Latest News
ਸਰਕਾਰੀ ਕਾਲਜ ਬਚਾਉਣ ਲਈ ਉੱਠੇ ਜੰਡਿਆਲਾ ਮੰੰਜਕੀ ਦੇ ਲੋਕ

Published on 19 Feb, 2020 11:47 AM.


ਜੰਡਿਆਲਾ ਮੰਜਕੀ (ਨਵਾਂ ਜ਼ਮਾਨਾ ਸਰਵਿਸ)
ਗੁਰੂ ਗੋਬਿੰਦ ਸਿੰਘ ਸਰਕਾਰੀ ਕਾਲਜ ਜੰਡਿਆਲਾ ਦੇ ਸਬੰਧ ਵਿੱਚ ਪਿੰਡ ਵਾਸੀਆਂ ਦੇ ਵਫਦ ਨੇ ਸ੍ਰੀ ਲਖਵਿੰਦਰ ਸਿੰਘ ਜੌਹਲ ਅਤੇ ਪਿੰਡ ਦੇ ਸਰਪੰਚ ਸ੍ਰੀ ਮੱਖਣ ਪੱਲ੍ਹਣ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਨੂੰ ਮਿਲ ਕੇ ਮੰਗ ਪੱਤਰ ਦਿੱਤਾ, ਜਿਸ ਵਿੱਚ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਜ਼ਿਲ੍ਹਾ ਜਲੰਧਰ ਦੇ ਪੇਂਡੂ ਖੇਤਰ ਦੇ ਇਸ ਇੱਕੋ-ਇੱਕ ਸਰਕਾਰੀ ਕਾਲਜ ਨੂੰ ਪੱਕੇ ਤੌਰ 'ਤੇ ਬੰਦ ਹੋਣ ਤੋਂ ਬਚਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਵਫਦ ਦੀ ਗੱਲ ਬੜੇ ਗੌਰ ਨਾਲ ਸੁਣੀ ਅਤੇ ਭਰੋਸਾ ਦੁਆਇਆ ਕਿ ਉਹ ਮੰਗ-ਪੱਤਰ ਆਪਣੀ ਸਿਫਾਰਸ਼ ਸਹਿਤ ਉਚੇਰੀ ਸਿੱਖਿਆ ਦੇ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਭੇਜ ਦੇਣਗੇ। ਚਾਲੂ ਵਿੱਦਿਅਕ ਸਾਲ 2019-20 ਵਿੱਚ ਇਸ ਕਾਲਜ ਵਿੱਚ ਇੱਕ ਵੀ ਵਿਦਿਆਰਥੀ ਦਾਖਲ ਨਹੀਂ ਹੋਇਆ। ਵਿਦਿਆਰਥੀ ਦਾਖਲਾ ਲੈਣ ਲਈ ਜਾਂਦੇ ਰਹੇ, ਪਰ ਉਨ੍ਹਾਂ ਨੂੰ ਪਾ੍ਰਸਪੈਕਟ/ਦਾਖਲਾ ਫਾਰਮ ਨਹੀਂ ਦਿੱਤੇ ਗਏ ਅਤੇ ਇਹ ਕਹਿ ਕੇ ਮੋੜਿਆ ਜਾਂਦਾ ਰਿਹਾ ਕਿ ਪ੍ਰਾਸਪੈਕਟ ਅਜੇ ਛਪ ਕੇ ਨਹੀਂ ਆਏ। ਅਖੀਰ ਉਹ ਵਿਦਿਆਰਥੀ ਵੀ ਆਖਰੀ ਤਰੀਕਾਂ ਵਿੱਚ ਹੋਰਨਾਂ ਕਾਲਜਾਂ ਵਿੱਚ ਦਾਖਲਾ ਲੈ ਗਏ। 1967 ਵਿੱਚ ਇਲਾਕੇ ਦੇ ਲੋਕਾਂ ਨੇ ਪ੍ਰਬੰਧਕ ਕਮੇਟੀ ਬਣਾ ਕੇ “ਗੁਰੂ ਗੋਬਿੰਦ ਸਿੰਘ ਰੀਪਬਲਿਕ ਕਾਲਜ ਜੰਡਿਆਲਾ” ਦੇ ਨਾਂਅ ਹੇਠ ਇਹ ਕਾਲਜ ਸ਼ੁਰੂ ਕੀਤਾ ਸੀ। ਸ਼ੁਰੂ ਦੇ ਸਾਲਾਂ ਵਿੱਚ ਇਸ ਕਾਲਜ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ 1000 ਦੇ ਨੇੜੇ-ਤੇੜੇ ਰਹੀ ਹੈ। ਇਸ ਕਾਲਜ ਦੇ ਪਹਿਲੇ ਪ੍ਰਿੰਸੀਪਲ ਪੰਜਾਬੀ ਦੇ ਮਹਾਨ ਸਾਹਿਤਕਾਰ ਪ੍ਰੋਫੈਸਰ ਸੰਤ ਸਿੰਘ ਸੇਖੋਂ ਸਨ। ਇਸ ਕਾਲਜ ਦੀਆਂ ਵਿੱਦਿਅਕ ਅਤੇ ਸਪੋਰਟਸ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਰਹੀਆਂ ਹਨ। ਪਿੰਡ ਵਾਸੀਆਂ ਨੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਇਸ ਕਾਲਜ ਦੀ ਸ਼ਾਨਦਾਰ ਬਿਲਡਿੰਗ ਬਣਾਈ ਅਤੇ ਖੇਡ ਗਰਾਊਂਡਾਂ ਲਈ ਪੰਚਾਇਤ ਨੇ ਜ਼ਮੀਨ ਦਿੱਤੀ। 1983 ਵਿੱਚ ਇਸ ਕਾਲਜ ਦੀ ਪ੍ਰਬੰਧਕ ਕਮੇਟੀ ਨੇ ਪਿੰਡ ਦੀ ਪੰਚਾਇਤ ਦੀ ਸਲਾਹ ਨਾਲ ਕਾਲਜ ਨੂੰ ਹਰ ਖੇਤਰ ਵਿੱਚ ਬੁਲੰਦੀਆਂ 'ਤੇ ਪਹੁੰਚਾਉਣ ਦੀ ਆਸ ਨਾਲ ਸਰਕਾਰ ਦੇ ਪ੍ਰਬੰਧ ਹੇਠ ਦੇਣ ਦਾ ਫੈਸਲਾ ਕੀਤਾ। ਸ. ਦਰਬਾਰਾ ਸਿੰਘ ਦੀ ਸਰਕਾਰ ਨੇ ਇਸ ਕਾਲਜ ਨੂੰ ਸਰਕਾਰੀ ਪ੍ਰਬੰਧ ਹੇਠ ਲੈ ਲਿਆ ਅਤੇ ਇਸ ਦਾ ਨਾਂ “ਗੁਰੁ ਗੋਬਿੰਦ ਸਿੰਘ ਸਰਕਾਰੀ ਕਾਲਜ ਜੰਡਿਆਲਾ” ਰੱਖਿਆ ਗਿਆ। ਉਸ ਸਮੇਂ ਇਸ ਕਾਲਜ ਵਿੱਚ ਵਿਦਿਆਰਥੀਆਂ ਦੀ ਗਿਣਤੀ 600 ਦੇ ਲਗਪਗ ਸੀ ਅਤੇ ਹਰ ਵਿਸ਼ੇ ਦੇ ਲੈਕਚਰਾਰਾਂ ਦੀ ਗਿਣਤੀਪੂਰੀ ਸੀ। ਨਾਨ-ਟੀਚਿੰਗ ਸਟਾਫ ਦੀ ਗਿਣਤੀ ਵੀ ਲੋੜ ਅਨੁਸਾਰ ਪੂਰੀ ਸੀ। ਸਰਕਾਰੀ ਪ੍ਰਬੰਧ ਹੇਠ ਆਉਣ ਤੋਂ ਬਾਦ ਸਰਕਾਰ ਨੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦੀਆਂ ਬਦਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਜਿਹੜਾ ਵੀ ਲੈਕਚਰਾਰ ਬਦਲਿਆ ਜਾਂ ਰਿਟਾਇਰ ਹੋਇਆ, ਉਸ ਦੀ ਥਾਂ ਕੋਈ ਰੈਗੂਲਰ ਮੁਲਾਜਮ ਨਹੀਂ ਲਗਾਇਆ। ਲੈਕਚਰਾਰਾਂ ਦੀਆਂ ਪੋਸਟਾਂ ਖਾਲੀ ਹੁੰਦੀਆਂ ਗਈਆਂ। 2003 ਵਿੱਚ ਇੱਥੋਂ ਸਾਇੰਸ ਗਰੁੱਪ ਖਤਮ ਕਰ ਦਿੱਤਾ ਗਿਆ। ਹਰ ਸਾਲ ਕੁੱਝ ਆਰਜ਼ੀ ਲੈਕਚਰਾਰ ਰੱਖ ਕੇ ਟਾਈਮ ਪਾਸ ਕੀਤਾ ਜਾਂਦਾ ਰਿਹਾ ਹੈ। ਇਸ ਮੌਕੇ ਇਸ ਕਾਲਜ ਵਿੱਚ ਸਿਰਫ ਇੱਕ ਰੈਗੂਲਰ ਲੈਕਚਰਾਰ ਹੈ। ਬੀਤੇ ਸਾਲ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਤਿੰਨ ਮਹੀਨੇ ਪਹਿਲਾਂ ਪਿੰਡ ਦੇ ਲੋਕਾਂ ਨੇ ਪੰਚਾਇਤ ਦੇ ਮਤੇ ਸਮੇਤ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ-ਪੱਤਰ ਭੇਜ ਕੇ ਮੰਗ ਕੀਤੀ ਸੀ ਕਿ ਦਾਖਲੇ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਇਸ ਕਾਲਜ ਵਿੱਚ ਪ੍ਰਿੰਸੀਪਲ, ਟੀਚਿੰਗ ਅਤੇ ਨਾਨ-ਟੀਚੰਗ ਸਟਾਫ ਭੇਜਿਆ ਜਾਵੇ। ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ, ਜਿਸ ਕਰਕੇ ਇੱਕ ਵੀ ਵਿਦਿਆਰਥੀ ਦਾਖਲ ਨਹੀਂ ਹੋਇਆ। ਜਦੋਂ ਇਹ ਗੱਲ ਮੀਡੀਆ ਨੇ ਉਭਾਰੀ ਤਾਂ ਹਲਕੇ ਦੇ ਮੈਂਬਰ ਪਾਰਲੀਮੈਂਟ ਨੇ ਵੀ ਕਾਲਜ ਗੇੜੀ ਮਾਰੀ। ਪਿੰਡ ਦੇ ਲੋਕਾਂ ਨੂੰ ਯਕੀਨ ਦਿਵਾ ਕੇ ਗਏ ਕਿ ਉਹ ਇਸ ਕਾਲਜ ਨੂੰ ਬੰਦ ਨਹੀਂ ਹੋਣ ਦੇਣਗੇ ਅਤੇ ਨਿੱਜੀ ਤੌਰ 'ਤੇ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਸਟਾਫ ਦੀ ਨਿਯੁਕਤੀ ਕਰਵਾਉਣਗੇ ਤਾਂ ਕਿ ਅਗਲੇ ਵਿੱਦਿਅਕ ਸਾਲ ਵਿੱਚ ਵੱਧ ਤੋਂ ਵੱਧ ਦਾਖਲੇ ਦਾ ਮਾਹੌਲ ਬਣ ਸਕੇ। ਪੰਜ ਮਹੀਨੇ ਬੀਤ ਚੁੱਕੇ ਹਨ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।

182 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper