Latest News
ਚੋਣ ਕਮਿਸ਼ਨ ਦਾ ਰਾਮ ਨਾਮ ਸੱਤ

Published on 06 Feb, 2020 10:51 AM.


ਕਿਸੇ ਵੀ ਲੋਕਤੰਤਰੀ ਦੇਸ਼ ਵਿੱਚ ਸਾਫ਼-ਸੁਥਰੀ ਚੋਣ ਪ੍ਰਕ੍ਰਿਆ ਹੀ ਲੋਕਤੰਤਰ ਦੀ ਮੁਢਲੀ ਸ਼ਰਤ ਹੁੰਦੀ ਹੈ। ਇਸ ਲਈ ਜ਼ਰੂਰੀ ਹੁੰਦਾ ਹੈ ਕਿ ਚੋਣ ਕਮਿਸ਼ਨ ਨਿਰਪੱਖ ਹੋ ਕੇ ਕੰਮ ਕਰੇ। ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਦੇ ਆ ਜਾਣ ਤੋਂ ਬਾਅਦ ਲੱਗਭੱਗ ਸਭ ਸੰਵਿਧਾਨਕ ਸੰਸਥਾਵਾਂ ਨੂੰ ਸੱਤਾਧਾਰੀਆਂ ਨੇ ਆਪਣੀਆਂ ਬਾਂਦੀਆਂ ਬਣਾ ਲਿਆ ਹੈ। ਇਸ ਵੇਲੇ ਭਾਰਤੀ ਚੋਣ ਕਮਿਸ਼ਨ ਦੀ ਜੋ ਹਾਲਤ ਹੈ, ਅਜਿਹੀ ਸਥਿਤੀ ਤਾਂ ਇੰਦਰਾ ਗਾਂਧੀ ਦੇ ਰਾਜ ਦੌਰਾਨ ਐਮਰਜੈਂਸੀ ਸਮੇਂ ਵੀ ਨਹੀਂ ਸੀ ਹੋਈ। ਚੋਣ ਕਮਿਸ਼ਨ ਹਰ ਚੋਣ ਸਮੇਂ ਆਪਣੇ ਕੰਨ ਤੇ ਅੱਖਾਂ ਖੁੱਲ੍ਹੀਆਂ ਰੱਖਦਾ ਸੀ। ਕਿਸੇ ਵੀ ਸੱਤਾਧਾਰੀ ਦੀ ਇਹ ਹਿੰਮਤ ਨਹੀਂ ਸੀ ਹੁੰਦੀ ਕਿ ਉਹ ਚੋਣ ਕਮਿਸ਼ਨ ਨੂੰ ਅੱਖਾਂ ਦਿਖਾ ਸਕੇ। ਚੋਣ ਕਮਿਸ਼ਨ ਵੱਲੋਂ ਚੋਣ ਜ਼ਾਬਤੇ ਦੀ ਸਖਤਾਈ ਨਾਲ ਪਾਲਣਾ ਕੀਤੀ ਜਾਂਦੀ ਸੀ।
1984 ਵਿੱਚ ਰਾਜੀਵ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਦੀ ਸਰਕਾਰ ਸੀ। ਅਮਿਤਾਭ ਬਚਨ ਕਾਂਗਰਸ ਦੀ ਟਿਕਟ ਉੱਤੇ ਚੋਣ ਲੜ ਰਹੇ ਸਨ। ਚੋਣ ਕਮਿਸ਼ਨ ਨੇ ਚੋਣਾਂ ਦੌਰਾਨ ਉਸ ਦੀਆਂ ਸਭ ਫ਼ਿਲਮਾਂ ਦੇ ਪ੍ਰਸਾਰਣ ਉੱਤੇ ਰੋਕ ਲਾ ਦਿੱਤੀ ਸੀ। 1991 ਦੀਆਂ ਚੋਣਾਂ ਸਮੇਂ ਚੰਦਰ ਸ਼ੇਖਰ ਦੀ ਅਗਵਾਈ ਵਿੱਚ ਜਨਤਾ ਦਲ (ਐਸ) ਦੀ ਸਰਕਾਰ ਸੀ। ਇਸ ਦਾ ਚੋਣ ਨਿਸ਼ਾਨ 'ਚੱਕਰ' ਸੀ। ਉਹਨੀਂ ਦਿਨੀਂ ਟੀ ਵੀ ਉੱਤੇ 'ਵਹੀਲ ਡਿਟਰਜੈਂਟ ਪਾਊਡਰ' ਦਾ ਇੱਕ ਇਸ਼ਤਿਹਾਰ ਆਉਂਦਾ ਸੀ। ਇਸ ਇਸ਼ਤਿਹਾਰ ਵਿੱਚ ਇੱਕ ਚੱਕਰ ਘੁੰਮਦਾ ਸੀ। ਚੋਣ ਕਮਿਸ਼ਨ ਨੇ ਇਸ ਇਸ਼ਤਿਹਾਰ ਦੇ ਪ੍ਰਸਾਰਣ ਉੱਤੇ ਰੋਕ ਲਗਾ ਦਿੱਤੀ ਸੀ।
2014 ਦੀਆਂ ਚੋਣਾਂ ਡਾ. ਮਨਮੋਹਨ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਸਨ। ਕਾਂਗਰਸ ਦਾ ਚੋਣ ਨਿਸ਼ਾਨ ਪੰਜਾ ਹੈ। ਚੰਡੀਗੜ੍ਹ ਦੇ ਇੱਕ ਪਾਰਕ ਵਿੱਚ ਹੱਥ ਦੇ ਪੰਜੇ ਦਾ ਨਿਸ਼ਾਨ ਬਣਿਆ ਹੋਇਆ ਹੈ। ਚੋਣ ਕਮਿਸ਼ਨ ਨੇ ਉਸ ਪੰਜੇ ਵਾਲੇ ਬੁੱਤ ਨੂੰ ਕੱਪੜੇ ਨਾਲ ਢਕਵਾ ਦਿੱਤਾ ਸੀ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਪਾਰਕਾਂ ਵਿੱਚ ਲੱਗੀਆਂ ਹਾਥੀ ਦੀਆਂ ਮੂਰਤੀਆਂ ਵੀ ਕੱਪੜਿਆਂ ਨਾਲ ਢਕ ਦਿੱਤੀਆਂ ਗਈਆਂ ਸਨ, ਕਿਉਂਕਿ ਬਹੁਜਨ ਸਮਾਜ ਪਾਰਟੀ ਦਾ ਚੋਣ ਨਿਸ਼ਾਨ ਹਾਥੀ ਹੈ।
ਪਰ ਹੁਣ ਕੀ ਹੋ ਰਿਹਾ ਹੈ। ਜੇਕਰ 2019 ਦੀਆਂ ਲੋਕ ਸਭਾ ਚੋਣਾਂ ਵੱਲ ਨਜ਼ਰ ਮਾਰੀ ਜਾਵੇ ਤਾਂ ਸਾਫ਼ ਪਤਾ ਲੱਗਦਾ ਹੈ ਕਿ ਚੋਣ ਕਮਿਸ਼ਨ ਦਾ ਰਾਮ ਨਾਮ ਸੱਤ ਹੋ ਚੁੱਕਾ ਹੈ। ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਚੋਣਾਂ ਕਰਾ ਰਹੀ ਸੀ। ਅਚਾਨਕ ਨਮੋ ਟੀ ਵੀ ਨਾਂਅ ਦਾ ਇੱਕ ਚੈਨਲ ਸ਼ੁਰੂ ਹੋ ਜਾਂਦਾ ਹੈ। ਭਾਜਪਾਈ ਭਗਤਾਂ ਵਿੱਚ ਨਰਿੰਦਰ ਮੋਦੀ ਨੂੰ ਨਮੋ ਕਿਹਾ ਜਾਂਦਾ ਹੈ। ਨਰਿੰਦਰ ਮੋਦੀ ਦੀ ਬਾਇਓਪਿਕ ਰਿਲੀਜ਼ ਹੋ ਜਾਂਦੀ ਹੈ। ਚੋਣਾਂ ਦੌਰਾਨ ਪ੍ਰਧਾਨ ਮੰਤਰੀ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹਨ। ਹੇਮਾ ਮਾਲਿਨੀ ਭਾਜਪਾ ਦੀ ਟਿਕਟ ਉੱਤੇ ਮਥੁਰਾ ਤੋਂ ਚੋਣ ਲੜ ਰਹੀ ਹੈ ਤੇ ਉਸ ਦੇ ਟੀ ਵੀ ਐਡ ਧੜੱਲੇ ਨਾਲ ਚਲਦੇ ਰਹਿੰਦੇ ਹਨ। ਯੋਗੀ ਆਦਿੱਤਿਆਨਾਥ ਭਾਰਤੀ ਸੈਨਾ ਨੂੰ ਮੋਦੀ ਦੀ ਸੈਨਾ ਕਹਿ ਰਿਹਾ ਹੈ। ਪਰ ਚੋਣ ਕਮਿਸ਼ਨ ਅੱਖਾਂ ਮੀਟੀ ਆਪਣੇ ਦਫ਼ਤਰੀ ਕਮਰਿਆਂ ਵਿੱਚ ਮੂਰਛਿਤ ਹੋਇਆ ਦਿਨ ਗੁਜ਼ਾਰ ਰਿਹਾ ਹੈ।
ਉਦੋਂ ਤੋਂ ਲੈ ਕੇ ਅੱਜ ਤੱਕ ਹਾਲਾਤ ਦਿਨੋ-ਦਿਨ ਬਦਤਰ ਹੁੰਦੇ ਜਾ ਰਹੇ ਹਨ। ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਆਗੂ ਜਿਸ ਨਫ਼ਰਤ ਦਾ ਜ਼ਹਿਰ ਵੰਡ ਰਹੇ ਹਨ, ਉਹ ਵੋਟਰਾਂ ਨੂੰ ਪੈਸੇ ਦੇ ਕੇ ਖਰੀਦਣ ਨਾਲੋਂ ਵੀ ਖ਼ਤਰਨਾਕ ਹੈ। ਭਾਜਪਾ ਮੰਤਰੀ 'ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ਸਾਲੋਂ ਕੋ' ਦੇ ਨਾਅਰੇ ਲਵਾ ਰਿਹਾ ਹੈ। ਦੇਸ਼ ਦਾ ਗ੍ਰਹਿ ਮੰਤਰੀ ਸ਼ਾਹੀਨ ਬਾਗ ਦੀ ਤੁਲਨਾ ਪਾਕਿਸਤਾਨ ਨਾਲ ਕਰਦਿਆਂ ਕਹਿ ਰਿਹਾ ਹੈ ਕਿ ਲੜਾਈ ਦੇਸ਼ ਪ੍ਰੇਮੀਆਂ ਤੇ ਸ਼ਾਹੀਨ ਬਾਗ ਦੇ ਅੰਦੋਲਨਕਾਰੀਆਂ ਵਿਚਕਾਰ ਹੈ। ਸਾਂਸਦ ਪ੍ਰਵੇਸ਼ ਵਰਮਾ ਇਹ ਕਹਿ ਰਿਹਾ ਹੈ ਕਿ ਸ਼ਾਹੀਨ ਬਾਗ ਦੇ ਅੰਦੋਲਨਕਾਰੀ ਘਰ ਵਿੱਚ ਵੜ ਕੇ ਤੁਹਾਡੀਆਂ ਬਹੁ-ਬੇਟੀਆਂ ਨਾਲ ਬਲਾਤਕਾਰ ਕਰਨਗੇ, ਉਸ ਸਮੇਂ ਮੋਦੀ ਤੇ ਸ਼ਾਹ ਤੁਹਾਨੂੰ ਬਚਾਉਣ ਨਹੀਂ ਆਉਣਗੇ। ਕਪਿਲ ਮਿਸ਼ਰਾ ਦਿੱਲੀ ਚੋਣਾਂ ਨੂੰ ਹਿੰਦੋਸਤਾਨ-ਪਾਕਿਸਤਾਨ ਦਾ ਮੈਚ ਕਹਿ ਰਿਹਾ ਹੈ। ਪਰ ਚੋਣ ਕਮਿਸ਼ਨ ਇਨ੍ਹਾਂ ਨਫ਼ਰਤੀਆਂ ਦੀ ਸਿਰਫ਼ ਕੁਝ ਘੰਟਿਆਂ ਲਈ ਜ਼ੁਬਾਨਬੰਦੀ ਦਾ ਨੋਟਿਸ ਦੇ ਕੇ ਆਪਣਾ ਪੱਲਾ ਝਾੜ ਰਿਹਾ ਹੈ। ਜੇਕਰ ਪੁਰਾਣਾ ਚੋਣ ਕਮਿਸ਼ਨ ਹੁੰਦਾ ਤਾਂ ਇਨ੍ਹਾਂ ਨਫ਼ਰਤ ਦੀ ਜ਼ਹਿਰ ਵੰਡਣ ਵਾਲੇ ਭਾਜਪਾ ਆਗੂਆਂ ਉੱਤੇ ਨਾ ਸਿਰਫ਼ ਮੁਕੱਦਮੇ ਦਰਜ ਹੁੰਦੇ, ਸਗੋਂ ਉਨ੍ਹਾਂ ਦੇ ਦਿੱਲੀ ਵਿੱਚ ਵੜਨ ਉੱਤੇ ਪਾਬੰਦੀ ਲਾ ਦਿੱਤੀ ਜਾਂਦੀ।
ਅੱਜ ਚਾਰ ਵਜੇ ਦਿੱਲੀ ਵਿੱਚ ਚੋਣ ਪ੍ਰਚਾਰ ਬੰਦ ਹੋ ਜਾਣਾ ਹੈ। ਉਸ ਤੋਂ ਬਾਅਦ ਅਗਲਾ ਸਮਾਂ ਸੋਸ਼ਲ ਮੀਡੀਆ ਉੱਤੇ ਝੂਠੀਆਂ-ਸੱਚੀਆਂ ਊਜਾਂ ਲਾਉਣ ਦਾ ਹੋਵੇਗਾ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਇਸ ਦਾ ਸ੍ਰੀਗਣੇਸ਼ ਕਰ ਦਿੱਤਾ ਹੈ। ਸੰਬਿਤ ਪਾਤਰਾ ਨੇ ਓਖਲਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਧਾਇਕ ਅਮਾਨਤ-ਉਲ੍ਹਾ-ਖਾਨ ਦੇ ਵੀਡੀਓ ਸ਼ੇਅਰ ਕਰਕੇ ਲਿਖਿਆ ਹੈ ਕਿ ਦੇਖੋ ਆਪ ਵਿਧਾਇਕ ਦੇਸ਼ ਵਿੱਚ ਸ਼ਰੀਆ ਕਾਨੂੰਨ ਲਾਗੂ ਕਰਨਾ ਚਾਹੁੰਦੇ ਹਨ। ਹਾਲਾਂਕਿ ਉਸ ਵੀਡੀਓ ਵਿੱਚ ਅਮਾਨਤ-ਉਲ੍ਹਾ-ਖਾਨ ਜ਼ਰੀਆ ਸ਼ਬਦ ਦੀ ਵਰਤੋਂ ਕਰ ਰਹੇ ਹਨ, ਤੇ ਇਸ ਨੂੰ ਸੰਬਿਤ ਪਾਤਰਾ ਨੇ ਸ਼ਰੀਆ ਬਣਾ ਕੇ ਪੇਸ਼ ਕਰ ਦਿੱਤਾ ਹੈ।
ਵੀਡੀਓ ਵਿੱਚ ਅਮਾਨਤ-ਉਲ੍ਹਾ-ਖਾਨ ਆਪਣੇ ਵੋਟਰਾਂ ਨੂੰ ਕਹਿ ਰਹੇ ਹਨ, ''ਅੱਲ੍ਹਾ ਨੇ ਤੈਅ ਕਰ ਲੀਆ ਹੈ ਕਿ ਕਿਸਕੀ ਫਤਿਹ ਹੋਗੀ ਕੌਨ ਜ਼ਲੀਲ ਹੋਗਾ। ਅੱਲ੍ਹਾ ਜਿਸੇ ਚਾਹਤਾ ਹੈ ਉਸ ਕੋ ਇੱਜ਼ਤ ਦੇਤਾ ਹੈ, ਯੇ ਉਸ ਕੇ ਹਾਥ ਮੇਂ ਹੈ, ਕਿਸੀ ਬੰਦੇ ਕੇ ਹਾਥ ਮੇਂ ਨਹੀਂ। ਅੱਲ੍ਹਾ ਨੇ ਫ਼ੈਸਲਾ ਕਰ ਲਿਆ ਹੈ ਕਿ ਇੰਨ ਜ਼ਾਲਿਮ ਕਾ ਪਤਨ ਹੋ, ਇਨਹੋਨੇ ਜੋ ਜ਼ੁਲਮ ਕੀਏ ਹੈਂ, ਉਨਕਾ ਖਾਤਮਾ ਇੰਸ਼ਾ ਅਲ੍ਹਾ ਓਖਲਾ ਸੇ ਹੋਗਾ। ਹਮ ਇਸ ਕਾ ਜ਼ਰੀਆ ਬਨੇਂਗੇ, ਇੰਸ਼ਾ ਅੱਲਾਹ।''
ਸੰਬਿਤ ਪਾਤਰਾ ਨੇ ਇਸ ਨੂੰ ਤੋੜ-ਮਰੋੜ ਕੇ ਇੰਜ ਟਵੀਟ ਕੀਤਾ ਹੈ: ''ਅੱਲ੍ਹਾ ਨੇ ਤੈਅ ਕਰ ਦੀਆ ਹੈ ਕਿ ਇਨ ਜ਼ਾਲਿਮੋਂ ਕਾ ਖਾਤਮਾ ਹੋਗਾ...ਆਪ ਕਾ ਅਮਾਨਤ-ਉਲ੍ਹਾ-ਖਾਨ ਦੋਸਤੋ ਯੇ ਹੈਂ 'ਆਪ' ਕੇ ਵਿਚਾਰ। ਅਬ ਜ਼ਰਾ ਆਪ ਹੀ ਸੋਚੀਏ...ਸਭ ਅਮਾਨਤ-ਉਲ੍ਹਾ-ਖਾਨ ਹੀ ਤੈਅ ਕਰੇਂਗੇ ਜਾਂ ਆਪ ਭੀ ਕੁਛ ਤੈਅ ਕਰੇਂਗੇ? ਆਪ ਸ਼ਰੀਆ ਬਨਨਾ ਚਾਹਤੇ ਹੈਂ ਯਾ ਨਹੀਂ?''
ਭਾਜਪਾ ਦਿੱਲੀ ਵਰਗੇ ਛੋਟੇ ਰਾਜ ਦੀਆਂ ਚੋਣਾਂ ਜਿੱਤਣ ਲਈ ਇੰਨਾ ਹੇਠਾਂ ਗਿਰ ਜਾਵੇਗੀ, ਇਹ ਕਦੇ ਸੋਚਿਆ ਨਹੀਂ ਸੀ।

912 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper