Latest News
ਆਸਾਮ 'ਚ ਐੱਨ ਆਰ ਸੀ ਡਾਟਾ ਨਜ਼ਰ ਨਹੀਂ ਆ ਰਿਹਾ, ਲੋਕਾਂ 'ਚ ਭੈਅ

Published on 12 Feb, 2020 11:40 AM.


ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਬੁੱਧਵਾਰ ਸਪੱਸ਼ਟ ਕੀਤਾ ਕਿ ਆਸਾਮ ਵਿਚ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਜ਼ (ਐੱਨ ਆਰ ਸੀ) ਦਾ ਡਾਟਾ ਸੁਰੱਖਿਅਤ ਹੈ, ਹਾਲਾਂਕਿ ਕਲਾਊਡ 'ਤੇ ਕੁਝ ਤਕਨੀਕੀ ਮੁੱਦੇ ਦੇਖੇ ਗਏ ਹਨ ਤੇ ਉਨ੍ਹਾਂ ਨੂੰ ਛੇਤੀ ਹੀ ਹੱਲ ਕਰ ਲਿਆ ਜਾਵੇਗਾ। ਖਬਰਾਂ ਛਪੀਆਂ ਸਨ ਕਿ ਐੱਨ ਆਰ ਸੀ ਦੀ ਅੰਤਮ ਸੂਚੀ ਦਾ ਡਾਟਾ ਆਫੀਸ਼ੀਅਲ ਵੈਬਸਾਈਟ ਤੋਂ ਆਫਲਾਈਨ ਹੋ ਗਿਆ ਹੈ। ਡਾਟਾ ਨਜ਼ਰ ਨਾ ਆਉਣ ਕਾਰਨ ਉਨ੍ਹਾਂ ਲੋਕਾਂ ਵਿਚ ਭੈਅ ਪੈਦਾ ਹੋ ਗਿਆ ਹੈ, ਜਿਨ੍ਹਾਂ ਨੂੰ ਸੂਚੀ ਵਿੱਚੋਂ ਬਾਹਰ ਰੱਖਿਆ ਗਿਆ ਹੈ, ਕਿਉਂਕਿ ਸੂਚੀ ਤੋਂ ਬਾਹਰ ਕਰਨ ਦਾ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਹੈ।ਐੱਨ ਆਰ ਸੀ ਦੇ ਸਟੇਟ ਕਨਵੀਨਰ ਹਿਤੇਸ਼ ਦੇਵ ਨੇ ਡਾਟਾ ਆਫਲਾਈਨ ਹੋਣ ਪਿੱਛੇ ਕਿਸੇ ਦੁਰਭਾਵਨਾ ਨੂੰ ਖਾਰਜ ਕੀਤਾ ਹੈ। ਵੱਡੇ ਪੈਮਾਨੇ 'ਤੇ ਡਾਟਾ ਸੇਵ ਕਰਨ ਲਈ ਕਲਾਊਡ ਸੇਵਾ ਆਈ ਟੀ ਕੰਪਨੀ ਵਿਪਰੋ ਨੇ ਮੁਹੱਈਆ ਕਰਾਈ ਸੀ ਤੇ ਉਸ ਦਾ ਕਾਨਟ੍ਰੈਕਟ ਪਿਛਲੇ ਸਾਲ 19 ਅਕਤੂਬਰ ਨੂੰ ਖਤਮ ਹੋ ਗਿਆ ਸੀ, ਜਿਹੜਾ ਸਾਬਕਾ ਕਨਵੀਨਰ ਨੇ ਰੀਨਿਊ ਨਹੀਂ ਕਰਾਇਆ। ਵਿਪਰੋ ਨੇ 15 ਦਸੰਬਰ ਤੋਂ ਸੇਵਾ ਬੰਦ ਕਰ ਦਿੱਤੀ। ਵਿਪਰੋ ਨੂੰ ਨਵੇਂ ਸਿਰਿਓਂ ਲਿਖਿਆ ਗਿਆ ਹੈ ਤੇ ਉਮੀਦ ਹੈ ਕਿ ਉਹ ਦੋ-ਤਿੰਨ ਦਿਨਾਂ ਵਿਚ ਡਾਟਾ ਆਨਲਾਈਨ ਕਰ ਦੇਵੇਗੀ।

213 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper