Latest News
ਇਟਲੀ 'ਚ ਜੰਮਣ ਵਾਲਿਆਂ ਨਾਲੋਂ ਮਰਨ ਵਾਲਿਆਂ ਦੀ ਗਿਣਤੀ ਵਧੀ

Published on 12 Feb, 2020 11:39 AM.


ਰੋਮ : ਇਟਲੀ ਦਾ ਭਵਿੱਖ ਖਤਰੇ ਵਿਚ ਹੈ। ਖੁਦ ਪ੍ਰਧਾਨ ਮੰਤਰੀ ਸਰਜੀਓ ਮਾਤਾਰੇਲਾ ਨੇ ਦੇਸ਼ ਦੀ ਘਟਦੀ ਆਬਾਦੀ 'ਤੇ ਚਿੰਤਾ ਜਤਾਉਂਦਿਆਂ ਇਹ ਗੱਲ ਕਹੀ ਹੈ। ਦਰਅਸਲ ਕੋਲੰਬਸ ਤੇ ਗੈਲੀਲੀਓ ਦਾ ਦੇਸ਼ ਇਟਲੀ ਲਗਾਤਾਰ ਘਟ ਰਹੀ ਜਨਮ ਦਰ ਦੇ ਸੰਕਟ ਨਾਲ ਜੂਝ ਰਿਹਾ ਹੈ। 2019 ਵਿਚ ਲਗਾਤਾਰ ਪੰਜਵੇਂ ਸਾਲ ਇਟਲੀ ਵਿਚ ਜਨਮ ਦਰ ਮੌਤ ਦਰ ਨਾਲੋਂ ਘੱਟ ਰਹੀ।
ਇਟਲੀ ਦੀ ਕੌਮੀ ਆਬਾਦੀ ਏਜੰਸੀ ਮੁਤਾਬਕ 2019 ਵਿਚ 435000 ਬੱਚਿਆਂ ਨੇ ਜਨਮ ਲਿਆ। ਇਹ ਅੰਕੜਾ 2018 ਦੇ ਮੁਕਾਬਲੇ 5000 ਘੱਟ ਹੈ। ਦੂਜੇ ਪਾਸੇ ਮਰਨ ਵਾਲਿਆਂ ਦੀ ਗਿਣਤੀ 747000 ਰਹੀ, ਜੋ ਕਿ ਬੀਤੇ ਸਾਲ ਦੀ ਤੁਲਨਾ ਵਿਚ 14000 ਜ਼ਿਆਦਾ ਸੀ। ਪਹਿਲੀ ਸੰਸਾਰ ਜੰਗ ਦੌਰਾਨ 1918 ਦੇ ਬਾਅਦ ਇਹ ਪਹਿਲਾ ਮੌਕਾ ਹੈ ਜਦ ਇਟਲੀ ਵਿਚ ਜਨਮ ਦਰ ਵਿਚ ਏਨੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਟਲੀ ਵਿਚ ਇਹ ਸੰਕਟ ਉਸਦੀ ਅਰਥਵਿਵਸਥਾ ਲਈ ਵੀ ਚਿੰਤਾਜਨਕ ਹੈ। ਬਜ਼ੁਰਗਾਂ ਦੀ ਆਬਾਦੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਤੇ ਕਾਮਾ-ਸ਼ਕਤੀ ਘੱਟ ਰਹੀ ਹੈ। ਪ੍ਰਧਾਨ ਮੰਤਰੀ ਮਾਤਾਰੇਲਾ ਨੇ ਇਨ੍ਹਾਂ ਅੰਕੜਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਥਿਤੀ ਦੇਸ਼ ਦੀ ਹੋਂਦ ਲਈ ਸੰਕਟ ਦੀ ਤਰ੍ਹਾਂ ਹੈ। ਉਨ੍ਹਾ ਕਿਹਾ ਕਿ ਦੇਸ਼ ਦਾ ਤਾਣਾ-ਬਾਣਾ ਲਗਾਤਾਰ ਕਮਜ਼ੋਰ ਹੋ ਰਿਹਾ ਹੈ ਅਤੇ ਇਸ ਸੰਕਟ ਨਾਲ ਨਜਿੱਠਣ ਲਈ ਹਰਸੰਭਵ ਉਪਾਅ ਕੀਤੇ ਜਾਣੇ ਚਾਹੀਦੇ ਹਨ। 78 ਸਾਲ ਦੇ ਮਾਤਾਰੇਲਾ ਨੇ ਕਿਹਾ ਕਿ ਬਜ਼ੁਰਗ ਹੋਣ ਦੇ ਨਾਤੇ ਉਨ੍ਹਾ ਨੂੰ ਘਟਦੀ ਆਬਾਦੀ ਨੂੰ ਲੈ ਕੇ ਚਿੰਤਾ ਹੋ ਰਹੀ ਹੈ। ਇਟਲੀ ਦੀ ਕੁਲ ਆਬਾਦੀ 116000 ਘੱਟ ਕੇ 6 ਕਰੋੜ 3 ਲੱਖ ਰਹਿ ਗਈ ਹੈ। ਜਨਮ ਦਰ ਵਿਚ ਕਮੀ ਤੋਂ ਇਲਾਵਾ ਹਿਜਰਤ ਵੀ ਇਟਲੀ ਲਈ ਵੱਡਾ ਸੰਕਟ ਬਣ ਕੇ ਉਭਰੀ ਹੈ। ਹਾਲਾਂਕਿ ਪ੍ਰਵਾਸੀਆਂ ਦੇ ਚਲਦਿਆਂ ਇਟਲੀ ਦੀ ਆਬਾਦੀ ਵਿਚ ਸੰਤੁਲਨ ਕਾਇਮ ਕਰਨ ਵਿਚ ਕੁਝ ਮਦਦ ਮਿਲੀ ਹੈ। ਇਟਲੀ ਦੀ ਤਰ੍ਹਾਂ ਹੋਰ ਕਈ ਯੂਰਪੀ ਦੇਸ਼ ਵੀ ਇਸ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਖਾਸਕਰ ਜਰਮਨੀ ਵਿਚ ਵੀ ਮੂਲ ਨਿਵਾਸੀਆਂ ਦੀ ਜਨਮ ਦਰ ਵਿਚ ਕਮੀ ਦੇਖਣ ਨੂੰ ਮਿਲ ਰਹੀ ਹੈ।

312 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper