Latest News
ਨਿਰਭੈਆ ਦੇ ਗੁਨਾਹਗਾਰਾਂ ਦੇ ਘਰਦਿਆਂ ਵੱਲੋਂ ਕੋਰਟ ਅੱਗੇ ਮੁਜ਼ਾਹਰਾ

Published on 13 Feb, 2020 11:47 AM.


ਨਵੀਂ ਦਿੱਲੀ : ਅਕਸਰ ਨਿਰਭੈਆ ਦੇ ਮਾਤਾ-ਪਿਤਾ ਹੀ ਉਸ ਦੇ ਗੁਨਾਹਗਾਰਾਂ ਨੂੰ ਸਜ਼ਾ ਦਿਵਾਉਣ ਲਈ ਅਦਾਲਤਾਂ ਵਿਚ ਨਜ਼ਰ ਆਉਂਦੇ ਹਨ, ਪਰ ਵੀਰਵਾਰ ਦੋਸ਼ੀ ਠਹਿਰਾਏ ਜਾਣ ਵਾਲੇ ਚੌਹਾਂ ਜਣਿਆਂ ਦੇ ਪਰਵਾਰ ਵਾਲਿਆਂ ਨੇ ਇਥੇ ਵਿਖਾਵਾ ਕਰਕੇ ਕਿਹਾ ਕਿ ਉਹ ਬੇਗੁਨਾਹ ਹਨ।
ਮੁਕੇਸ਼ ਕੁਮਾਰ ਦੀ ਮਾਂ ਨੇ ਕਿਹਾ ਕਿ ਉਸ ਨੂੰ ਇਕ ਮੌਕਾ ਦਿੱਤਾ ਜਾਵੇ। ਉਸ ਦਾ ਉਸ ਦੇ ਬਿਨਾਂ ਕੋਈ ਨਹੀਂ। ਗੈਂਗਰੇਪ ਦੇ ਮੁੱਖ ਦੋਸ਼ੀ ਉਸ ਦੇ ਭਰਾ ਰਾਮ ਸਿੰਘ ਨੇ ਤਿਹਾੜ ਜੇਲ੍ਹ ਵਿਚ ਖੁਦਕੁਸ਼ੀ ਕਰ ਲਈ ਸੀ। ਪਵਨ ਗੁਪਤਾ ਦੀ ਭੈਣ ਨੇ ਕਿਹਾ ਕਿ ਉਸ ਦੇ ਭਰਾ ਨੂੰ ਫਾਹੇ ਨਾ ਲਾਇਆ ਜਾਵੇ, ਕਿਉਂਕਿ ਉਹ ਬੇਗੁਨਾਹ ਹੈ। ਤੀਜੇ ਦੋਸ਼ੀ ਵਿਨੈ ਸ਼ਰਮਾ ਦੀ ਮਾਂ ਨੇ ਕਿਹਾ ਕਿ ਇਕ ਵਿਅਕਤੀ ਦੀ ਮੌਤ ਲਈ ਪੰਜ ਲੋਕਾਂ ਨੂੰ ਫਾਹੇ ਨਹੀਂ ਟੰਗਿਆ ਜਾ ਸਕਦਾ।
ਇਨ੍ਹਾਂ ਨੇ ਦਿੱਲੀ ਦੀ ਉਸ ਕੋਰਟ ਦੇ ਬਾਹਰ ਪ੍ਰੋਟੈੱਸਟ ਕੀਤਾ, ਜਿਹੜੀ ਗੈਂਗਰੇਪ ਤੋਂ ਬਾਅਦ ਮਾਰ ਦਿੱਤੀ ਗਈ 23 ਸਾਲ ਦੀ ਕੁੜੀ ਦੇ ਮਾਂ-ਪਿਓ ਦੀ ਚੌਹਾਂ ਦੋਸ਼ੀਆਂ ਦੇ ਡੈੱਥ ਵਾਰੰਟ ਜਾਰੀ ਕਰਨ ਦੀ ਮੰਗ 'ਤੇ ਸੁਣਵਾਈ ਕਰ ਰਹੀ ਹੈ। ਕੋਰਟ ਨੇ ਆਪਣੇ ਫੈਸਲੇ ਲਈ ਸੰਵਿਧਾਨ ਦੀ ਧਾਰਾ 21 ਤਹਿਤ ਦੋਸ਼ੀਆਂ ਦੇ ਹੱਕਾਂ 'ਤੇ ਜ਼ੋਰ ਦਿੰਦਿਆਂ ਸੁਣਵਾਈ 17 ਫਰਵਰੀ ਤੱਕ ਲਈ ਅੱਗੇ ਪਾ ਦਿੱਤੀ। ਐਡੀਸ਼ਨਲ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਕਿਹਾ, 'ਮੇਰੀ ਸੋਚੀ-ਸਮਝੀ ਰਾਇ ਹੈ ਕਿ ਧਾਰਾ 21 ਦੋਸ਼ੀ ਪਾਏ ਜਾਣ ਵਾਲੇ ਦੀ ਜ਼ਿੰਦਗੀ ਤੇ ਆਜ਼ਾਦੀ ਦੀ ਉਸ ਦੇ ਅੰਤਲੇ ਸਾਹਾਂ ਤੱਕ ਰਾਖੀ ਕਰਦੀ ਹੈ। ਇਹ ਹਰ ਤਰ੍ਹਾਂ ਦੀ ਕਾਨੂੰਨੀ ਚਾਰਾਜ਼ੋਈ ਕਰਨ ਦੇ ਹੱਕ ਦਾ ਮਾਮਲਾ ਹੈ। ਕੋਰਟ ਦੋਸ਼ੀ ਦੇ ਬੁਨਿਆਦੀ ਹੱਕਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ।' ਉਨ੍ਹਾ ਕਿਹਾ ਕਿ ਕੁੜੀ ਦੇ ਘਰਵਾਲਿਆਂ ਦੀ ਅਰਜ਼ੀ 'ਤੇ ਫੈਸਲਾ ਕਰਨ ਨਾਲ ਹੋਰ ਕਾਨੂੰਨੀ ਪੇਚੀਦਗੀਆਂ ਪੈਦਾ ਹੋ ਜਾਣਗੀਆਂ। ਜੱਜ ਨੇ ਪਵਨ ਗੁਪਤਾ ਦੀ ਪੈਰਵੀ ਕਰਨ ਲਈ ਵਕੀਲ ਵੀ ਨਿਯੁਕਤ ਕੀਤਾ। ਗੁਪਤਾ ਨੇ ਦਿੱਲੀ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਵੱਲੋਂ ਦਿੱਤੇ ਗਏ ਵਕੀਲ ਨੂੰ ਲੈਣੋਂ ਨਾਂਹ ਕਰ ਦਿੱਤੀ ਸੀ। ਦਿੱਲੀ ਹਾਈ ਕੋਰਟ ਨੇ 5 ਫਰਵਰੀ ਨੂੰ ਦੋਸ਼ੀਆਂ ਨੂੰ ਇਕ ਹਫਤੇ ਵਿਚ ਸਾਰੇ ਕਾਨੂੰਨੀ ਉਪਾਅ ਕਰ ਲੈਣ ਦਾ ਸਮਾਂ ਦਿੱਤਾ ਸੀ। ਉਹ ਤਰੀਕ 12 ਫਰਵਰੀ ਨੂੰ ਮੁਕ ਗਈ ਤੇ ਉਸ ਤੋਂ ਬਾਅਦ ਪੀੜਤਾ ਦੇ ਮਾਂ-ਪਿਓ ਸੁਪਰੀਮ ਕੋਰਟ ਗਏ, ਜਿਸ ਨੇ ਵਾਰੰਟ ਕਢਾਉਣ ਲਈ ਉਨ੍ਹਾਂ ਨੂੰ ਟਰਾਇਲ ਕੋਰਟ ਕੋਲ ਭੇਜ ਦਿੱਤਾ।

413 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper