Latest News
ਖਾਪ ਪੰਚਾਇਤ ਦੇ ਅਗਾਂਹਵਧੂ ਫੈਸਲੇ

Published on 04 Feb, 2020 10:29 AM.


ਖਾਪ ਪੰਚਾਇਤਾਂ ਜਾਤੀਵਾਦੀ ਤੇ ਗੋਤਵਾਦੀ ਫੈਸਲੇ ਕਰਨ ਲਈ ਬਦਨਾਮ ਰਹੀਆਂ ਹਨ, ਪਰ ਜ਼ਮਾਨੇ ਦੀ ਬਦਲਦੀ ਚਾਲ ਨਾਲ ਉਨ੍ਹਾਂ ਦੀ ਸੋਚ ਵਿਚ ਵੀ ਤਬਦੀਲੀ ਨਜ਼ਰ ਆ ਰਹੀ ਹੈ। ਉਹ ਹੁਣ ਅਜਿਹੇ ਫੈਸਲੇ ਕਰਨ ਲੱਗ ਪਈਆਂ ਹਨ, ਜਿਹੜੇ ਸਿਹਤਮੰਦ ਸਮਾਜ ਸਿਰਜਣ ਵਿਚ ਅਹਿਮ ਯੋਗਦਾਨ ਦੇ ਸਕਦੇ ਹਨ। ਲੰਘੇ ਐਤਵਾਰ ਰੋਹਤਕ ਜ਼ਿਲ੍ਹੇ ਦੀ ਸ਼ੇਰਾਵਤ ਖਾਪ, ਜਿਹੜੀ 22 ਪਿੰਡਾਂ ਵਿਚ ਅਸਰ ਰੱਖਦੀ ਹੈ, ਨੇ ਕਈ ਉਸਾਰੂ ਫੈਸਲੇ ਕੀਤੇ। ਇਨ੍ਹਾਂ ਵਿਚ ਸਭ ਤੋਂ ਅਹਿਮ ਫੈਸਲਾ ਇਹ ਹੈ ਕਿ ਹਰੇਕ ਪਰਵਾਰ ਲਈ ਆਪਣੇ ਬੱਚਿਆਂ ਨੂੰ ਬਾਰ੍ਹਵੀਂ ਤੱਕ ਤਾਲੀਮ ਦਿਵਾਉਣੀ ਲਾਜ਼ਮੀ ਹੋਵੇਗੀ। ਮੀਟਿੰਗ ਦੀ ਪ੍ਰਧਾਨਗੀ ਕਰਨ ਵਾਲੇ ਸਤਬੀਰ ਸਿੰਘ ਮੁਤਾਬਕ ਖਾਪ ਪੰਚਾਇਤ ਪਿੰਡਾਂ ਵਿਚ ਭਰੂਣ ਹੱਤਿਆ ਰੋਕਣ ਅਤੇ ਕੁੜੀਆਂ-ਮੁੰਡਿਆਂ ਦਾ ਪੜ੍ਹਾਈ ਦਾ ਬਰਾਬਰ ਦਾ ਹੱਕ ਯਕੀਨੀ ਬਣਾਉਣ ਲਈ ਸੱਦੀ ਗਈ ਸੀ। ਇਸ ਵਿਚ ਬਾਰ੍ਹਵੀਂ ਤੱਕ ਦੀ ਪੜ੍ਹਾਈ ਯਕੀਨੀ ਬਣਾਉਣ ਦਾ ਫੈਸਲਾ ਇਸ ਕਰਕੇ ਲਿਆ ਗਿਆ, ਕਿਉਂਕਿ ਇਹ ਨੋਟ ਕੀਤਾ ਗਿਆ ਕਿ ਸਕੂਲ ਵਿਚੇ ਛੱਡ ਦੇਣ ਵਾਲੇ ਮੁੰਡੇ ਪੁੱਠੇ ਕੰਮਾਂ ਵਿਚ ਪੈ ਜਾਂਦੇ ਹਨ ਅਤੇ ਨਸ਼ੇ ਕਰਨ ਲਗਦੇ ਹਨ। ਭਾਈਚਾਰੇ ਵਿਚ ਕਈ ਵਿਆਹ ਮੁੰਡਿਆਂ ਤੇ ਕੁੜੀਆਂ ਵਿਚਾਲੇ ਕੁਆਲੀਫਿਕੇਸ਼ਨ ਦੇ ਪਾੜੇ ਕਾਰਨ ਟੁੱਟ ਜਾਂਦੇ ਹਨ। ਪੰਚਾਇਤ ਨੇ ਇਹ ਫੈਸਲਾ ਵੀ ਕੀਤਾ ਹੈ ਕਿ ਬਜ਼ੁਰਗ ਦੇ ਮਰਨ 'ਤੇ ਵੱਡੇ ਕਰਨ ਵਾਲੀ ਰਸਮ ਵੀ ਨਹੀਂ ਕੀਤੀ ਜਾਵੇਗੀ। ਲਏ ਗਏ ਹੋਰਨਾਂ ਫੈਸਲਿਆਂ ਵਿਚ ਡੀ ਜੇ ਸਿਸਟਮ, ਸ਼ਰਾਬ ਤੇ ਵਿਆਹਾਂ ਵਿਚ ਗੋਲੀਆਂ ਚਲਾਉਣ ਦੀ ਫੁਕਰੇਬਾਜ਼ੀ 'ਤੇ ਪਾਬੰਦੀ ਸ਼ਾਮਲ ਹਨ। ਖਾਪ ਪੰਚਾਇਤ ਨੇ ਵਿਆਹਾਂ 'ਤੇ ਖਰਚੇ ਘਟਾਉਣ ਦਾ ਵੀ ਸੱਦਾ ਦਿੱਤਾ ਹੈ, ਕਿਉਂਕਿ ਇਹ ਬਾਅਦ ਵਿਚ ਖੁਦਕੁਸ਼ੀਆਂ ਵੱਲ ਲੈ ਜਾਂਦੇ ਹਨ। ਇਸ ਤੋਂ ਪਹਿਲਾਂ ਫੋਗਟ ਖਾਪ ਪੰਚਾਇਤ ਨੇ ਵੀ ਬੱਚਿਆਂ ਦੀ ਪੜ੍ਹਾਈ ਬਾਰੇ ਇਸੇ ਤਰ੍ਹਾਂ ਦਾ ਫੈਸਲਾ ਕੀਤਾ ਸੀ।
ਹਰਿਆਣਾ ਵਿਚ ਲੱਗਭੱਗ 90 ਖਾਪ ਪੰਚਾਇਤਾਂ ਹਨ, ਜਿਹੜੀਆਂ ਜਾਟ ਦਾਬੇ ਵਾਲੇ ਅੱਠ ਜ਼ਿਲ੍ਹਿਆਂ ਵਿਚ ਫੈਲੀਆਂ ਹੋਈਆਂ ਹਨ। ਇਕ ਤਰ੍ਹਾਂ ਨਾਲ ਇਹ ਸੂਬੇ ਦੀ ਇਕ-ਚੁਥਾਈ ਆਬਾਦੀ 'ਤੇ ਅਸਰਅੰਦਾਜ਼ ਹੁੰਦੀਆਂ ਹਨ। ਸ਼ੇਰਾਵਤ ਖਾਪ ਪੰਚਾਇਤ ਦੇ ਫੈਸਲਿਆਂ ਤੋਂ ਪ੍ਰਭਾਵਤ ਨੰਦਲ ਖਾਪ ਪੰਚਾਇਤ ਦੇ ਪ੍ਰਧਾਨ ਮਹਿੰਦਰ ਨੰਦਲ ਨੇ ਕਿਹਾ ਹੈ ਕਿ ਬੱਚਿਆਂ ਨੂੰ ਪੜ੍ਹਾਉਣ ਦਾ ਮਤਾ ਉਹ ਵੀ ਪਾਸ ਕਰਨਗੇ।
ਜਿੱਥੇ ਹਰਿਆਣਾ ਦੀਆਂ ਰੂੜ੍ਹੀਵਾਦੀ ਕਹੀਆਂ ਜਾਣ ਵਾਲੀਆਂ ਖਾਪ ਪੰਚਾਇਤਾਂ ਸਮਾਜ ਵਿਚ ਸੁਧਾਰ ਲਿਆਉਣ ਦੇ ਅਜਿਹੇ ਫੈਸਲੇ ਕਰ ਰਹੀਆਂ ਹਨ, ਉਥੇ ਖੁਦ ਨੂੰ ਅਗਾਂਹਵਧੂ ਸਮਝਦੇ ਪੰਜਾਬ ਦੇ ਲੋਕ ਪੁੱਠਾ ਗੇੜਾ ਦੇ ਰਹੇ ਹਨ। ਵਿਆਹਾਂ 'ਤੇ ਅੰਨ੍ਹਾ ਖਰਚ, ਸ਼ਰਾਬ-ਮੀਟ ਦੀ ਅੰਨ੍ਹੀ ਵਰਤੋਂ ਅਤੇ ਗੋਲੀਬਾਰੀ, ਜਿਸ ਨਾਲ ਕਈ ਵਾਰ ਜਾਨਾਂ ਵੀ ਜਾਂਦੀਆਂ ਹਨ, ਦੇ ਕੁਚੱਜ ਅਮੀਰਾਂ ਨੇ ਆਦਤ ਬਣਾ ਲਏ ਹਨ। ਘੱਟ ਪੈਸਿਆਂ ਵਾਲੇ ਵੀ ਉਨ੍ਹਾਂ ਦੀ ਰੀਸ ਕਰਦੇ ਹਨ। ਸਮਾਜ ਸੁਧਾਰਨ ਵਿਚ ਸਰਕਾਰਾਂ ਤੋਂ ਬਹੁਤੀ ਆਸ ਨਹੀਂ ਰੱਖੀ ਜਾ ਸਕਦੀ, ਕਿਉਂਕਿ ਪੈਸੇ ਵਾਲੇ ਸਿਆਸਤਦਾਨ ਤੇ ਅਫਸਰ ਤਾਂ ਖੁਦ ਇਨ੍ਹਾਂ ਕੁਰਹਿਤਾਂ ਨੂੰ ਵਧਾ ਰਹੇ ਹਨ। ਪੰਚਾਇਤਾਂ ਤੇ ਸਮਾਜ ਸੁਧਾਰਕ ਜਥੇਬੰਦੀਆਂ ਹੀ ਇਸ ਸੰਬੰਧ ਵਿਚ ਚੰਗਾ ਕੰਮ ਕਰ ਸਕਦੀਆਂ ਹਨ। ਇਨ੍ਹਾਂ ਨੂੰ ਹਰਿਆਣਾ ਵਿਚ ਹੋ ਰਹੀਆਂ ਅਜਿਹੀਆਂ ਤਬਦੀਲੀਆਂ ਨੂੰ ਨੋਟ ਕਰਨਾ ਚਾਹੀਦਾ ਹੈ। ਨੌਜਵਾਨਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੀਆਂ ਪੰਚਾਇਤਾਂ ਨੂੰ ਅਜਿਹੇ ਫੈਸਲੇ ਕਰਨ ਲਈ ਪ੍ਰੇਰਨ, ਜਿਹੜੇ ਸਿਹਤਮੰਦ ਤੇ ਖੁਸ਼ਹਾਲ ਸਮਾਜ ਸਿਰਜਣ ਵਿਚ ਸਹਾਈ ਹੁੰਦੇ ਹੋਣ।

735 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper