Latest News
ਮੋਦੀ ਦਾ ਨਿਊ ਇੰਡੀਆ

Published on 12 Feb, 2020 11:27 AM.


ਦਿੱਲੀ ਚੋਣ ਦੰਗਲ ਦੇ ਆਖ਼ਰੀ ਦਿਨੀਂ ਦੋ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਵਾਪਰੀਆਂ, ਜਿਹੜੀਆਂ ਚੋਣਾਂ ਦੇ ਰੌਲੇ ਵਿੱਚ ਦੱਬ ਕੇ ਰਹਿ ਗਈਆਂ ਸਨ। ਪਹਿਲੀ ਘਟਨਾ 6 ਫਰਵਰੀ ਨੂੰ ਦਿੱਲੀ ਯੂਨੀਵਰਸਿਟੀ ਦੇ ਗਾਰਗੀ ਕਾਲਜ ਦੀ ਹੈ, ਜਿੱਥੇ ਬਾਹਰੀ ਗੁੰਡੇ ਗੇਟ ਤੋੜ ਕੇ ਕਾਲਜ ਵਿੱਚ ਦਾਖ਼ਲ ਹੋਏ ਤੇ ਵਿਦਿਆਰਥਣਾਂ ਨਾਲ ਛੇੜਛਾੜ ਕੀਤੀ। ਕਾਲਜ ਦੀਆਂ ਵਿਦਿਆਰਥਣਾਂ ਨੇ ਦੋਸ਼ ਲਾਇਆ ਹੈ ਕਿ ਸਾਲਾਨਾ ਫੈਸਟੀਵਲ ਦੌਰਾਨ ਜੈ ਸ੍ਰੀ ਰਾਮ ਦੇ ਨਾਅਰੇ ਲਾਉਂਦੇ ਇਹ ਗੁੰਡੇ ਕਾਲਜ ਵਿੱਚ ਦਾਖ਼ਲ ਹੋਏ ਤੇ ਵਿਦਿਆਰਥਣਾਂ ਨਾਲ ਛੇੜਛਾੜ ਕਰਨ ਲੱਗੇ, ਪ੍ਰੰਤੂ ਮੌਕੇ ਉੱਤੇ ਹਾਜ਼ਰ ਪੁਲਸ ਵਾਲੇ ਖੜ੍ਹੇ ਦੇਖਦੇ ਰਹੇ।
ਸੋਸ਼ਲ ਮੀਡੀਆ ਉੱਤੇ ਵਾਇਰਲ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ਾਮੀਂ ਸਾਢੇ ਛੇ ਵਜੇ ਨਸ਼ੇ ਵਿੱਚ ਚੂਰ ਕੁਝ ਲੋਕ ਕਾਲਜ ਦੇ ਗੇਟ ਕੋਲ ਇਕੱਠੇ ਹੁੰਦੇ ਹਨ ਤੇ ਜ਼ਬਰਦਸਤੀ ਅੰਦਰ ਵੜ ਜਾਂਦੇ ਹਨ। ਇੱਕ ਵਿਦਿਆਰਥਣ ਮੁਤਾਬਕ ਇਹ ਲੋਕ 30-35 ਸਾਲ ਦੀ ਉਮਰ ਦੇ ਸਨ ਤੇ ਵਿਦਿਆਰਥੀ ਨਹੀਂ ਸਨ। ਇਨ੍ਹਾਂ ਲੋਕਾਂ ਨੇ ਪੂਰੇ ਕੈਂਪਸ ਵਿੱਚ ਵਿਦਿਆਰਥਣਾਂ ਦਾ ਪਿੱਛਾ ਕੀਤਾ, ਪਰ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਾ ਕੀਤੀ। ਰੈਪਿਡ ਐਕਸ਼ਨ ਫੋਰਸ ਦੇ ਜਵਾਨ ਉੱਥੇ ਮੌਜੂਦ ਸਨ, ਪਰ ਉਨ੍ਹਾਂ ਕੁਝ ਨਾ ਕੀਤਾ।
ਇੱਕ ਵਿਦਿਆਰਥਣ ਨੇ ਦੱਸਿਆ ਕਿ ਉਸ ਨੂੰ ਤਿੰਨ ਵਾਰ ਫੜਿਆ ਗਿਆ, ਜਦੋਂ ਉਹ ਗੁੰਡਿਆਂ ਤੋਂ ਬਚ ਕੇ ਬਾਹਰ ਆਈ ਤਾਂ ਇੱਕ ਆਦਮੀ ਉਸ ਨੂੰ ਦੇਖ ਕੇ ਹੱਥਰਸੀ ਕਰਨ ਲੱਗਾ। ਉਹ ਉੱਥੋਂ ਭੱਜੀ ਤਾਂ ਅੱਗੋਂ ਉਸ ਨੂੰ ਇੱਕ ਹੋਰ ਵਿਦਿਆਰਥਣ ਮਿਲੀ, ਜਿਸ ਨੇ ਦੱਸਿਆ ਕਿ 5-6 ਆਦਮੀ ਉਸ ਦਾ ਪਿੱਛਾ ਕਰ ਰਹੇ ਹਨ।
ਇਸ ਘਟਨਾ ਦਾ ਮਾਮਲਾ ਸੰਸਦ ਵਿੱਚ ਵੀ ਉੱਠਿਆ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਇਸ ਦਾ ਨੋਟਿਸ ਲਿਆ ਹੈ। ਕਮਿਸ਼ਨ ਦੀ ਚੇਅਰਮੈਨ ਰੇਖਾ ਸ਼ਰਮਾ ਨੇ ਕਾਲਜ ਦਾ ਦੌਰਾ ਕਰਕੇ ਵਿਦਿਆਰਥਣਾਂ ਤੋਂ ਘਟਨਾ ਦੀ ਜਾਣਕਾਰੀ ਹਾਸਲ ਕੀਤੀ, ਪਰ ਸਭ ਤੋਂ ਮਾੜੀ ਗੱਲ ਇਹ ਹੈ ਕਿ ਦਿੱਲੀ ਪੁਲਸ ਨੇ ਹਾਲੇ ਤੱਕ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ।
ਦੂਜੀ ਘਟਨਾ 10 ਫਰਵਰੀ ਦੀ ਹੈ। ਜਾਮੀਆ ਮਿਲੀਆ ਦੇ ਵਿਦਿਆਰਥੀ ਨਾਗਰਿਕਤਾ ਕਾਨੂੰਨਾਂ ਵਿਰੁੱਧ ਸੰਸਦ ਤੱਕ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਸ ਨੇ ਅੰਦੋਲਨਕਾਰੀਆਂ ਨੂੰ ਹੋਲੀ ਫੈਮਿਲੀ ਹਸਪਤਾਲ ਕੋਲ ਰੋਕ ਲਿਆ ਤੇ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਪੁਲਸ ਵਾਲਿਆਂ ਨੇ ਵਿਦਿਆਰਥਣਾਂ ਨਾਲ ਬਦਸਲੂਕੀ ਕੀਤੀ। ਇੱਕ ਖ਼ਬਰ ਅਨੁਸਾਰ ਜ਼ਖ਼ਮੀ ਵਿਦਿਆਰਥੀਆਂ ਨੂੰ ਜਾਮੀਆ ਦੇ ਹੈਲਥ ਸੈਂਟਰ ਵਿੱਚ ਭਰਤੀ ਕੀਤਾ ਗਿਆ। ਸੈਂਟਰ ਦੇ ਡਾਕਟਰਾਂ ਨੇ ਦੱਸਿਆ ਕਿ 10 ਤੋਂ ਵੱਧ ਵਿਦਿਆਰਥਣਾਂ ਦੇ ਨਿੱਜੀ ਅੰਗਾਂ ਉੱਤੇ ਸੱਟਾਂ ਮਾਰੀਆਂ ਗਈਆਂ ਸਨ। ਕੁਝ ਵਿਦਿਆਰਥਣਾਂ ਦੇ ਗੰਭੀਰ ਸੱਟਾਂ ਕਾਰਨ ਉਨ੍ਹਾਂ ਨੂੰ ਅਲਸ਼ਿਫਾ ਹਸਪਤਾਲ ਵਿੱਚ ਭੇਜਣਾ ਪਿਆ।
ਹੈਲਥ ਸੈਂਟਰ ਵਿੱਚ ਇਲਾਜ ਕਰਾ ਰਹੀ ਇੱਕ ਵਿਦਿਆਰਥਣ ਨੇ ਇੰਡੀਆ ਟੂਡੇ ਟੀ ਵੀ ਨੂੰ ਦੱਸਿਆ ਕਿ ਇੱਕ ਮਹਿਲਾ ਪੁਲਸਕਰਮੀ ਨੇ ਉਸ ਦਾ ਬੁਰਕਾ ਹਟਾ ਕੇ ਉਸ ਦੇ ਨਿੱਜੀ ਅੰਗਾਂ 'ਤੇ ਸੱਟਾਂ ਮਾਰੀਆਂ। ਉਸ ਨੇ ਦੱਸਿਆ ਕਿ ਡਿੱਗ ਪੈਣ ਉੱਤੇ ਪੁਲਸ ਨੇ ਉਸ ਦੇ ਪ੍ਰਾਈਵੇਟ ਪਾਰਟ ਉੱਤੇ ਠੁੱਡੇ ਮਾਰੇ। ਇੱਕ ਜ਼ਖ਼ਮੀ ਵਿਦਿਆਰਥੀ ਨੇ ਦੱਸਿਆ ਕਿ ਪੁਲਸ ਨੇ ਉਸ ਦੇ ਪ੍ਰਾਈਵੇਟ ਪਾਰਟ ਉੱਤੇ ਠੁੱਡਾ ਮਾਰਿਆ। ਡਾਕਟਰਾਂ ਨੇ ਉਸ ਨੂੰ ਐਮਰਜੈਂਸੀ ਵਿੱਚ ਰੱਖਿਆ ਹੋਇਆ ਹੈ।
ਅਲਸ਼ਿਫਾ ਹਸਪਤਾਲ ਦੇ ਬਾਹਰ ਮਿਲੀ ਇੱਕ ਵਿਦਿਆਰਥਣ ਨੇ ਬੀ ਬੀ ਸੀ ਨੂੰ ਦੱਸਿਆ ਕਿ ਉਸ ਦੇ ਪਰਵਾਰ ਦੇ ਚਾਰ ਜੀਅ ਜ਼ਖ਼ਮੀ ਹਨ, ਜਿਨ੍ਹਾਂ ਵਿੱਚ ਉਸ ਦੀ ਮਾਂ, ਦੋ ਭੈਣਾਂ ਤੇ ਇੱਕ ਭਰਾ ਸ਼ਾਮਲ ਹਨ। ਉਸ ਦੀ ਇੱਕ ਭੈਣ ਆਈ ਸੀ ਯੂ ਵਿੱਚ ਭਰਤੀ ਹੈ। ਉਸ ਦੇ ਨਿੱਜੀ ਅੰਗਾਂ ਉੱਤੇ ਮਰਦ ਪੁਲਸ ਵਾਲਿਆਂ ਨੇ ਸੱਟਾਂ ਮਾਰੀਆਂ ਹਨ। ਉਸ ਨੇ ਕਿਹਾ ਕਿ ਅਸੀਂ ਪੁਲਸ ਨੂੰ ਇੱਕ ਨਵੀਂ ਤਰਕੀਬ ਵਰਤਦੇ ਵੇਖਿਆ ਹੈ। ਉਨ੍ਹਾਂ ਵੱਲੋਂ ਚੁਣ- ਚੁਣ ਕੇ ਲੜਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇੰਜ ਲੱਗਦਾ ਹੈ ਕਿ ਪੁਲਸ ਨੂੰ ਇੱਕ ਨਵਾਂ ਕਾਨੂੰਨ ਮਿਲ ਗਿਆ ਹੈ, ਜਿਸ ਤਹਿਤ ਉਹ ਜਾਮੀਆ ਦੀਆਂ ਵਿਦਿਆਰਥਣਾਂ ਉੱਤੇ ਪੂਰੀ ਬੇਸ਼ਰਮੀ ਨਾਲ ਹਮਲੇ ਕਰ ਰਹੀ ਹੈ। ਹਸਪਤਾਲ ਦੇ ਅੰਦਰੋਂ ਵੀਡੀਓ ਰਾਹੀਂ ਭੇਜੇ ਇੱਕ ਸੰਦੇਸ਼ ਵਿੱਚ ਉਸ ਦੀ ਜ਼ਖ਼ਮੀ ਭੈਣ ਨੇ ਦੱਸਿਆ, ''ਮੈਂ ਬੈਰੀਕੇਡ ਦੇ ਕੋਲ ਸੀ। ਇੱਕ ਮਹਿਲਾ ਪੁਲਸਕਰਮੀ ਨੇ ਮੈਨੂੰ ਖਿੱਚਿਆ ਤਾਂ ਮੈਂ ਡਿੱਗ ਪਈ। ਉਸ ਤੋਂ ਬਾਅਦ ਚਾਰ-ਪੰਜ ਮਰਦ ਪੁਲਸ ਵਾਲਿਆਂ ਨੇ ਮੇਰੇ ਉੱਤੇ ਬੂਟਾਂ ਨਾਲ ਹਮਲਾ ਕਰ ਦਿੱਤਾ। ਇੱਕ ਪੁਲਸ ਵਾਲੇ ਨੇ ਮੇਰੇ ਨਿੱਜੀ ਅੰਗ ਉੱਤੇ ਹਮਲਾ ਕੀਤਾ ਤੇ ਮੇਰੀ ਪੱਸਲੀ ਟੁੱਟ ਗਈ ਹੈ।''
ਇੱਕ ਜ਼ਖ਼ਮੀ ਵਿਦਿਆਰਥੀ ਮੁਹੰਮਦ ਦਾਨਿਸ਼ ਨੇ ਦੱਸਿਆ, ''ਪੁਲਸ ਵਾਲਿਆਂ ਨੇ ਖਿੱਚ ਕੇ ਮੈਨੂੰ ਭੀੜ ਤੋਂ ਵੱਖ ਕਰ ਕੇ ਮੇਰੇ ਉੱਤੇ ਬੈਰੀਕੇਡ ਸੁੱਟ ਦਿੱਤਾ ਤੇ ਆਪ ਬੈਰੀਕੇਡ ਉੱਤੇ ਚੜ੍ਹ ਗਏ। ਹੇਠਾਂ ਖੜ੍ਹੇ ਪੁਲਸ ਵਾਲਿਆਂ ਨੇ ਮੇਰੇ ਨਿੱਜੀ ਅੰਗਾਂ ਉੱਤੇ ਬੂਟਾਂ ਨਾਲ ਵਾਰ ਕੀਤੇ।'' ਇੱਕ ਹੋਰ ਵਿਦਿਆਰਥੀ ਅਤੀਬ ਖਾਨ ਨੇ ਦੱਸਿਆ ਕਿ ਪੁਲਸ ਨੇ ਇੱਕ ਰਸਾਇਣ ਦਾ ਇਸਤੇਮਾਲ ਕੀਤਾ, ਜਿਸ ਦੀ ਚਪੇਟ ਵਿੱਚ ਆਉਣ ਨਾਲ ਵਿਦਿਆਰਥੀਆਂ ਨੂੰ ਪੇਟ ਦਰਦ ਹੋਣ ਲੱਗਾ ਤੇ ਸਾਹ ਉੱਖੜਨਾ ਸ਼ੁਰੂ ਹੋ ਗਿਆ। ਇਸ ਨਾਲ ਹਫੜਾ-ਦਫੜੀ ਮਚ ਗਈ ਤੇ ਇਸ ਦੌਰਾਨ ਜਿਹੜਾ ਪੁਲਸ ਦੇ ਹੱਥੇ ਚੜ੍ਹ ਗਿਆ, ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ।
ਭਾਵੇਂ ਪੁਲਸ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰ ਰਹੀ ਹੈ, ਪਰ ਹਸਪਤਾਲਾਂ ਵਿੱਚ ਦਾਖਲ ਵਿਦਿਆਰਥੀਆਂ ਬਾਰੇ ਉਹ ਕੋਈ ਸਫਾਈ ਨਹੀਂ ਦੇ ਸਕਦੀ। ਜੇ ਐੱਨ ਯੂ ਹੋਵੇ ਜਾਂ ਜਾਮੀਆ ਦਿੱਲੀ ਪੁਲਸ ਦਾ ਘਿਨੌਣਾ ਚਿਹਰਾ ਹਰ ਥਾਂ ਬੇਨਕਾਬ ਹੋ ਰਿਹਾ ਹੈ। ਗ੍ਰਹਿ ਮੰਤਰੀ ਚੁੱਪ ਹੈ, ਅਦਾਲਤਾਂ ਚੁੱਪ ਹਨ, ਪਰ ਜਨਤਾ ਚੁੱਪ ਨਹੀਂ ਰਹਿ ਸਕਦੀ। ਜੇਕਰ ਹਾਕਮ ਹੁਣ ਵੀ ਲੀਹ ਉੱਤੇ ਨਹੀਂ ਆਉਂਦੇ ਤਾਂ ਉਨ੍ਹਾਂ ਦਾ ਹਰ ਥਾਂ ਹਾਲ ਦਿੱਲੀ ਚੋਣਾਂ ਵਾਲਾ ਹੀ ਹੋਣ ਵਾਲਾ ਹੈ।

794 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper