Latest News
ਦਿੱਲੀ ਹਾਲੇ ਦੂਰ ਹੈ

Published on 11 Feb, 2020 11:21 AM.

ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਆਮ ਆਦਮੀ ਪਾਰਟੀ ਨੇ ਹੂੰਝਾ ਫੇਰੂ ਜਿੱਤ ਹਾਸਲ ਕੀਤੀ ਹੈ। ਇਸ ਚੋਣ ਦੰਗਲ ਵਿੱਚ ਉਂਜ ਭਾਵੇਂ ਭਾਜਪਾ, ਆਪ ਤੇ ਕਾਂਗਰਸ ਚੋਣ ਮੈਦਾਨ ਵਿੱਚ ਸਨ, ਪਰ ਸ਼ੁਰੂ ਤੋਂ ਹੀ ਮੁਕਾਬਲਾ ਕੇਂਦਰ ਵਿੱਚ ਸੱਤਾਧਾਰੀ ਭਾਜਪਾ ਤੇ ਦਿੱਲੀ ਵਿੱਚ 5 ਸਾਲ ਤੋਂ ਰਾਜ ਕਰ ਰਹੀ 'ਆਪ' ਵਿਚਕਾਰ ਬਣ ਗਿਆ ਸੀ। ਕਾਂਗਰਸ ਨੇ ਤਾਂ ਪਹਿਲੇ ਦਿਨੋਂ ਹੀ ਹਥਿਆਰ ਸੁੱਟ ਦਿੱਤੇ ਸਨ ਤੇ ਜਾਪਦਾ ਸੀ ਕਿ ਉਸ ਦੇ ਉਮੀਦਵਾਰ ਸਿਰਫ਼ ਹਾਜ਼ਰੀ ਲਵਾਉਣ ਲਈ ਖੜ੍ਹੇ ਹਨ।
ਭਾਰਤੀ ਜਨਤਾ ਪਾਰਟੀ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਸਰਗਰਮ ਹੋ ਗਈ ਸੀ। ਦਸੰਬਰ ਦੇ ਆਖ਼ਰੀ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਕਰਕੇ ਚੋਣ ਮੁਹਿੰਮ ਦਾ ਬਿਗਲ ਵਜਾ ਦਿੱਤਾ ਸੀ। ਜਨਵਰੀ ਦੇ ਪਹਿਲੇ ਹਫ਼ਤੇ ਅਮਿਤ ਸ਼ਾਹ ਨੇ ਇੰਦਰਾ ਗਾਂਧੀ ਸਟੇਡੀਅਮ ਵਿੱਚ ਬੂਥ ਵਰਕਰਾਂ ਦਾ ਸੰਮੇਲਨ ਕਰਕੇ ਆਪਣਾ ਏਜੰਡਾ ਸੈੱਟ ਕਰ ਦਿੱਤਾ ਸੀ। ਇਸ ਸੰਮੇਲਨ ਦੌਰਾਨ ਉਸ ਨੇ ਸੋਨੀਆ ਗਾਂਧੀ ਤੋਂ ਲੈ ਕੇ ਕੇਜਰੀਵਾਲ ਤੱਕ ਨੂੰ ਲਪੇਟੇ ਵਿੱਚ ਲੈਂਦਿਆਂ ਨਾਗਰਿਕਤਾ ਸੋਧ ਕਾਨੂੰਨਾਂ ਵਿਰੁੱਧ ਹੋ ਰਹੇ ਅੰਦੋਲਨਾਂ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ। ਭਾਜਪਾ ਦੀ ਸਾਰੀ ਚੋਣ ਮੁਹਿੰਮ ਦੌਰਾਨ ਭਾਜਪਾ ਆਗੂਆਂ ਨੇ ਦਿੱਲੀ ਅੰਦਰ ਫਿਰਕੂ ਧਰੁਵੀਕਰਨ ਕਰਨ ਲਈ ਪੂਰਾ ਟਿੱਲ ਲਾਇਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਦੋਂ ਖੁਦ ਇਹ ਕਿਹਾ ਕਿ 8 ਫ਼ਰਵਰੀ ਨੂੰ ਈ ਵੀ ਐੱਮ ਦਾ ਬਟਨ ਏਨੇ ਜ਼ੋਰ ਨਾਲ ਦਬਾਓ ਕਿ ਕਰੰਟ ਸ਼ਾਹੀਨ ਬਾਗ ਵਿੱਚ ਲੱਗੇ, ਫਿਰ ਬਾਕੀ ਫਿਰਕੂ ਲਾਣਾ ਕਿਵੇਂ ਪਿੱਛੇ ਰਹਿ ਸਕਦਾ ਸੀ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਭੀੜਾਂ ਨੂੰ ਭੜਕਾ ਰਿਹਾ ਸੀ, 'ਦੇਸ਼ ਕੇ ਗਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ।' ਸਾਂਸਦ ਪ੍ਰਵੇਸ਼ ਵਰਮਾ ਹਿੰਦੂਆਂ ਨੂੰ ਕਹਿ ਰਿਹਾ ਸੀ, 'ਸ਼ਾਹੀਨ ਬਾਗ਼ ਦੇ ਅੰਦੋਲਨਕਾਰੀ ਤੁਹਾਡੇ ਘਰਾਂ ਵਿੱਚ ਘੁੱਸ ਕੇ ਤੁਹਾਡੀਆਂ ਬਹੂਆਂ-ਬੇਟੀਆਂ ਨਾਲ ਬਲਾਤਕਾਰ ਕਰਨਗੇ।' ਉਮੀਦਵਾਰ ਕਪਿਲ ਮਿਸ਼ਰਾ ਕਦੇ ਚੋਣਾਂ ਨੂੰ ਹਿੰਦ-ਪਾਕ ਦਾ ਮੈਚ ਦੱਸਦਾ ਰਿਹਾ ਸੀ ਤੇ ਕਦੇ 80 ਫ਼ੀਸਦੀ ਤੇ 20 ਫ਼ੀਸਦੀ ਵਿਚਕਾਰ ਲੜਾਈ ਕਹਿੰਦਾ ਸੀ। ਭਾਜਪਾ ਦੀ ਸਾਰੀ ਚੋਣ ਮੁਹਿੰਮ ਸ਼ਾਹੀਨ ਬਾਗ ਤੇ ਜਾਮੀਆ ਮਿਲੀਆ ਉੱਤੇ ਹੀ ਕੇਂਦਰਤ ਰਹੀ।
ਇਸ ਦੇ ਉਲਟ ਆਮ ਆਦਮੀ ਪਾਰਟੀ ਨੇ ਲੋਕਾਂ ਤੋਂ ਕੰਮ ਦੇ ਅਧਾਰ ਉੱਤੇ ਵੋਟਾਂ ਮੰਗੀਆਂ। ਆਮ ਆਦਮੀ ਪਾਰਟੀ ਦਾ ਨਾਅਰਾ ਵੀ ਵਿਕਾਸਮੁਖੀ ਸੀ, 'ਅੱਛੇ ਬੀਤੇ ਪਾਂਚ ਸਾਲ, ਲਗੇ ਰਹੋ ਕੇਜਰੀਵਾਲ।' ਭਾਜਪਾ ਆਗੂਆਂ ਨੇ ਕੇਜਰੀਵਾਲ ਨੂੰ ਭੜਕਾਉਣ ਲਈ ਕਦੇ ਸ਼ਾਹੀਨ ਬਾਗ ਦਾ ਦੋਸ਼ ਉਸ ਸਿਰ ਲਾਇਆ, ਕਦੇ ਕਨੱ੍ਹਈਆ ਕੁਮਾਰ ਵਿਰੁੱਧ ਲਾਏ ਦੇਸ਼ਧ੍ਰੋਹ ਦੇ ਕੇਸ ਵਿੱਚ ਉਸ ਦਾ ਪੱਖ ਪੂਰਨ ਦਾ ਤੇ ਕਦੇ ਉਸ ਨੂੰ ਆਤੰਕਵਾਦੀ ਤੱਕ ਕਿਹਾ, ਪਰ ਕੇਜਰੀਵਾਲ ਨੇ ਨਾ ਪ੍ਰਧਾਨ ਮੰਤਰੀ ਮੋਦੀ ਵੱਲੋਂ ਲਾਏ ਇਲਜ਼ਾਮਾਂ ਦਾ ਜਵਾਬ ਦਿੱਤਾ ਤੇ ਨਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਬੇਥਵੀਆਂ ਦਾ।
ਦੇਸ਼ ਦੀ ਰਾਜਧਾਨੀ ਦਿੱਲੀ ਇੱਕ ਮਿੰਨੀ ਭਾਰਤ ਹੈ। ਧਰਮ ਦੇ ਅਧਾਰ ਉੱਤੇ ਇੱਥੇ 81.68 ਫ਼ੀਸਦੀ ਹਿੰਦੂ, 12.86 ਫ਼ੀਸਦੀ ਮੁਸਲਮਾਨ, 3.49 ਫੀਸਦੀ ਸਿੱਖ, 0.99 ਫੀਸਦੀ ਜੈਨ, 0.87 ਫੀਸਦੀ ਈਸਾਈ ਤੇ 0.11 ਫ਼ੀਸਦੀ ਬੋਧੀ ਵਸਦੇ ਹਨ। ਸਮਾਜਿਕ ਅਧਾਰ ਉੱਤੇ ਇੱਥੇ 35 ਫ਼ੀਸਦੀ ਪੰਜਾਬੀ, 24 ਫੀਸਦੀ ਪੂਰਵਾਂਚਲੀ, 8 ਫ਼ੀਸਦੀ ਜਾਟ, 8 ਫੀਸਦੀ ਗੁੱਜਰ ਤੇ 8 ਫ਼ੀਸਦੀ ਵੈਸ਼ ਹਨ।
ਇਸ ਵਾਰ ਭਾਜਪਾ ਨੇ ਦਿੱਲੀ ਜਿੱਤਣ ਲਈ ਆਪਣੀ ਸਮੁੱਚੀ ਸਰਕਾਰ, ਸਾਰੇ ਕੇਂਦਰੀ ਮੰਤਰੀ ਤੇ ਸਾਂਸਦ, 6 ਮੁੱਖ ਮੰਤਰੀ ਤੇ ਅਨੇਕਾਂ ਛੋਟੇ-ਵੱਡੇ ਆਗੂ ਝੋਕੇ ਹੋਏ ਸਨ। ਇਹ ਵੀ ਖ਼ਬਰਾਂ ਆਈਆਂ ਸਨ ਕਿ ਗਰੀਬ ਬਸਤੀਆਂ ਵਿੱਚ ਮਾਇਆ ਦੀ ਬਰਸਾਤ ਵੀ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਡੀਆਂ ਰੈਲੀਆਂ ਜਥੇਬੰਦ ਕੀਤੀਆਂ। ਮੰਤਰੀਆਂ ਤੇ ਸਾਂਸਦਾਂ ਦੀ ਫ਼ੌਜ ਨੇ ਹਰ ਘਰ ਦੇ ਦਰਵਾਜ਼ੇ ਉੱਤੇ ਦਸਤਕ ਦਿੱਤੀ। ਦੂਜੇ ਪਾਸੇ ਇਕੱਲਾ ਕੇਜਰੀਵਾਲ ਗਲੀ-ਗਲੀ ਫਿਰ ਕੇ ਕੀਤੇ ਕੰਮ ਦੇ ਅਧਾਰ ਉੱਤੇ ਵੋਟਾਂ ਮੰਗਦਾ ਰਿਹਾ।
ਦਿੱਲੀ ਬਾਰੇ ਇੱਕ ਮੁਹਾਵਰਾ ਹੈ, 'ਦਿੱਲੀ ਹਾਲੇ ਦੂਰ ਹੈ।' ਇਸ ਪਿੱਛੇ ਇੱਕ ਕਹਾਣੀ ਹੈ। ਸੰਨ 1325 ਦੌਰਾਨ ਦਿੱਲੀ ਦੀ ਗੱਦੀ ਉੱਤੇ ਗਿਆਸੂਦੀਨ ਤੁਗਲਕ ਦਾ ਰਾਜ ਸੀ। ਉਹ ਢਾਕੇ ਵੱਲੋਂ ਇੱਕ ਲੜਾਈ ਜਿੱਤ ਕੇ ਦਿੱਲੀ ਨੂੰ ਆ ਰਿਹਾ ਸੀ। ਦਿੱਲੀ ਤੋਂ ਕੁਝ ਕਿਲੋਮੀਟਰ ਦੂਰ ਤੁਗਲਕ ਦਾ ਕਾਫ਼ਲਾ ਜਸ਼ਨ ਮਨਾਉਣ ਲਈ ਰੁਕ ਗਿਆ। ਉਨ੍ਹੀਂ ਦਿਨੀਂ ਸੂਫ਼ੀ ਸੰਤ ਨਿਜ਼ਾਮੂਦੀਨ ਔਲੀਆ ਦੀ ਦਿੱਲੀ ਵਿੱਚ ਬਹੁਤ ਮਾਨਤਾ ਸੀ। ਲੋਕ ਉਸ ਦੀ ਰਾਜੇ ਨਾਲੋਂ ਵੀ ਵੱਧ ਇੱਜ਼ਤ ਕਰਦੇ ਸਨ। ਗਿਆਸੂਦੀਨ ਇਸ ਗੱਲ ਤੋਂ ਖਾਰ ਖਾਂਦਾ ਸੀ। ਜਿੱਤ ਦੇ ਨਸ਼ੇ ਵਿੱਚ ਗਿਆਸੂਦੀਨ ਨੇ ਸੂਫ਼ੀ ਸੰਤ ਨੂੰ ਸੁਨੇਹਾ ਭੇਜ ਦਿੱਤਾ ਕਿ ਦਿੱਲੀ ਵਿੱਚ ਜਾਂ ਮੈਂ ਰਹਾਂਗਾ ਜਾਂ ਨਿਜ਼ਾਮੂਦੀਨ। ਨਿਜ਼ਾਮੂਦੀਨ ਔਲੀਆ ਨੇ ਇਸ ਦੇ ਜਵਾਬ ਵਿੱਚ ਪਿਆਰ ਨਾਲ ਇਹ ਸੁਨੇਹਾ ਭੇਜਿਆ, 'ਹੁਨੁੱਜ, ਦਿੱਲੀ ਦੂਰ ਅਸਤ।' ਮਤਲਬ ਦਿੱਲੀ ਹਾਲੇ ਦੂਰ ਹੈ। ਗਿਆਸੂਦੀਨ ਦਾ ਕਾਫਲਾ ਜਸ਼ਨ ਮਨਾ ਰਿਹਾ ਸੀ, ਇਸ ਦੌਰਾਨ ਇੱਕ ਮਦਮਸਤ ਹਾਥੀ ਗਿਆਸੂਦੀਨ ਦੇ ਲੱਕੜ ਦੇ ਬਣੇ ਖੇਮੇ ਨਾਲ ਜਾ ਟਕਰਾਇਆ, ਜਿਸ ਹੇਠਾਂ ਦੱਬ ਕੇ ਉਸ ਦੀ ਮੌਤ ਹੋ ਗਈ। ਉਸ ਦੋਂ ਬਾਅਦ ਇਹ ਕਹਾਵਤ ਚੱਲ ਪਈ ਕਿ 'ਦਿੱਲੀ ਹਾਲੇ ਦੂਰ ਹੈ।'
ਇਹ ਕਹਾਣੀ ਕਿੰਨੀ ਸੱਚੀ ਹੈ, ਇਸ ਬਾਰੇ ਅਸੀਂ ਕਹਿ ਨਹੀਂ ਸਕਦੇ, ਪਰ ਇਸ ਪਿੱਛੇ ਲੁਕਿਆ ਸੱਚ ਇਹ ਹੈ ਕਿ ਹੰਕਾਰ ਦੀ ਹਮੇਸ਼ਾ ਹਾਰ ਹੁੰਦੀ ਹੈ। ਇਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਆਗੂ ਘੁਮੰਡ ਦੇ ਘੋੜੇ ਉੱਤੇ ਚੜ੍ਹੇ ਹੋਏ ਹਨ। ਨਾਗਰਿਕਤਾ ਕਾਨੂੰਨਾਂ ਰਾਹੀਂ ਉਨ੍ਹਾਂ ਸਮੁੱਚੇ ਦੇਸ਼ ਨਾਲ ਮੱਥਾ ਲਾਇਆ ਹੋਇਆ ਹੈ। ਦਿੱਲੀ ਦੀ ਜਨਤਾ ਨੇ ਭਾਜਪਾ ਨੂੰ ਦੱਸ ਦਿੱਤਾ ਹੈ ਕਿ ਸਾਡੇ ਲੋਕਤੰਤਰੀ ਰਾਜ ਵਿੱਚ ਨਫ਼ਰਤ ਦੀ ਰਾਜਨੀਤੀ ਕਰਨ ਵਾਲਿਆਂ ਲਈ ਦਿੱਲੀ ਹਾਲੇ ਦੂਰ ਹੈ।
-ਚੰਦ ਫਤਿਹਪੁਰੀ

821 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper