਸਕੂਲ ਮਿਸ਼ਨ ਮੁਹਿੰਮ ਤਹਿਤ ਇਹ ਪ੍ਰੋਜੈਕਟਰ ਵੰਡੇ ਜਾ ਰਹੇ ਹਨ। ਉਨ੍ਹਾ ਕਿਹਾ ਕਿ ਸਕੂਲਾ ਨੂੰ ਜਿੱਥੇ ਸਮਾਰਟ ਬਣਾਇਆ ਜਾ ਰਿਹਾ ਹੈ, ਉਥੇ ਹੀ ਸਕੂਲਾ ਦੀ ਡਿਜੀਟਲਾਈਜ਼ੇਸ਼ਨ ਕਰਕੇ ਸਮੇਂ ਦੇ ਹਾਣ ਦਾ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਤੇ ਉੱਜਵਲ ਕੀਤਾ ਜਾ ਸਕੇ। ਉਨ੍ਹਾ ਦੱਸਿਆ ਕਿ ਬਲਾਕ ਬੁਢਲਾਡਾ ਦੇ 21 ਸੈਕੰਡਰੀ ਤੇ 47 ਪ੍ਰਾਇਮਰੀ ਸਕੂਲਾਂ ਤੋਂ ਇਲਾਵਾ ਬਰੇਟਾ ਬਲਾਕ ਦੇ 28 ਸਕੂਲਾਂ ਨੂੰ ਪ੍ਰੋਜੈਕਟਰ ਵੰਡੇ ਗਏ। ਸ੍ਰੀ ਸਿੰਗਲਾ ਨੇ ਭਰੋਸਾ ਦਿੱਤਾ ਕਿ ਸਿੱਖਿਆ ਮੰਤਰੀ ਵੱਲੋਂ ਸਰਕਾਰੀ ਸਕੂਲਾਂ 'ਚ ਲੋੜੀਂਦੀਆਂ ਘਾਟਾਂ ਨੂੰ ਪੂਰਾ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਰਾਜਵੰਤ ਕੌਰ ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਨੇ ਕਿਹਾ ਕਿ ਸਰਕਾਰ ਦੇ ਇਸ ਉੱਦਮ ਸਦਕਾ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਧੁਨਿਕ ਤਰੀਕੇ ਨਾਲ ਪੜ੍ਹਾਈ ਕਰ ਸਕਣਗੇ, ਜਿਸ ਸਦਕਾ ਸਾਲਾਨਾ ਨਤੀਜੇ ਹੋਰ ਵਧੀਆ ਆਉਣਗੇ। ਇਸ ਮੌਕੇ ਜਗਰੂਪ ਸਿੰਘ ਭਾਰਤੀ, ਗੁਰਲਾਭ ਸਿੰਘ, ਮਾਨਸਾ, ਬਲਾਕ ਪ੍ਰਧਾਨ ਤੀਰਥ ਸਿੰਘ ਸਵੀਟੀ, ਬਿਹਾਰੀ ਸਿੰੰਘ, ਹਰਬੰਸ ਸਿੰਘ ਖਿੱਪਲ, ਅਸ਼ੋਕ ਕੁਮਾਰ, ਜਗਜੀਤ ਸਿੰਘ ਆਦਿ ਮੌਜੂਦ ਸਨ।