Latest News
ਮੱਧ-ਮਾਰਗੀ ਪਹੁੰਚ

Published on 13 Feb, 2020 11:23 AM.


ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਦੀ ਲਾਮਿਸਾਲ ਜਿੱਤ ਬਾਰੇ ਕਈ ਤਰ੍ਹਾਂ ਦੇ ਵਿਸ਼ਲੇਸ਼ਣ ਸਾਹਮਣੇ ਆ ਰਹੇ ਹਨ। ਕੁਝ ਕਾਲਮ ਨਵੀਸ ਇਸ ਜਿੱਤ ਨੂੰ ਕੇਜਰੀਵਾਲ ਪ੍ਰਤੀ ਆਰ ਐੱਸ ਐੱਸ ਦੀ ਹਾਂ-ਪੱਖੀ ਪਹੁੰਚ ਦਾ ਨਤੀਜਾ ਦੱਸ ਰਹੇ ਹਨ ਤੇ ਕੁਝ ਹੋਰ ਇਸ ਨੂੰ ਕੇਜਰੀਵਾਲ ਦੇ 'ਵੈੱਲਫੇਅਰ ਸਟੇਟ' ਦੇ ਸੰਕਲਪ ਦੇ ਹੱਕ ਵਿੱਚ ਲੋਕਾਂ ਦਾ ਫਤਵਾ।
ਇਸ ਬਾਰੇ ਕਿਸੇ ਨਿਰਣੇ ਉੱਤੇ ਪਹੁੰਚਣ ਤੋਂ ਪਹਿਲਾਂ ਸਾਨੂੰ ਭਾਰਤ ਦੇ ਰਾਜਨੀਤਕ ਪਿਛੋਕੜ 'ਤੇ ਝਾਤ ਮਾਰਨੀ ਪਵੇਗੀ। ਅਜ਼ਾਦੀ ਤੋਂ ਬਾਅਦ ਲੰਮਾ ਸਮਾਂ ਦੇਸ਼ ਵਿੱਚ ਕਾਂਗਰਸ ਦਾ ਰਾਜ ਰਿਹਾ। ਲੰਮਾ ਸਮਾਂ ਕਾਂਗਰਸ ਦੀ ਛਵੀ ਇੱਕ ਮੱਧ-ਮਾਰਗੀ ਪਾਰਟੀ ਦੀ ਰਹੀ, ਜਿਸ ਦੀ ਆਪਣੀ ਲੋੜ ਅਨੁਸਾਰ ਖੱਬੇ ਪੱਖ ਵੱਲ ਪਹੁੰਚ ਉਸਾਰੂ ਰਹੀ। ਇਸ ਦੇ ਨਤੀਜੇ ਵਜੋਂ ਦੱਖਣਪੰਥੀ ਤਾਕਤਾਂ ਕਮਜ਼ੋਰ ਹੋਈਆਂ ਤੇ ਖੱਬੇ ਪੱਖ ਦੀ ਤਾਕਤ ਵਧਦੀ ਰਹੀ, ਪਰ ਨਰਸਿਮਹਾ ਰਾਓ ਦੇ ਰਾਜਕਾਲ ਦੌਰਾਨ ਕਾਂਗਰਸ ਨੇ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਲਾਗੂ ਕਰਕੇ ਸੱਜੇ-ਪੱਖੀ ਮੋੜਾ ਕੱਟ ਲਿਆ। ਇਸ ਦੇ ਨਾਲ ਹੀ ਉਸ ਨੇ ਬਾਬਰੀ ਮਸਜਿਦ ਨੂੰ ਡੇਗੇ ਜਾਣ ਸਮੇਂ ਮੂਕ-ਦਰਸ਼ਕ ਰਹਿ ਕੇ ਬਹੁ-ਗਿਣਤੀ ਹਿੰਦੂ ਨੂੰ ਰਿਝਾਉਣ ਦੀ ਰਣਨੀਤੀ ਅਪਣਾ ਲਈ। ਕਾਂਗਰਸ ਦੀ ਇਸ ਨੀਤੀ ਨੇ ਇੱਕ ਪਾਸੇ ਦੱਖਣੀਪੰਥੀ ਭਾਜਪਾ ਨੂੰ ਤਕੜੇ ਹੋਣ ਦਾ ਮੌਕਾ ਦਿੱਤਾ ਤੇ ਦੂਜੇ ਪਾਸੇ ਉਹ ਇੱਕ ਤੋਂ ਬਾਅਦ ਦੂਜੇ ਰਾਜ ਵਿੱਚ ਅਪ੍ਰਸੰਗਕ ਹੁੰਦੀ ਗਈ।
ਨਤੀਜਾ ਇਹ ਨਿਕਲਿਆ ਕਿ ਧੁਰ ਦੱਖਣਪੰਥੀ ਭਾਜਪਾ ਨੂੰ ਕੇਂਦਰ ਦੀ ਸੱਤਾ 'ਤੇ ਪਹੁੰਚਣ ਦਾ ਮੌਕਾ ਮਿਲਿਆ ਤੇ ਹੌਲੀ-ਹੌਲੀ ਉਸ ਨੇ ਰਾਜਾਂ ਵਿੱਚ ਸੱਤਾਸੀਨ ਹੋਈਆਂ ਖੇਤਰੀ ਪਾਰਟੀਆਂ ਨੂੰ ਵੀ ਨਿਗਲਣਾ ਸ਼ੁਰੂ ਕਰ ਦਿੱਤਾ, ਪਰ ਇਸ ਪ੍ਰਕ੍ਰਿਆ ਨੇ ਰਾਜਨੀਤੀ ਵਿੱਚ ਮੱਧ ਮਾਰਗੀ ਸਥਾਨ ਦਾ ਖਲਾਅ ਪੈਦਾ ਕਰ ਦਿੱਤਾ। ਕੁਦਰਤ ਵਾਂਗ ਰਾਜਨੀਤੀ ਦਾ ਵੀ ਇਹ ਨਿਯਮ ਹੈ ਕਿ ਉਹ ਖਾਲੀਪਣ ਨੂੰ ਪਸੰਦ ਨਹੀਂ ਕਰਦੀ। ਪਿਛਲੇ ਸਮੇਂ ਵਿੱਚ ਕਾਂਗਰਸ ਪਾਰਟੀ ਨੇ ਭਾਜਪਾ ਦੇ ਮੁਕਾਬਲੇ ਲਈ ਮੱਧ ਮਾਰਗ ਚੁਣਨ ਦੀ ਥਾਂ ਨਰਮ ਹਿੰਦੂਤਵ ਦਾ ਦਾਅ ਖੇਡਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਾ ਹੋ ਸਕੀ।
ਇਸੇ ਸਮੇਂ ਦੌਰਾਨ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਇੱਕ ਨਵਾਂ ਤਜਰਬਾ ਸ਼ੁਰੂ ਕੀਤਾ। ਉਸ ਨੇ ਇੱਕ ਨਵੇਂ ਕਿਸਮ ਦਾ ਮੱਧ ਮਾਰਗ ਅਪਣਾਇਆ। ਉਸ ਨੇ ਅੰਧ-ਰਾਸ਼ਟਰਵਾਦ ਦੇ ਮੁਕਾਬਲੇ ਨਰਮ ਰਾਸ਼ਟਰਵਾਦ ਚੁਣਿਆ। ਉਸ ਨੇ ਬਾਲਾਕੋਟ ਹਵਾਈ ਹਮਲੇ ਅਤੇ ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਦਾ ਸਮੱਰਥਨ ਕੀਤਾ। ਫੌਜ ਦੇ ਸ਼ਹੀਦ ਜਵਾਨਾਂ ਨੂੰ 1-1 ਕਰੋੜ ਰੁਪਏ ਤੱਕ ਦੀ ਸਹਾਇਤਾ ਦੇਣਾ ਉਸ ਦੇ ਨਰਮ ਰਾਸ਼ਟਰਵਾਦ ਨੂੰ ਮਜ਼ਬੂਤ ਕਰਦਾ ਹੈ।
ਦਿੱਲੀ ਚੋਣਾਂ ਦੌਰਾਨ ਕੇਜਰੀਵਾਲ ਨੇ ਹਮੇਸ਼ਾ ਕੋਸ਼ਿਸ਼ ਕੀਤੀ ਕਿ ਅਜਿਹੀ ਕੋਈ ਗੱਲ ਨਾ ਕੀਤੀ ਜਾਵੇ, ਜਿਹੜੀ ਇੱਕ ਜਾਂ ਦੂਜੇ ਫਿਰਕੇ ਨੂੰ ਨਰਾਜ਼ ਕਰਦੀ ਹੋਵੇ। ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਭਾਰਤ ਦੇ ਬਹੁਤੇ ਹਿੰਦੂ ਮੱਧ ਮਾਰਗੀ ਹਨ, ਉਹ ਸਮਾਜਿਕ ਤੇ ਧਾਰਮਿਕ ਤੌਰ 'ਤੇ ਸਹਿਣਸ਼ੀਲ ਹਨ, ਪਰ ਰਾਸ਼ਟਰੀ ਸੁਰੱਖਿਆ ਦੇ ਮਾਮਲੇ ਵਿੱਚ ਉਹ ਕੱਟੜ ਰਾਸ਼ਟਰਵਾਦੀ ਹਨ। ਇਸੇ ਕਾਰਨ ਕੇਜਰੀਵਾਲ ਨੇ ਜੇ ਐੱਨ ਯੂ ਤੇ ਸ਼ਾਹੀਨ ਬਾਗ਼ ਦੇ ਮੋਰਚੇ ਤੋਂ ਦੂਰੀ ਬਣਾਈ ਰੱਖੀ। ਯੋਗੀ ਆਦਿੱਤਿਆ ਨਾਥ ਨੇ ਜਦੋਂ ਪ੍ਰਦਰਸ਼ਨਕਾਰੀਆਂ ਨੂੰ ਅੱਤਵਾਦੀ ਕਿਹਾ, ਕੇਜਰੀਵਾਲ ਚੁੱਪ ਰਿਹਾ। ਉਸ ਨੇ ਲੋਕਾਂ ਨੂੰ ਪ੍ਰਦਰਸ਼ਨ ਖ਼ਤਮ ਕਰਨ ਦੀ ਅਪੀਲ ਕੀਤੀ, ਪਰ ਕਦੇ ਵੀ ਨਾਗਰਿਕਤਾ ਕਾਨੂੰਨਾਂ ਦਾ ਸਮੱਰਥਨ ਨਹੀਂ ਕੀਤਾ। ਜੇਕਰ ਉਹ ਸ਼ਾਹੀਨ ਬਾਗ ਚਲੇ ਜਾਂਦਾ ਤਾਂ ਉਹ ਅਮਿਤ ਸ਼ਾਹ ਦੇ ਜਾਲ ਵਿੱਚ ਫਸ ਸਕਦਾ ਸੀ। ਇਸ ਨਾਲ ਉਸ ਦਾ ਹਿੰਦੂ ਵੋਟ ਬੈਂਕ ਖਿਸਕ ਸਕਦਾ ਸੀ। ਉਸ ਨੂੰ ਇਸ ਗੱਲ ਦਾ ਪੂਰਾ ਗਿਆਨ ਸੀ ਕਿ ਮੁਸਲਿਮ ਵੋਟ ਬੈਂਕ ਪਾਸ ਉਸ ਤੋਂ ਬਿਨਾਂ ਹੋਰ ਕੋਈ ਬਦਲ ਨਹੀਂ ਹੈ। ਇਸ ਤਰ੍ਹਾਂ ਉਸ ਨੇ ਸੋਚ-ਸਮਝ ਕੇ ਮੱਧ ਮਾਰਗ ਚੁਣਿਆ।
ਕੇਜਰੀਵਾਲ ਨੇ ਸ਼ੁਰੂ ਤੋਂ ਹੀ ਆਪਣੀ ਚੋਣ ਮੁਹਿੰਮ ਵਿੱਚ ਵੈੱਲਫੇਅਰ ਸਟੇਟ ਦਾ ਸੰਕਲਪ ਆਪਣੇ ਸਾਹਮਣੇ ਰੱਖਿਆ। ਅਸਲ ਵਿੱਚ ਕਾਰਪੋਰੇਟ ਯੁੱਗ ਦੇ ਦੌਰ 'ਚ ਸਰਮਾਏਦਾਰ ਮੱਧ ਮਾਰਗੀ ਪਾਰਟੀਆਂ ਦੀ ਹੋਂਦ ਹੀ 'ਵੈੱਲਫੇਅਰ ਸਟੇਟ' ਦੇ ਸੰਕਲਪ ਨਾਲ ਜੁੜੀ ਹੋਈ ਹੈ।
ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਜਿੱਤ ਤੋਂ ਬਾਅਦ ਇਹ ਸਵਾਲ ਉਠਣਾ ਸੁਭਾਵਿਕ ਹੈ ਕਿ ਕੀ ਕੇਜਰੀਵਾਲ ਦੀ ਮੱਧ ਮਾਰਗੀ ਰਾਜਨੀਤੀ ਤੇ ਨਰਮ ਰਾਸ਼ਟਰਵਾਦ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਦੱਖਣਪੰਥੀ ਰਾਜਨੀਤੀ ਤੇ ਕੱਟੜ ਰਾਸ਼ਟਰਵਾਦ ਦਾ ਬਦਲ ਬਣ ਸਕੇਗਾ? ਇਸ ਸਵਾਲ ਦੇ ਜਵਾਬ ਵਿੱਚੋਂ ਬਹੁਤ ਸਾਰੇ ਸਵਾਲ ਪੈਦਾ ਹੁੰਦੇ ਹਨ। ਪਹਿਲਾ ਸਵਾਲ ਕਿ ਮੋਦੀ ਦੀ ਤਾਨਾਸ਼ਾਹੀ ਵਿਰੁੱਧ ਬੇਕਿਰਕ ਲੜਾਈ ਲੜ ਰਹੇ ਖੱਬੇ-ਪੱਖੀਆਂ ਬਾਰੇ ਕੇਜਰੀਵਾਲ ਦੀ ਕੀ ਪਹੁੰਚ ਹੋਵੇਗੀ? ਜਾਤੀਵਾਦੀ ਖੇਤਰੀ ਪਾਰਟੀਆਂ ਵੱਲ ਉਸ ਦਾ ਕੀ ਰੁਖ ਹੋਵੇਗਾ? ਕੀ ਉਹ ਵੈੱਲਫੇਅਰ ਸਟੇਟ ਦੇ ਸੰਕਲਪ ਨੂੰ ਅੱਗੇ ਵਧਾਉਣ ਲਈ ਕਾਰਪੋਰੇਟ ਘਰਾਣਿਆਂ ਨਾਲ ਟਕਰਾਅ ਸਕੇਗਾ। ਇਨ੍ਹਾਂ ਸਭ ਸਵਾਲਾਂ ਦੇ ਜਵਾਬ ਭਵਿੱਖ ਦੀ ਬੁੱਕਲ ਵਿੱਚ ਲੁਕੇ ਹੋਏ ਹਨ।

841 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper