Latest News
ਕੰਸ ਡਰ ਗਿਆ!

Published on 07 Feb, 2020 11:01 AM.


ਤਾਨਾਸ਼ਾਹ ਹਾਕਮ ਲਈ ਹਰ ਕਮਿਊਨਿਸਟ, ਬੁੱਧੀਜੀਵੀ ਤੇ ਪ੍ਰਗਤੀਸ਼ੀਲ ਵਿਅਕਤੀ ਮੁੱਖ ਦੁਸ਼ਮਣ ਹੁੰਦਾ ਹੈ। ਰਾਸ਼ਟਰਵਾਦ ਉਸ ਦਾ ਸਭ ਤੋਂ ਕਾਰਗਰ ਹਥਿਆਰ ਹੁੰਦਾ ਹੈ। ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸੱਤਾਧਾਰੀ ਹੋਈ ਭਾਜਪਾ ਨੇ ਪਿਛਲੇ 6 ਸਾਲਾਂ ਵਿੱਚ ਰਾਸ਼ਟਰਵਾਦ ਦੇ ਨਾਂਅ ਉੱਤੇ ਹਰ ਸ਼ਹਿਰ ਤੇ ਪਿੰਡ ਵਿੱਚ ਇੱਕ ਭੀੜ ਦੀ ਸਿਰਜਣਾ ਕਰ ਦਿੱਤੀ ਹੈ। ਇਸ ਭੀੜ ਲਈ ਹਾਕਮਾਂ ਦਾ ਹਰ ਫੈਸਲਾ ਤੇ ਫੁਰਮਾਨ ਹੀ ਰਾਸ਼ਟਰਵਾਦ ਹੈ। ਜਿਹੜਾ ਵੀ ਵਿਅਕਤੀ ਜਾਂ ਸੰਸਥਾ ਸੱਤਾਧਾਰੀ ਹਾਕਮਾਂ ਦੇ ਫੈਸਲਿਆਂ ਦੀ ਅਲੋਚਨਾ ਜਾਂ ਵਿਰੋਧ ਕਰਦੀ ਹੈ, ਇਹ ਭੀੜ ਉਸ 'ਦੇਸ਼ਧ੍ਰੋਹੀ' ਨੂੰ ਖ਼ਤਮ ਕਰਨਾ ਦੇਸ਼ ਭਗਤੀ ਸਮਝਦੀ ਹੈ। ਸੱਤਾਧਾਰੀਆਂ ਵੱਲੋਂ ਸਿਰਜੇ ਗਏ ਇਸ ਮਾਹੌਲ ਦਾ ਹੁਣ ਡਰਾਉਣਾ ਸੱਚ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ। ਇਸ ਸਰਕਾਰ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਕਨੱ੍ਹਈਆ ਕੁਮਾਰ ਉੱਤੇ ਝੂਠਾ ਦੇਸ਼ਧ੍ਰੋਹ ਦਾ ਕੇਸ ਮੜ੍ਹ ਕੇ ਉਸ ਨੂੰ ਟੁਕੜੇ-ਟੁਕੜੇ ਗੈਂਗ ਦਾ ਸਰਗਨਾ ਕਹਿ ਕੇ ਪ੍ਰਚਾਰਿਆ। ਸੱਤਾਧਾਰੀ ਕਨੱ੍ਹਈਆ ਕੁਮਾਰ ਵਿਰੁੱਧ ਦੋਸ਼ ਤਾਂ ਸਾਬਤ ਨਾ ਕਰ ਸਕੇ, ਪਰ ਉਸ ਵਿਰੁੱਧ ਭਗਤਾਂ ਦੀ ਭੀੜ ਦੇ ਦਿਮਾਗਾਂ ਵਿੱਚ ਨਫ਼ਰਤ ਦਾ ਅਜਿਹਾ ਮਾਨਸਿਕ ਗੁਬਾਰ ਪੈਦਾ ਕਰਨ ਵਿੱਚ ਕਾਮਯਾਬ ਹੋ ਗਏ, ਜਿਸ ਨਾਲ ਅੱਜ ਇਹ ਭਗਤ ਕਨੱ੍ਹਈਆ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ।
ਕਨੱ੍ਹਈਆ ਕੁਮਾਰ ਇਨ੍ਹੀਂ ਦਿਨੀਂ ਨਾਗਰਿਕਤਾ ਕਾਨੂੰਨਾਂ ਵਿਰੁੱਧ ਬਿਹਾਰ ਵਿੱਚ ਰਾਜਵਿਆਪੀ ਯਾਤਰਾ ਕਰ ਰਹੇ ਹਨ। ਇੱਕ ਮਹੀਨੇ ਤੱਕ ਚੱਲਣ ਵਾਲੀ ਇਸ ਯਾਤਰਾ ਦੌਰਾਨ ਉਨ੍ਹਾ ਦਾ ਸੂਬੇ ਦੇ ਹਰ ਛੋਟੇ-ਵੱਡੇ ਸ਼ਹਿਰ ਵਿੱਚ ਰੈਲੀਆਂ ਕਰਕੇ ਲੋਕਾਂ ਨੂੰ ਨਵੇਂ ਕਾਨੂੰਨਾਂ ਵਿਰੁੱਧ ਜਾਗਰੂਕ ਕਰਨ ਦਾ ਪ੍ਰੋਗਰਾਮ ਹੈ। ਪਹਿਲੇ ਦਿਨ ਤੋਂ ਹੀ ਉਨ੍ਹਾ ਦੀਆਂ ਰੈਲੀਆਂ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਉਮੜਨ ਲੱਗ ਪਈ ਹੈ। ਭਗਤਾਂ ਦੀ ਭੀੜ ਨੂੰ ਇਹ ਕਿਵੇਂ ਮਨਜ਼ੂਰ ਹੋ ਸਕਦਾ ਸੀ। ਕਨੱ੍ਹਈਆ ਕੁਮਾਰ ਦਾ ਕਾਫ਼ਲਾ 30 ਜਨਵਰੀ ਨੂੰ ਚੰਪਾਰਨ ਤੋਂ ਚਲਿਆ ਸੀ। ਇਨ੍ਹਾਂ ਸੱਤ ਦਿਨਾਂ ਵਿੱਚ ਹੀ ਉਨ੍ਹਾ ਦੇ ਕਾਫ਼ਲੇ ਉੱਤੇ ਭਗਵੇਂ ਹੁੱਲੜਬਾਜ਼ਾਂ ਵੱਲੋਂ ਚਾਰ ਵਾਰ ਹਮਲਾ ਹੋ ਚੁੱਕਾ ਹੈ।
ਸਭ ਤੋਂ ਪਹਿਲਾ ਹਮਲਾ 1 ਫ਼ਰਵਰੀ ਨੂੰ ਸਾਰਨ ਸ਼ਹਿਰ ਵਿੱਚ ਕੀਤਾ ਗਿਆ, ਜਿਸ ਵਿੱਚ ਕਾਫ਼ਲੇ ਦੀਆਂ ਕਈ ਗੱਡੀਆਂ ਨੂੰ ਨੁਕਸਾਨ ਪੁੱਜਾ। ਇਸ ਤੋਂ ਬਾਅਦ ਅਗਲੇ ਦਿਨ 2 ਫਰਵਰੀ ਨੂੰ ਛਪਰਾ ਵਿੱਚ ਫਿਰ ਕਨੱ੍ਹਈਆ ਉੱਤੇ ਹਮਲਾ ਕੀਤਾ ਗਿਆ। ਇਸ ਉਪਰੰਤ ਅਗਲਾ ਹਮਲਾ ਸਪਰੌਲ ਵਿੱਚ ਕੀਤਾ ਗਿਆ, ਜਿਸ ਵਿੱਚ ਕਾਫ਼ਲੇ ਦੀਆਂ ਕਈ ਗੱਡੀਆਂ ਨੂੰ ਨੁਕਸਾਨ ਪੁੱਜਾ ਤੇ ਕਨੱ੍ਹਈਆ ਦੇ ਡਰਾਈਵਰ ਦਾ ਸਿਰ ਪਾਟ ਗਿਆ। ਇਸ ਘਟਨਾ ਨੂੰ ਹਾਲੇ 24 ਘੰਟੇ ਵੀ ਨਹੀਂ ਲੰਘੇ ਸਨ ਕਿ ਮਧੇਪੁਰਾ ਵਿੱਚ ਫਿਰ ਉਨ੍ਹਾ ਦੇ ਕਾਫ਼ਲੇ ਉੱਤੇ ਹਮਲਾ ਕਰ ਦਿੱਤਾ ਗਿਆ। ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਸਤ ਨਰਾਇਣ ਸਿੰਘ ਨੇ ਦੋਸ਼ ਲਾਇਆ ਹੈ ਕਿ ਇਹ ਹਮਲੇ ਆਰ ਐੱਸ ਐੱਸ ਤੇ ਭਾਜਪਾ ਦੇ ਲੋਕ ਕਰਵਾ ਰਹੇ ਹਨ। ਉਨ੍ਹਾ ਕਿਹਾ ਕਿ ਜੇਕਰ ਇਸ ਸੰਬੰਧੀ ਪ੍ਰਸ਼ਾਸਨ ਤੁਰੰਤ ਕਾਰਵਾਈ ਨਹੀਂ ਕਰਦਾ ਤਾਂ ਅਸੀਂ ਅੰਦੋਲਨ ਕਰਨ ਲਈ ਮਜਬੂਰ ਹੋਵਾਂਗੇ।
ਇਸ ਤੋਂ ਇਲਾਵਾ ਇੱਕ ਹੋਰ ਘਟਨਾ ਧਿਆਨ ਮੰਗਦੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਤਾਨਾਸ਼ਾਹ ਹਾਕਮਾਂ ਦੇ ਨਫ਼ਰਤ ਭਰੇ ਬਿਆਨਾਂ ਨੇ ਇੱਕ ਆਮ ਆਦਮੀ ਵਿੱਚ ਕਿਸ ਹੱਦ ਤੱਕ ਜ਼ਹਿਰ ਭਰ ਦਿੱਤਾ ਹੈ। ਇਹ ਘਟਨਾ ਮੁੰਬਈ ਦੀ ਹੈ। ਪ੍ਰਗਤੀਸ਼ੀਲ ਲੇਖਕ ਤੇ ਕਵੀ ਬੱਪਾਦਿਤਿਆ ਸਰਕਾਰ 5 ਫ਼ਰਵਰੀ ਨੂੰ ਨਾਗਰਿਕਤਾ ਕਾਨੂੰਨ ਵਿਰੁੱਧ ਹੋਏ ਇੱਕ ਪ੍ਰਦਰਸ਼ਨ ਵਿੱਚ ਭਾਗ ਲੈਣ ਤੋਂ ਬਾਅਦ ਇੱਕ ਟੈਕਸੀ ਰਾਹੀਂ ਵਾਪਸ ਆ ਰਹੇ ਸਨ। ਇਸ ਦੌਰਾਨ ਉਹ ਮੋਬਾਇਲ ਉੱਤੇ ਆਪਣੇ ਇੱਕ ਦੋਸਤ ਨਾਲ ਗੱਲ ਕਰਨ ਲੱਗੇ। ਉਹ ਆਪਣੇ ਦੋਸਤ ਨਾਲ ਸ਼ਾਹੀਨ ਬਾਗ਼ ਸਮੇਤ ਵੱਖ-ਵੱਖ ਥਾਈਂ ਨਾਗਰਿਕਤਾ ਕਾਨੂੰਨਾਂ ਵਿਰੁੱਧ ਚੱਲ ਰਹੇ ਪ੍ਰਦਰਸ਼ਨਾਂ ਬਾਰੇ ਗੱਲ ਕਰ ਰਹੇ ਸਨ। ਸਰਕਾਰ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਕੁਝ ਸਮੇਂ ਬਾਅਦ ਉਬਰ ਟੈਕਸੀ ਦੇ ਡਰਾਇਵਰ ਨੇ ਗੱਡੀ ਰੋਕ ਏ ਟੀ ਐੱਮ ਜਾਣ ਲਈ ਕਿਹਾ। ਜਦੋਂ ਉਹ ਵਾਪਸ ਆਇਆ ਤਾਂ ਉਸ ਦੇ ਨਾਲ ਦੋ ਪੁਲਸ ਵਾਲੇ ਸਨ। ਜਦੋਂ ਉਸ ਨੇ ਡਰਾਈਵਰ ਨੂੰ ਪੁੱਛਿਆ ਕਿ ਉਹ ਪੁਲਸ ਵਾਲਿਆਂ ਨੂੰ ਕਿਉਂ ਲੈ ਕੇ ਆਇਆ ਹੈ ਤਾਂ ਡਰਾਇਵਰ ਨੇ ਜੋ ਜਵਾਬ ਦਿੱਤਾ ਉਹ ਡਰਾਉਣ ਵਾਲਾ ਸੀ। ਡਰਾਈਵਰ ਨੇ ਕਿਹਾ, 'ਤੁਸੀਂ ਦੇਸ਼ ਨੂੰ ਬਰਬਾਦ ਕਰੋਗੇ ਤੇ ਅਸੀਂ ਦੇਖਦੇ ਰਹਾਂਗੇ? ਸ਼ੁਕਰ ਹੈ ਮੈਂ ਪੁਲਸ ਲੈ ਕੇ ਆਇਆ ਹਾਂ, ਮੈਂ ਤੈਨੂੰ ਕਿਤੇ ਹੋਰ ਵੀ ਲਿਜਾ ਸਕਦਾ ਸੀ।' ਸਪੱਸ਼ਟ ਹੈ ਡਰਾਈਵਰ ਦਾ ਇਸ਼ਾਰਾ ਲਿੰਚਿੰਗ ਵੱਲ ਸੀ।
ਉਸ ਤੋਂ ਬਾਅਦ ਪੁਲਸ ਸਰਕਾਰ ਨੂੰ ਥਾਣੇ ਲੈ ਗਈ। ਉਸ ਨੂੰ ਪੁੱਛਿਆ ਗਿਆ ਕਿ ਉਹ ਕਮਿਊਨਿਸਟ ਕਿਉਂ ਹੈ, ਕਮਿਊਨਿਜ਼ਮ ਕਿਹੜੇ ਦੇਸ਼ਾਂ ਵਿੱਚ ਹੈ, ਉਸ ਨੇ ਕਿਹੜੇ ਕਵੀਆਂ ਦੀਆਂ ਕਵਿਤਾਵਾਂ ਪੜ੍ਹੀਆਂ ਹਨ ਆਦਿ-ਆਦਿ। ਸਰਕਾਰ ਨੂੰ ਰਾਤ 1.30 ਵਜੇ ਸਥਾਨਕ ਕਮਿਊਨਿਸਟ ਕਾਰਕੁਨ ਐੱਸ ਗੋਇਲ ਦੇ ਥਾਣੇ ਆਉਣ ਤੋਂ ਬਾਅਦ ਰਿਹਾਅ ਕੀਤਾ ਗਿਆ ਤੇ ਨਾਲ ਪੁਲਸ ਵੱਲੋਂ ਕਿਹਾ ਗਿਆ ਕਿ ਉਹ ਆਪਣੇ ਨਾਲ ਡਫਲੀ ਨਾ ਰੱਖੇ ਤੇ ਲਾਲ ਸਕਾਰਫ ਨਾ ਪਹਿਨੇ, ਕਿਉਂਕਿ ਮਾਹੌਲ ਖਰਾਬ ਹੈ, ਕੁਝ ਵੀ ਹੋ ਸਕਦਾ ਹੈ।
ਇਸ ਘਟਨਾ ਤੋਂ ਬਾਅਦ ਹਰ ਸੋਚਵਾਨ ਵਿਅਕਤੀ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਕਿਹੋ ਜਿਹਾ ਸਮਾਜ ਸਿਰਜ ਰਹੇ ਹਾਂ। ਕੀ ਅੱਜ ਨਾਗਰਿਕ ਕਾਨੂੰਨਾਂ ਵਿਰੁੱਧ ਗੱਲ ਕਰਨਾ ਵੀ ਦੇਸ਼ਧ੍ਰੋਹ ਹੋ ਚੁੱਕਾ ਹੈ? ਕੀ ਕਿਸੇ ਵਿਅਕਤੀ ਨੂੰ ਨਿੱਜੀ ਗੱਲਬਾਤ ਦੌਰਾਨ ਵੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨਾ ਵਰਜਿਤ ਹੋ ਚੁੱਕਾ ਹੈ? ਕੀ ਹੁਣ ਡਫਲੀ ਰੱਖਣਾ ਤੇ ਲਾਲ ਸਕਾਰਫ ਪਹਿਨਣਾ ਵੀ ਖਤਰਨਾਕ ਹੋ ਚੁੱਕਾ ਹੈ? ਮੁੰਬਈ ਵਿੱਚ ਸਰਕਾਰ ਨਾਲ ਵਾਪਰੀ ਘਟਨਾ ਕਾਫ਼ੀ ਚਿੰਤਾਜਨਕ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਮੋਦੀ ਸਰਕਾਰ ਨੇ ਦੇਸ਼ ਵਿੱਚ ਅਜਿਹਾ ਮਾਹੌਲ ਸਿਰਜ ਦਿੱਤਾ ਹੈ, ਜਿੱਥੇ ਸਰਕਾਰ ਦੀਆਂ ਨੀਤੀਆਂ ਦੀ ਅਲੋਚਨਾ ਕਰਨੀ ਦੇਸ਼ਧ੍ਰੋਹ ਹੋ ਚੁੱਕਾ ਹੈ।
-ਚੰਦ ਫਤਿਹਪੁਰੀ

852 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper