Latest News
ਖੂਬਸੂਰਤ ਭਾਸ਼ਾ 'ਤੇ ਵਾਰ

Published on 19 Feb, 2020 11:43 AM.


ਪ੍ਰਧਾਨ ਮੰਤਰੀ ਦਾ ਦਫਤਰ ਉਰਦੂ ਭਾਸ਼ਾ ਦੀ ਉੱਨਤੀ ਲਈ ਬਣੀ ਕੌਮੀ ਕੌਂਸਲ (ਨੈਸ਼ਨਲ ਕਾਉਂਸਿਲ ਫਾਰ ਪ੍ਰੋਮੋਸ਼ਨ ਆਫ ਉਰਦੂ ਲੈਂਗੁਏਜ) ਨੂੰ ਸਿੱਖਿਆ ਮੰਤਰਾਲੇ ਤੋਂ ਘੱਟਗਿਣਤੀ ਮੰਤਰਾਲੇ ਦੇ ਹਵਾਲੇ ਕਰਨ 'ਤੇ ਵਿਚਾਰ ਕਰ ਰਿਹਾ ਹੈ ਤੇ ਫੈਸਲਾ ਛੇਤੀ ਲੈ ਲਏ ਜਾਣ ਦੇ ਚਰਚੇ ਹਨ। ਇਸ ਦੀ ਬੇਨਤੀ ਘੱਟਗਿਣਤੀ ਮੰਤਰਾਲੇ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਇਹ ਆਧਾਰ ਬਣਾ ਕੇ ਕੀਤੀ ਸੀ ਕਿ ਕੌਂਸਲ ਘੱਟਗਿਣਤੀਆਂ ਨਾਲ ਸੰਬੰਧਤ ਕੰਮ ਕਰਦੀ ਹੈ ਤੇ ਉਹ ਇਸ ਨੂੰ ਬਿਹਤਰ ਢੰਗ ਨਾਲ ਚਲਾ ਸਕਣਗੇ। ਕਿਸੇ ਕੌਂਸਲ ਜਾਂ ਸੰਸਥਾ ਨੂੰ ਇਕ ਮੰਤਰਾਲੇ ਤੋਂ ਲੈ ਕੇ ਦੂਜੇ ਹਵਾਲੇ ਕਰਨ ਦੇ ਫੈਸਲੇ ਪਹਿਲਾਂ ਵੀ ਲਏ ਜਾਂਦੇ ਰਹੇ ਹਨ, ਪਰ ਇਸ ਕੌਂਸਲ ਦਾ ਮਾਮਲਾ ਦੂਜਾ ਹੈ। ਇਹ ਉਰਦੂ ਦੀ ਉੱਨਤੀ ਲਈ ਬਣੀ ਹੈ ਤੇ ਇਸ ਨੂੰ ਘੱਟਗਿਣਤੀ ਮੰਤਰਾਲੇ ਹਵਾਲੇ ਕਰਨ ਦਾ ਮਤਲਬ ਹੋਵੇਗਾ ਕਿ ਉਰਦੂ ਮੁਸਲਮਾਨਾਂ ਦੀ ਭਾਸ਼ਾ ਹੈ। ਉਰਦੂ ਦੇ ਵਿਦਵਾਨ ਅਜਿਹੀ ਚਾਲ ਦਾ ਇਹ ਕਹਿ ਕੇ ਵਿਰੋਧ ਕਰ ਰਹੇ ਹਨ ਕਿ ਉਰਦੂ ਸਿਰਫ ਮੁਸਲਮਾਨਾਂ ਦੀ ਨਹੀਂ, ਸਗੋਂ ਸਭ ਦੀ ਭਾਸ਼ਾ ਹੈ। ਕੌਮਾਂਤਰੀ ਸ਼ੋਹਰਤ ਹਾਸਲ ਉਰਦੂ ਵਿਦਵਾਨ ਤੇ ਪਦਮ ਭੂਸ਼ਣ ਨਾਲ ਨਿਵਾਜੇ ਗਏ ਪ੍ਰੋਫੈਸਰ ਗੋਪੀ ਚੰਦ ਨਾਰੰਗ ਦਾ ਕਹਿਣਾ ਹੈ ਕਿ ਸੈਂਕੜੇ ਉਰਦੂ ਲੇਖਕ ਹਨ, ਜੋ ਕਿ ਹਿੰਦੂ ਹਨ। ਉਰਦੂ ਹਿੰਦੀ ਤੇ ਫਾਰਸੀ ਦਾ ਖੂਬਸੂਰਤ ਸੰਗਮ ਹੈ। ਇਸ ਦੀਆਂ ਜੜ੍ਹਾਂ ਭਾਰਤ ਵਿਚ ਹਨ ਅਤੇ ਇਹ ਸੰਵਿਧਾਨ ਵੱਲੋਂ ਮੰਨੀਆਂ ਗਈਆਂ 22 ਕੌਮੀ ਭਾਸ਼ਾਵਾਂ ਵਿਚ ਸ਼ੁਮਾਰ ਹੈ। ਬੀਤੇ ਵਿਚ ਇਸ ਨੂੰ ਹਿੰਦੁਸਤਾਨੀ ਕਹਿੰਦੇ ਸਨ ਤੇ ਮਹਾਤਮਾ ਗਾਂਧੀ ਨੇ ਤਾਂ ਇਸਨੂੰ ਕੌਮੀ ਭਾਸ਼ਾ ਬਣਾਉਣਾ ਚਾਹਿਆ ਸੀ। ਅਮੀਰ ਖੁਸਰੋ (1253-1325) ਨੂੰ ਪਹਿਲਾ ਉਰਦੂ ਕਵੀ ਮੰਨਿਆ ਗਿਆ ਹੈ। ਖੁਸਰੋ ਨੇ ਹਿੰਦੀ ਤੇ ਫਾਰਸੀ ਨੂੰ ਮਿਕਸ ਕਰਕੇ ਕਵਿਤਾਵਾਂ ਲਿਖੀਆਂ ਸਨ, ਜਿਸ ਨੂੰ ਉਹ ਹਿੰਦਵੀ ਭਾਸ਼ਾ ਕਹਿੰਦੇ ਸਨ। ਇਸ ਨੂੰ ਹਿੰਦੀ ਵਜੋਂ ਵੀ ਜਾਣਿਆ ਗਿਆ। ਸ਼ਾਹ ਜਹਾਂ ਦੇ ਦੌਰ ਵਿੱਚ ਇਸਨੂੰ ਹਿੰਦੁਸਤਾਨੀ ਜਾਂ ਉਰਦੂ ਕਿਹਾ ਗਿਆ। ਸ਼ਾਹ ਜਹਾਂ ਦੇ ਦੌਰ ਵਿਚ ਚੰਦਰ ਭਾਨ ਬ੍ਰਾਹਮਣ ਪ੍ਰਸਿੱਧ ਉਰਦੂ ਸ਼ਾਇਰ ਰਹੇ ਹਨ। ਇਸ ਭਾਸ਼ਾ ਦੀ ਮੁਗਲਾਂ ਨੇ ਸਰਪ੍ਰਸਤੀ ਕੀਤੀ, ਪਰ ਇਹ ਹਿੰਦੂਆਂ ਤੇ ਮੁਸਲਮਾਨਾਂ ਵੱਲੋਂ ਲਿਖੀ ਗਈ ਮਿਸ਼ਰਤ ਭਾਸ਼ਾ ਹੈ। ਹਕੀਕਤ ਵਿਚ 70 ਫੀਸਦੀ ਉਰਦੂ ਹਿੰਦੀ ਹੈ। ਉਰਦੂ ਤੇ ਹਿੰਦੀ ਦੇ ਸਵੱਰ ਇਕੋ ਹਨ। ਇਕ ਹੋਰ ਉਰਦੂ ਲੇਖਕ ਅਤਹਰ ਫਾਰੂਕੀ ਮੁਤਾਬਕ ਵੀਹਵੀਂ ਸਦੀ ਦੇ ਦੂਜੇ ਦਹਾਕੇ ਤਕ ਉਰਦੂ ਨੂੰ ਹਿੰਦੀ ਹੀ ਕਿਹਾ ਜਾਂਦਾ ਸੀ। ਇਕਬਾਲ ਨੇ ਵੀ ਹਿੰਦੀ ਕਿਹਾ। ਗ਼ਾਲਿਬ ਤੇ ਮੀਰ ਵਰਗੇ ਮਹਾਨ ਸ਼ਾਇਰਾਂ ਨੇ ਹਿੰਦੀ ਕਿਹਾ। ਮੁਗਲ ਕਾਲ ਵਿੱਚ ਉਰਦੂ ਉਸ ਸਥਾਨ ਨੂੰ ਕਿਹਾ ਗਿਆ, ਜਿੱਥੇ ਬਾਦਸ਼ਾਹ ਰਹਿੰਦਾ ਸੀ। ਜਦੋਂ ਸ਼ਾਹ ਜਹਾਂ ਨੇ 17ਵੀਂ ਸਦੀ ਵਿੱਚ ਸ਼ਾਹਜਹਾਂਬਾਦ ਵਸਾਇਆ ਤਾਂ ਨਵੇਂ ਸ਼ਹਿਰ ਲਈ ਸ਼ਬਦ ਉਰਦੂ ਵਰਤਿਆ ਗਿਆ। ਉੱਘੇ ਅਕਾਦਮੀਸ਼ੀਅਨ ਤੇ ਜੰਮੂ ਯੂਨੀਵਰਸਿਟੀ ਦੇ ਪ੍ਰੋਫੈਸਰ ਸੁਖਚੈਨ ਸਿੰਘ ਵੀ ਨਹੀਂ ਮੰਨਦੇ ਕਿ ਉਰਦੂ ਘੱਟਗਿਣਤੀਆਂ ਦੀ ਭਾਸ਼ਾ ਹੈ। ਜੇ ਮੀਰ ਹਸਨ ਹੈ ਤਾਂ ਦਯਾਸ਼ੰਕਰ ਕੌਲ ਨਸੀਮ ਵੀ ਹੈ।
ਉਰਦੂ ਦਾ ਘੱਟਗਿਣਤੀ ਮੰਤਰਾਲੇ ਦੇ ਹਵਾਲੇ ਹੋਣਾ ਉਸ 'ਤੇ ਘੱਟਗਿਣਤੀ ਦੀ ਭਾਸ਼ਾ ਹੋਣ ਦਾ ਫੱਟਾ ਲਾ ਦੇਵੇਗਾ। ਧਰਮ ਦੇ ਨਾਂਅ 'ਤੇ ਵੰਡੀਆਂ ਪਾਉਣ ਵਾਲੀ ਸਰਕਾਰ ਹੁਣ ਲੋਕਾਂ ਨੂੰ ਭਾਸ਼ਾ ਦੇ ਨਾਂਅ 'ਤੇ ਵੰਡਣ ਤੁਰ ਪਈ ਹੈ। ਇਸ ਦੇ ਵਿਰੋਧ ਵਿਚ ਹਰ ਭਾਸ਼ਾ ਦੇ ਸ਼ੁਭਚਿੰਤਕਾਂ ਨੂੰ ਖੜ੍ਹੇ ਹੋਣਾ ਚਾਹੀਦਾ ਹੈ, ਖਾਸਕਰ ਪੰਜਾਬੀਆਂ ਨੂੰ, ਜਿਨ੍ਹਾਂ ਦੀ ਭਾਸ਼ਾ ਨੂੰ ਸਿਰਫ ਸਿੱਖਾਂ ਦੀ ਭਾਸ਼ਾ ਕਹਿਣ ਦੇ ਯਤਨ ਹੁੰਦੇ ਰਹਿੰਦੇ ਹਨ, ਜਦਕਿ ਪੰਜਾਬ ਦਾ ਹਰ ਵਾਸੀ ਪੰਜਾਬੀ ਬੋਲਦਾ ਹੈ, ਧਰਮ ਬੇਸ਼ੱਕ ਉਨ੍ਹਾਂ ਦੇ ਵੱਖ-ਵੱਖ ਹੋਣ।

712 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper