Latest News
20 ਦੇਸ਼ਾਂ ਦੇ ਡਿਪਲੋਮੈਟ ਕਸ਼ਮੀਰ ਦੇ ਦੌਰੇ 'ਤੇ

Published on 12 Feb, 2020 11:36 AM.

ਸ੍ਰੀਨਗਰ : ਧਾਰਾ 370 ਖਤਮ ਕਰਨ ਦੇ ਬਾਅਦ ਦੀ ਸਥਿਤੀ ਦਾ ਨੇੜਿਓਂ ਜਾਇਜ਼ਾ ਲੈਣ ਲਈ ਵਿਦੇਸ਼ੀ ਡਿਪਲੋਮੈਟਾਂ ਦਾ ਦੂਜਾ ਬੈਚ ਦੋ ਦਿਨਾਂ ਦੌਰੇ 'ਤੇ ਬੁੱਧਵਾਰ ਸ੍ਰੀਨਗਰ ਪੁੱਜਾ। 20 ਦੇਸ਼ਾਂ ਦੇ ਡਿਪਲੋਮੈਟ ਦਿਨੇ 11 ਵਜੇ ਹਵਾਈ ਅੱਡੇ 'ਤੇ ਉੱਤਰੇ, ਪਰ ਮੌਸਮ ਖਰਾਬ ਹੋਣ ਕਾਰਨ ਬਾਰਾਮੂਲਾ ਨਹੀਂ ਜਾ ਸਕੇ। ਇਸ ਦੀ ਥਾਂ ਉਨ੍ਹਾਂ ਡੱਲ ਲੇਕ ਵਿਚ ਸ਼ਿਕਾਰੇ ਦੀ ਸਵਾਰੀ ਕੀਤੀ। ਬੈਚ ਵਿਚ ਯੂਰਪੀ ਯੂਨੀਅਨ, ਦੱਖਣੀ ਅਮਰੀਕਾ ਤੇ ਖਾੜੀ ਦੇਸ਼ਾਂ ਦੇ ਡਿਪਲੋਮੈਟ ਸ਼ਾਮਲ ਹਨ।
ਅਫਗਾਨਿਸਤਾਨ ਦੇ ਰਾਜਦੂਤ ਤਾਹਿਰ ਕਾਦਰੀ ਨੇ ਟਵੀਟ ਕੀਤਾ, ''ਇੱਥੇ ਪੁੱਜ ਕੇ ਡੱਲ ਲੇਕ ਵਿਚ ਸ਼ਿਕਾਰੇ ਦੀ ਸਵਾਰੀ ਦਾ ਲੁਤਫ ਉਠਾਇਆ। ਸ਼ਾਨਦਾਰ ਝੀਲ ਤੇ ਮਹਿਮਾਨਨਿਵਾਜ਼ ਲੋਕ। ਮੈਂ ਇਕ ਦੁਕਾਨ ਵਾਲੀ ਬੋਟ ਤੋਂ ਖੂਬਸੂਰਤ ਕਸ਼ਮੀਰੀ ਮੁੰਦਰੀ ਖਰੀਦੀ।''
ਡਿਪਲੋਮੈਟਾਂ ਦੇ ਦੌਰੇ 'ਤੇ ਟਿੱਪਣੀ ਕਰਦਿਆਂ ਨਜ਼ਰਬੰਦ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਧੀ ਇਲਤਜ਼ਾ ਨੇ ਟਵੀਟ ਕੀਤਾ ਕਿ ਉਹ ਆਸ ਕਰਦੀ ਹੈ ਕਿ ਡਿਪਲੋਮੈਟ ਇੰਟਰਨੈੱਟ 'ਤੇ ਰੋਕ, ਸਥਾਨਕ ਮੀਡੀਆ ਨੂੰ ਦਬਾਉਣ, ਭੈਅ ਪੈਦਾ ਕਰਨ ਲਈ ਫੌਜ ਦੀ ਤਾਇਨਾਤੀ ਅਤੇ ਸਿਆਸੀ ਆਗੂਆਂ ਦੀ ਪਬਲਿਕ ਸੇਫਟੀ ਐਕਟ ਤਹਿਤ ਨਜ਼ਰਬੰਦੀ ਦੇ ਸੰਬੰਧ ਵਿਚ ਅਧਿਕਾਰੀਆਂ ਨੂੰ ਸਵਾਲ ਕਰਨਗੇ। ਇਕ ਰਾਜਦੂਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਸੈਲਾਨੀ ਦੇ ਤੌਰ 'ਤੇ ਆਇਆ ਹੈ।
ਸਰਕਾਰ ਇਨ੍ਹਾਂ ਡਿਪਲੋਮੈਟਾਂ ਨੂੰ ਇਹ ਦਿਖਾਉਣ ਲਿਆਈ ਹੈ ਕਿ ਧਾਰਾ 370 ਖਤਮ ਕਰਨ ਤੋਂ ਬਾਅਦ ਹਾਲਾਤ ਕਿਹੋ ਜਿਹੇ ਹਨ। ਇਸ ਤੋਂ ਪਹਿਲਾਂ ਅਮਰੀਕੀ ਰਾਜਦੂਤ ਸਣੇ 15 ਡਿਪਲੋਮੇਟਾਂ ਨੇ ਜਨਵਰੀ ਵਿਚ ਦੋ ਦਿਨਾਂ ਦਾ ਦੌਰਾ ਕੀਤਾ ਸੀ।

171 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper