Latest News
ਸਰਕਾਰਾਂ ਧਰਮ-ਨਿਰਪੱਖ ਹੋਣੀਆਂ ਚਾਹੀਦੀਆਂ : ਬਾਦਲ, ਬੋਨੀ ਅਜਨਾਲਾ ਫਿਰ ਬਾਦਲਕਿਆਂ ਦੇ ਹੋਏ

Published on 13 Feb, 2020 11:27 AM.


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਸਰਕਾਰ ਦੀਆਂ ਸਮਾਜ ਵਿਰੋਧੀ ਨੀਤੀਆ ਨੂੰ ਲੈ ਕੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੀ ਦਾਣਾ ਮੰਡੀ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੀ ਵੀਰਵਾਰ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਨੇ ਅਸਿੱਧੇ ਤੌਰ 'ਤੇ ਦਿੱਲੀ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਹੋਵੇ ਜਾਂ ਕੋਈ ਸੂਬਾ, ਭਾਰਤੀ ਸੰਵਿਧਾਨ ਅਨੁਸਾਰ ਧਰਮ-ਨਿਰਪੱਖ ਸਰਕਾਰ ਸਥਾਪਤ ਹੋਈ ਚਾਹੀਦੀ ਹੈ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਸੇਧ ਵਿੱਚ ਸਰਕਾਰ ਬਣਾਈ ਜਾਵੇ ਤਾਂ ਸਰਕਾਰ ਆਦਰਸ਼ ਆਖੀ ਜਾਵੇਗੀ।
ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਰੈਲੀ ਵਿੱਚ ਜਾਣ ਤੋ ਪਹਿਲਾਂ ਸਥਾਨਕ ਐਸਕਾਰਟ ਹਸਪਤਾਲ ਵਿਖੇ ਚੱੈਕਅੱਪ ਕਰਵਾਇਆ ਤੇ ਡਾਕਟਰਾਂ ਦੀ ਹਰੀ ਝੰਡੀ ਉਪਰੰਤ ਹੀ ਉਹ ਰੈਲੀ ਵਿੱਚ ਸੁਰੱਖਿਆ ਕਰਮਚਾਰੀਆਂ ਦੀ ਸਹਾਇਤਾ ਨਾਲ ਪੁੱਜੇ। ਬਾਦਲ ਨੇ ਮੌਜੂਦਾ ਮਾਹੌਲ ਬਾਰੇ ਘੱਟ ਹੀ ਗੱਲਬਾਤ ਕੀਤੀ, ਜਿਆਦਾ ਇਤਿਹਾਸ ਹੀ ਸੁਣਾਇਆ। ਉਹਨਾ ਕਿਹਾ ਕਿ ਕੇਂਦਰ ਹੋਵੇ ਜਾਂ ਕੋਈ ਸੂਬਾ ਹੋਵੇ ਧਰਮ ਨਿਰਪੱਖ ਸਰਕਾਰ ਹੀ ਸਥਾਪਤ ਕੀਤੀ ਜਾਣੀ ਚਾਹੀਦੀ ਹੈ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੂਰੀ ਤਰ੍ਹਾਂ ਧਰਮ ਨਿਰਪੱਖ ਸੀ ਤੇ ਉਹਨਾ ਦੇ ਰਾਜ ਵਿੱਚ ਪੰਜ ਮੰਤਰੀ ਸਨ, ਜਿਹਨਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਵਿਦੇਸ਼ ਦਾ ਮਹਿਕਮਾ ਮੁਸਲਮਾਨ ਫਕੀਰ ਅਜੀਜੂਦੀਨ ਦੇ ਹਵਾਲੇ ਕੀਤਾ ਗਿਆ, ਜਦ ਕਿ ਬਾਕੀ ਚਾਰ ਵਿੱਚ ਇੱਕ ਸਿੱਖ ਤੇ ਤਿੰਨ ਮੰਤਰੀ ਹਿੰਦੂ ਸਨ।
ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਬਾਰੇ ਉਹਨਾ ਕਿਹਾ ਕਿ ਇਹਨਾਂ ਦੋਹਾਂ ਨੇਤਾਵਾਂ ਨੂੰ ਕ੍ਰਮਵਾਰ ਸੀਨੀਅਰ ਮੀਤ ਪ੍ਰਧਾਨ ਤੇ ਸਕੱਤਰ ਜਨਰਲ ਦੇ ਵੱਡੇ ਅਹੁਦੇ ਹੀ ਨਹੀ ਦਿੱਤੇ, ਸਗੋਂ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਵਿੱਚ ਵੀ ਸੀਟਾਂ ਦਿੱਤੀਆਂ। ਉਹਨਾ ਕਿਹਾ ਕਿ ਮੁੱਖ ਧਾਰਾ ਵਿੱਚੋਂ ਜੇਕਰ ਕੋਈ ਇੱਕ ਤੁਪਕਾ ਬਾਹਰ ਚਲੇ ਜਾਵੇ ਤਾਂ ਉਹ ਦਰਿਆ ਦਾ ਰੂਪ ਨਹੀਂ ਧਾਰਨ ਕਰ ਸਕਦਾ। ਪਾਰਟੀ ਮਾਂ ਹੁੰਦੀ ਹੈ ਤੇ ਪ੍ਰਧਾਨ ਬਦਲਦੇ ਰਹਿੰਦੇ ਹਨ। ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਵੀ ਇਹਨਾਂ ਆਗੂਆਂ ਨੇ ਹੀ ਬਣਾਇਆ ਤੇ ਹੁਣ ਸੁਖਬੀਰ ਇਹਨਾਂ ਨੂੰ ਕੌੜਾ ਕਿਉਂ ਲੱਗਣ ਲੱਗ ਪਿਆ। ਜਦੋਂ ਉਹਨਾ ਦਿੱਲੀ ਜਾ ਕੇ ਸੰਵਿਧਾਨ ਪਾੜਿਆ ਸੀ, ਪਰ ਉਹ ਇਹ ਕੰਮ ਕਰਨ ਦੇ ਸਖਤ ਵਿਰੋਧੀ ਸਨ, ਪਰ ਪਾਰਟੀ ਦਾ ਹੁਕਮ ਅਟੱਲ ਹੁੰਦਾ ਹੈ, ਜਿਸ ਨੂੰ ਕਬੂਲਦਿਆ ਉਹਨਾ ਸੰਵਿਧਾਨ ਦੀਆਂ ਕਾਪੀਆ ਸਾੜੀਆਂ ਤੇ ਪਾੜੀਆਂ ਸਨ। ਪਾਰਟੀ ਦੀ ਮਾਝੇ ਵਿੱਚੋ ਹੋਈ ਹਾਰ ਬਾਰੇ ਉਹਨਾ ਕਿਹਾ ਕਿ ਜਿਹੜੇ ਵਿਧਾਇਕ ਤੁਸੀਂ ਸਾਬਕਾ ਕਰ ਦਿੱਤੇ ਹਨ, ਉਹਨਾਂ ਨੂੰ 2022 ਵਿੱਚ ਮੁੜ ਵਿਧਾਇਕ ਬਣਾ ਦਿਓ, ਕਿਉਂਕਿ ਮਾਝੇ ਦੀਆ 25 ਸੀਟਾਂ ਵਿੱਚੋ ਦੋ ਅਕਾਲੀ ਦਲ ਤੇ ਇੱਕ ਭਾਜਪਾ ਨੂੰ ਮਿਲੀ ਸੀ। ਉਹਨਾ ਕਿਹਾ ਕਿ ਮੁੱਖ ਮੰਤਰੀ ਸਿਰਫ ਉਹੀ ਵਿਅਕਤੀ ਬਣ ਸਕਦਾ ਹੈ, ਜੋ ਬਣਨ ਦੇ ਕਾਬਲ ਹੋਵੇ। ਕਾਂਗਰਸ ਨੂੰ ਸਿੱਖ ਤੇ ਪੰਜਾਬ ਵਿਰੋਧੀ ਗਰਦਾਨਦਿਆਂ ਪੰਜਾਬ ਸਰਕਾਰ 'ਤੇ ਹਮਲਾ ਬੋਲਦਿਆਂ ਉਹਨਾਂ ਕਿਹਾ ਕਿ ਕੈਪਟਨ ਨੇ ਕੀਤੇ ਵਾਅਦਿਆਂ ਵਿੱਚੋਂ ਇੱਕ ਵੀ ਪੂਰਾ ਨਹੀ ਕੀਤਾ, ਜਿਸ ਲਈ ਉਹ ਹੁਣ ਪੰਜਾਬ ਦੇ ਲੋਕਾਂ ਦੀ ਹਿੱਟ ਲਿਸਟ 'ਤੇ ਹੈ। ਜੇਕਰ ਕੈਪਟਨ ਸਰਕਾਰ ਨਹੀ ਚਲਾ ਸਕਦੇ ਤਾਂ ਉਹਨਾ ਨੂੰ ਮੁੱਖ ਮੰਤਰੀ ਦੀ ਕੁਰਸੀ ਛੱਡ ਦੇਣੀ ਚਾਹੀਦੀ ਹੈ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਇਸ ਵੇਲੇ ਵਿਕਾਸ ਦੀ ਨਹੀਂ, ਵਿਨਾਸ਼ ਦੀ ਰਾਹ 'ਤੇ ਚੱਲ ਰਿਹਾ ਹੈ। ਪੰਜਾਬ ਦੇ ਵਿਕਾਸ ਬਾਰੇ ਉਹਨਾ ਕਿਹਾ ਕਿ ਇਹ ਵਿਕਾਸ ਸਿਰਫ ਅਕਾਲੀ-ਭਾਜਪਾ ਵੇਲੇ ਹੀ ਹੋਇਆ ਹੈ, ਜਦੋਂ ਪੰਜਾਬ ਦੇ ਲੋਕਾਂ ਨੂੰ ਪੰਜ ਰੁਪਏ ਯੂਨਿਟ ਬਿਜਲੀ ਦਿੱਤੀ ਜਾਂਦੀ ਸੀ, ਪਰ ਕਾਂਗਰਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਕਾਲੀਆਂ ਨੇ ਮਹਿੰਗੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਸਮਝੌਤੇ ਕੀਤੇ, ਜੋ ਗਲਤ ਹੈ। ਅਕਾਲੀ ਸਰਕਾਰ ਨੇ ਜਿਥੇ ਕਿਸਾਨਾਂ ਨੂੰ ਹਰ ਸਾਲ ਛੇ ਹਜ਼ਾਰ ਕਰੋੜ ਦੀ ਫਰੀ ਬਿਜਲੀ ਦਿੱਤੀ, ਉਥੇ ਅਕਾਲੀ-ਭਾਜਪਾ ਸਰਕਾਰ ਵੇਲੇ ਉਹ 2.80 ਰੁਪਏ ਬਿਜਲੀ ਲੈ ਕੇ ਲੋਕਾਂ ਨੂੰ ਪੰਜ ਰੁਪਏ ਦਿੰਦੇ ਸਨ, ਪਰ ਸਰਕਾਰ ਹੁਣ 9.50 ਰੁਪਏ ਬਿਜਲੀ ਦੇ ਰੇਟ ਚਾਰਜ ਕਰ ਰਹੀ ਹੈ। ਉਹਨਾ ਕਿਹਾ ਕਿ ਦੋ ਸਾਲ ਬਾਅਦ 2022 ਵਿੱਚ ਪੰਜਾਬ ਵਿੱਚ ਅਕਾਲੀ ਸਰਕਾਰ ਬਣਨ 'ਤੇ ਪਹਿਲਾਂ ਦੀ ਤਰ੍ਹਾਂ ਪੰਜ ਰੁਪਏ ਦੇ ਹਿਸਾਬ ਨਾਲ ਬਿਜਲੀ ਦਿੱਤੀ ਜਾਵੇਗੀ ਤੇ ਪਹਿਲਾਂ ਦੀ ਤਰ੍ਹਾਂ ਬਜ਼ੁਰਗਾਂ ਤੇ ਵਿਧਵਾਵਾਂ ਨੂੰ ਪੈਨਸ਼ਨ ਤੇ ਗਰੀਬ ਲੜਕੀਆ ਨੂੰ ਸ਼ਗਨ ਸਕੀਮ ਤਹਿਤ ਸਹਾਇਤਾ ਕੀਤੀ ਜਾਵੇਗੀ, ਜਿਸ ਨੂੰ ਕੈਪਟਨ ਸਰਕਾਰ ਨੇ ਬੰਦ ਕਰ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ ਉਹਨਾ 'ਤੇ ਲਗਾਏ ਜਾ ਰਹੇ ਹਨ, ਜਦ ਕਿ ਉਹ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਜਿਸ ਨੇ ਵੀ ਬੇਅਦਬੀ ਕੀਤੀ ਹੈ, ਉਸ ਦਾ ਕੱਖ ਨਾ ਰਹੇ, ਪਰ ਦੂਜੇ ਪਾਸੇ ਜੇਕਰ ਬੇਅਦਬੀ ਦੀ ਗੱਲ ਕੀਤੀ ਜਾਵੇ ਤਾਂ ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਨਹੀਂ ਪੂਰੇ ਕੀਤੇ ਕੀ ਇਹ ਬੇਅਦਬੀ ਨਹੀ? ਇਸ ਕਰਕੇ ਕੈਪਟਨ ਨੇ ਵਾਅਦਾ-ਖਿਲਾਫੀ ਹੀ ਨਹੀਂ ਕੀਤੀ, ਸਗੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਵੀ ਕੀਤਾ ਹੈ।
ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਲੋਕਾਂ ਕੋਲੋਂ ਕਈ ਨਾਅਰੇ ਲਵਾਏ, ਪਰ ਲੋਕਾਂ ਦੀ ਆਵਾਜ਼ ਮੱਧਮ ਆਉਣ 'ਤੇ ਉਹਨਾ ਗਿਲਾ ਵੀ ਜ਼ਾਹਿਰ ਕੀਤਾ। ਅਮਰਪਾਲ ਸਿੰਘ ਬੋਨੀ ਅਜਨਾਲਾ ਵੱਲੋਂ ਘਰ ਵਾਪਸੀ ਕਰਨ ਦਾ ਉਹਨਾ ਸੁਆਗਤ ਕੀਤਾ, ਜਦ ਕਿ ਬੋਨੀ ਅਜਨਾਲਾ ਨੇ 14 ਦਸੰਬਰ 2019 ਨੂੰ ਟਕਸਾਲੀਆ ਵੱਲੋ ਮਨਾਏ ਗਏ ਅਕਾਲੀ ਦਲ ਦੇ ਸਥਾਪਨਾ ਦਿਵਸ ਦੀ ਕਰੜੀ ਆਲੋਚਨਾ ਕਰਦਿਆ ਕਿਹਾ ਕਿ ਇਹ ਸ਼ੋਅ ਕਾਂਗਰਸ ਦਾ ਸੀ ਤੇ ਦਿੱਲੀ ਵਾਲੇ ਸਰਨੇ ਇਸ ਦੇ ਪ੍ਰਬੰਧਕ ਸਨ, ਜਿਹੜੇ ਕਾਂਗਰਸ ਦੇ ਸਿਪਾਸਲਾਰ ਹਨ। ਵੱਡੇ ਬਾਦਲ ਨੇ ਬੋਨੀ ਨੂੰ ਸਿਰੋਪਾ ਦੇ ਕੇ ਸੁਆਗਤ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਮਲਕੀਅਤ ਸਿੰਘ ਏ ਆਰ ਨੇ ਕਿਹਾ ਕਿ ਉਹ ਇਥੇ ਕੈਪਟਨ ਦਾ ਪਿੱਟ-ਸਿਆਪਾ ਕਰਨ ਲਈ ਇਕੱਠੇ ਹੋਏ ਹਨ। ਜਗਮੀਤ ਸਿੰਘ ਬਰਾੜ, ਗੁਲਜ਼ਾਰ ਸਿੰਘ ਰਣੀਕੇ ਤੇ ਵੀਰ ਸਿੰਘ ਲੋਪੋਕੇ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਵਿਰਸਾ ਸਿੰਘ ਵਲਟੋਰਾ ਨੇ ਨਿਭਾਈ।

240 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper