Latest News
ਮਹਿੰਗਾਈ ਦੀ ਮਾਰ

Published on 14 Feb, 2020 11:23 AM.


ਮਹਿੰਗਾਈ ਇਸ ਸਮੇਂ ਪਿਛਲੇ 6 ਸਾਲਾਂ ਦੇ ਸਾਰੇ ਰਿਕਾਰਡ ਤੋੜ ਰਹੀ ਹੈ। ਖੁਰਾਕੀ ਵਸਤਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਪਿਆਜ਼, ਟਮਾਟਰ ਤੇ ਆਲੂਆਂ ਸਮੇਤ ਸਭ ਸਬਜ਼ੀਆਂ ਆਮ ਆਦਮੀ ਦੇ ਵਿੱਤੋਂ ਬਾਹਰ ਹੋ ਚੁੱਕੀਆਂ ਹਨ। ਨਵੀਂ ਫਸਲ ਆਉਣ ਕਾਰਨ ਪਿਆਜ਼ ਆਦਿ ਸਬਜ਼ੀਆਂ ਦੇ ਭਾਵਾਂ ਵਿੱਚ ਜਦੋਂ ਕੁਝ ਰਾਹਤ ਦੀ ਉਮੀਦ ਜਾਗੀ ਸੀ ਤਾਂ ਤੇਲ ਕੰਪਨੀਆਂ ਨੇ ਘਰੇਲੂ ਗੈਸ ਦੇ ਭਾਅ 144 ਰੁਪਏ 50 ਪੈਸੇ ਪ੍ਰਤੀ ਸਿਲੰਡਰ (ਗੈਰ-ਸਬਸਿਡੀ) ਵਧਾ ਦਿੱਤੇ ਹਨ। ਇਸ ਬਾਰੇ ਕਿਹਾ ਜਾ ਰਿਹਾ ਹੈ ਕਿ ਗੈਸ ਸਿਲੰਡਰ ਦੇ ਭਾਅ ਵਿੱਚ ਇਹ ਵਾਧਾ ਕੌਮਾਂਤਰੀ ਬਜ਼ਾਰ ਵਿੱਚ ਹੋਏ ਵਾਧੇ ਕਾਰਨ ਕੀਤਾ ਗਿਆ ਹੈ।
ਪਰ ਇਹ ਨਿਰਾ ਝੂਠ ਹੈ। ਕੌਮਾਂਤਰੀ ਬਜ਼ਾਰ ਵਿੱਚ ਕਰੂਡ ਪਿਛਲੇ ਕੁਝ ਮਹੀਨਿਆਂ ਤੋਂ ਸਸਤਾ ਹੋਇਆ ਹੈ। ਅਸਲ ਵਿੱਚ ਇਸ ਪਿੱਛੇ 'ਰਿਲਾਇੰਸ ਇੰਡਸਟ੍ਰੀਜ਼' ਨੂੰ ਫਾਇਦਾ ਪੁਚਾਉਣ ਦਾ ਜੁਗਾੜ ਹੈ। ਕੁਝ ਸਮਾਂ ਪਹਿਲਾਂ ਰਿਲਾਇੰਸ ਇੰਡਸਟ੍ਰੀਜ਼ ਨੇ ਕੁਕਿੰਗ ਗੈਸ ਰਿਟੇਲਿੰਗ ਖੇਤਰ ਵਿੱਚ ਪੈਰ ਰੱਖਿਆ ਸੀ। ਰਿਲਾਇੰਸ ਇੰਡਸਟ੍ਰੀਜ਼ ਦੀ ਦੁਨੀਆ ਦੀ ਸਭ ਤੋਂ ਵੱਡੀ ਰਿਫਾਇਨਰੀ ਜਾਮਨਗਰ ਵਿੱਚ ਹੈ। ਇਹ ਰਸੋਈ ਗੈਸ ਬਣਾਉਣ ਲਈ ਵਰਤੇ ਜਾਂਦੇ ਕੁਦਰਤੀ ਗੈਸ ਦੇ ਉਤਪਾਦ ਪ੍ਰੋਪੇਨ ਤੇ ਬਿਊਟੇਨ ਪੈਦਾ ਕਰਦੀ ਹੈ। ਰਿਲਾਇੰਸ ਇੰਡਸਟ੍ਰੀਜ਼ ਨੇ ਕੁਝ ਮਹੀਨੇ ਪਹਿਲਾਂ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ ਮਨਮਾਨੇ ਢੰਗ ਨਾਲ ਵਾਧਾ ਕਰ ਦਿੱਤਾ ਸੀ। ਇਸ ਦੇ ਸਿੱਟੇ ਵਜੋਂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਸੁਭਾਵਿਕ ਸੀ।
ਇਸ ਸਮੇਂ ਦੇਸ਼ ਭਰ ਵਿੱਚ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਹੋਏ ਰਿਕਾਰਡ ਤੋੜ ਵਾਧੇ ਵਿਰੁੱਧ ਲੋਕ ਸੜਕਾਂ ਉੱਤੇ ਨਿਕਲ ਰਹੇ ਹਨ। ਇਸ ਸੰਬੰਧੀ ਸੋਸ਼ਲ ਮੀਡੀਆ ਉੱਤੇ ਕਈ ਵੀਡੀਓ ਵਾਇਰਲ ਹੋ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਹਲਕੇ ਵਾਰਾਨਸੀ ਵਿੱਚ ਕੁਝ ਔਰਤਾਂ ਆਪਣੇ ਸਿਲੰਡਰ ਕੂੜੇਦਾਨ ਵਿੱਚ ਸੁੱਟ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਦਾਲਾਂ, ਤੇਲ, ਸਬਜ਼ੀਆਂ ਦੀਆਂ ਕੀਮਤਾਂ ਪਹਿਲਾਂ ਹੀ ਅਸਮਾਨ ਛੂਹ ਰਹੀਆਂ ਹਨ, ਉਪਰੋਂ ਗੈਸ ਸਿਲੰਡਰ ਦੇ ਭਾਅ ਵਧਾ ਦਿੱਤੇ ਹਨ, ਤਾਂ ਅਸੀਂ ਪੇਟ ਕਿਵੇਂ ਭਰਾਂਗੇ? ਲੋਕਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਸਿਲੰਡਰ ਦੀ ਕੀਮਤ ਵਧਾ ਕੇ ਲੋਕਾਂ ਤੋਂ ਦਿੱਲੀ ਦੀ ਹਾਰ ਦਾ ਬਦਲਾ ਲਿਆ ਹੈ।
ਦੇਸ਼ ਦੀ ਜਨਤਾ ਜਦੋਂ ਗੈਸ ਸਿਲੰਡਰ ਮਹਿੰਗਾ ਹੋਣ ਦਾ ਮਾਤਮ ਮਨਾ ਰਹੀ ਸੀ ਤਾਂ ਇੱਕ ਹੋਰ ਖ਼ਬਰ ਆ ਗਈ ਹੈ। ਇਹ ਖ਼ਬਰ ਹੈ ਕਿ ਮੋਦੀ ਸਰਕਾਰ ਰੇਲ ਭਾੜੇ ਵਿੱਚ ਵਾਧਾ ਕਰਨ ਜਾ ਰਹੀ ਹੈ। ਇਸ ਮੁਤਾਬਕ ਭਾਰਤੀ ਰੇਲਵੇ ਹਵਾਈ ਅੱਡਿਆਂ ਵਾਂਗ ਹੀ ਯਾਤਰੀਆਂ ਤੋਂ ਜਨਸੁਵਿਧਾ ਵਿਕਾਸ ਫੀਸ ਵਸੂਲਣ ਦੀ ਤਿਆਰੀ ਕਰ ਰਹੀ ਹੈ। ਇਹ ਜਨਸੁਵਿਧਾ ਵਿਕਾਸ ਫੀਸ ਇੱਕ ਤਰ੍ਹਾਂ ਦਾ ਟੈਕਸ ਹੈ, ਜਿਹੜਾ ਹੁਣ ਤੱਕ ਸਿਰਫ਼ ਹਵਾਈ ਯਾਤਰਾ ਕਰਨ ਵਾਲੇ ਮੁਸਾਫ਼ਰ ਅਦਾ ਕਰਦੇ ਸਨ। ਹੁਣ ਇਹ ਟੈਕਸ ਰੇਲ ਯਾਤਰਾ ਕਰਨ ਵਾਲੇ ਮੁਸਾਫ਼ਰਾਂ ਨੂੰ ਵੀ ਦੇਣਾ ਪਵੇਗਾ। ਰੇਲਵੇ ਦਾ ਕਹਿਣਾ ਹੈ ਕਿ ਇਸ ਜਨਸੁਵਿਧਾ ਫੀਸ ਰਾਹੀਂ ਇਕੱਠਾ ਕੀਤਾ ਪੈਸਾ ਸਟੇਸ਼ਨਾਂ ਦੇ ਵਿਕਾਸ ਲਈ ਖਰਚਿਆ ਜਾਵੇਗਾ, ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਮੰਦੀ ਦੀ ਮਾਰ ਕਾਰਨ ਲੋਕ ਨੌਕਰੀਆਂ ਗੰਵਾ ਰਹੇ ਹਨ, ਬੇਰੁਜ਼ਗਾਰਾਂ ਦੇ ਅੰਕੜੇ ਵਧਦੇ ਹੀ ਜਾ ਰਹੇ ਹਨ, ਉਤੋਂ ਮਹਿੰਗਾਈ ਦੀ ਮਾਰ, ਅੱਗੋਂ ਸਭ ਤੋਂ ਸਸਤੇ ਸਮਝੇ ਜਾਂਦੇ ਰੇਲਵੇ ਸਫਰ ਨੂੰ ਮਹਿੰਗਾ ਕਰਕੇ ਸਰਕਾਰ ਲੋਕਾਂ ਦਾ ਕਚੂੰਮਰ ਕੱਢਣ ਦੇ ਰਾਹ ਪਈ ਹੋਈ ਹੈ।
ਕੇਂਦਰੀ ਹਾਕਮਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਨਤਾ ਜਨਾਰਧਨ ਦਾ ਸਬਰ ਟੁੱਟਦਾ ਹੈ ਤਾਂ ਉਹ ਤਖਤ ਤੋਂ ਤਖਤੇ ਉੱਤੇ ਲਿਆ ਸੁੱਟਦੀ ਹੈ। ਦਿੱਲੀ ਦੀ ਜਨਤਾ ਨੇ ਇਹ ਦਿਖਾ ਦਿੱਤਾ ਹੈ। ਪੱਛਮੀ ਬੰਗਾਲ ਤੇ ਬਿਹਾਰ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਵੀ ਸਿਰ ਉੱਤੇ ਹਨ। ਹਾਕਮ ਜੇਕਰ ਹੁਣ ਵੀ ਹੋਸ਼ ਵਿੱਚ ਨਾ ਆਏ ਤਾਂ ਜਨਤਾ ਇਨ੍ਹਾਂ ਚੋਣਾਂ ਵਿੱਚ ਹੋਸ਼ ਟਿਕਾਣੇ ਲਿਆ ਦੇਵੇਗੀ।

896 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper