Latest News
ਹਾਫਿਜ਼ ਸਈਦ ਨੂੰ ਟੈਰਰ ਫੰਡਿੰਗ ਦੇ ਦੋ ਮਾਮਲਿਆਂ 'ਚ ਸਜ਼ਾ

Published on 12 Feb, 2020 11:38 AM.

ਲਾਹੌਰ : ਦਹਿਸ਼ਤਗਰਦੀ ਦੇ ਮਾਮਲਿਆਂ ਦੀ ਸੁਣਵਾਈ ਕਰਨ ਵਾਲੀ ਕੋਰਟ ਨੇ ਮੁੰਬਈ ਹਮਲੇ ਦੇ ਦਿਮਾਗ ਹਾਫਿਜ਼ ਸਈਦ ਨੂੰ ਬੁੱਧਵਾਰ ਟੈਰਰ ਫੰਡਿੰਗ ਦੇ ਦੋ ਮਾਮਲਿਆਂ ਵਿਚ ਸਾਢੇ ਪੰਜ-ਪੰਜ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ। ਦੋਨੋਂ ਸਜ਼ਾਵਾਂ ਨਾਲੋ-ਨਾਲ ਚੱਲਣਗੀਆਂ ਤੇ ਉਸਨੂੰ 15 ਹਜ਼ਾਰ ਰੁਪਏ ਜੁਰਮਾਨਾ ਵੀ ਦੇਣਾ ਪਵੇਗਾ।
ਪਾਬੰਦੀਸ਼ੁਦਾ ਜਥੇਬੰਦੀ ਜਮਾਤ-ਉਦ-ਦਾਵਾ ਦੇ ਸਰਗਣੇ ਹਾਫਿਜ਼ ਖਿਲਾਫ ਦਹਿਸ਼ਤਗਰਦਾਂ ਨੂੰ ਪੈਸੇ ਦੇਣ, ਮਨੀ ਲਾਂਡਰਿੰਗ ਤੇ ਨਾਜਾਇਜ਼ ਕਬਜ਼ਿਆਂ ਦੇ 29 ਮਾਮਲੇ ਦਰਜ ਹਨ। ਹਾਫਿਜ਼ ਬਾਰੇ ਇਹ ਫੈਸਲਾ ਉਦੋਂ ਆਇਆ ਹੈ ਜਦ ਪਾਕਿਸਤਾਨ 'ਤੇ ਦਹਿਸ਼ਤਗਰਦਾਂ ਨੂੰ ਮੁਹਈਆ ਕਰਵਾਏ ਜਾਣ ਵਾਲੇ ਧਨ 'ਤੇ ਨਜ਼ਰ ਰੱਖਣ ਵਾਲੀ ਕੌਮਾਂਤਰੀ ਜਥੇਬੰਦੀ ਫਾਈਨੈਂਸ਼ਿਅਲ ਐਕਸ਼ਨ ਟਾਸਕ ਫੋਰਸ (ਐਫ ਏ ਟੀ ਐਫ) ਦੀ ਕਾਲੀ ਸੂਚੀ ਵਿਚ ਸ਼ਾਮਲ ਕੀਤੇ ਜਾਣ ਦਾ ਖਤਰਾ ਮੰਡਰਾ ਰਿਹਾ ਹੈ। ਕਾਲੀ ਸੂਚੀ ਵਿਚ ਸ਼ਾਮਲ ਹੋਣ 'ਤੇ ਵਿਦੇਸ਼ੀ ਆਰਥਕ ਮਦਦ ਮਿਲਣੀ ਬੰਦ ਹੋ ਜਾਂਦੀ ਹੈ। ਉਸਦੀ ਆਰਥਕ ਸਥਿਤੀ ਪਹਿਲਾਂ ਹੀ ਡਾਂਵਾਡੋਲ ਹੈ। ਐਫ ਏ ਟੀ ਐਫ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਫਰਵਰੀ ਤਕ ਦਹਿਸ਼ਤਗਰਦਾਂ ਨੂੰ ਧਨ ਮੁਹਈਆ ਕਰਾਉਣ ਵਾਲਿਆਂ 'ਤੇ ਕੰਟਰੋਲ ਨਾ ਕੀਤਾ ਤਾਂ ਉਸਨੂੰ ਕਾਲੀ ਸੂਚੀ ਵਿਚ ਪਾ ਦਿੱਤਾ ਜਾਵੇਗਾ। ਉਸਤੋਂ ਬਾਅਦ ਇਮਰਾਨ ਸਰਕਾਰ ਨੇ ਹਾਫਿਜ਼ 'ਤੇ ਨਕੇਲ ਕੱਸਣੀ ਸ਼ੁਰੂ ਕੀਤੀ। ਐਫ ਏ ਟੀ ਐਫ ਨੇ ਦਹਿਸ਼ਤਗਰਦ ਗਰੁੱਪਾਂ ਖਿਲਾਫ ਕਾਰਵਾਈ ਲਈ ਕੀਤੇ ਜਾ ਰਹੇ ਜਤਨਾਂ 'ਤੇ ਹਾਲ ਹੀ ਵਿਚ ਤਸੱਲੀ ਵੀ ਪ੍ਰਗਟਾਈ ਸੀ। ਅਜਿਹੇ ਵਿਚ ਸੰਭਾਵਨਾ ਹੈ ਕਿ ਅਗਲੇ ਮਹੀਨੇ ਪਾਕਿਸਤਾਨ ਗ੍ਰੇ ਲਿਸਟ ਵਿਚੋਂ ਬਾਹਰ ਆ ਸਕਦਾ ਹੈ। ਹਾਫਿਜ਼ ਖਿਲਾਫ ਕੋਰਟ ਦੇ ਫੈਸਲੇ ਨੂੰ ਇਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

255 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper