Latest News
ਸੀ ਪੀ ਆਈ ਵੱਲੋਂ ਲਾਂਘੇ ਬਾਰੇ ਡੀ ਜੀ ਪੀ ਦੇ ਬਿਆਨ ਦੀ ਨਿਖੇਧੀ

Published on 23 Feb, 2020 08:57 AM.

ਚੰਡੀਗੜ੍ਹ : ਸੀ ਪੀ ਆਈ ਦੇ ਸੂਬਾ ਹੈੱਡਕੁਆਟਰ ਚੰਡੀਗੜ੍ਹ ਵਿਖੇ ਸੀ ਪੀ ਆਈ ਦੇ ਸੂਬਾ ਸਕੱਤਰ ਸਾਥੀ ਬੰਤ ਸਿੰਘ ਬਰਾੜ, ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਡਾਕਟਰ ਜੋਗਿੰਦਰ ਦਿਆਲ ਅਤੇ ਸੀ ਪੀ ਆਈ ਦੇ ਸੂਬਾ ਅਸਿਸਟੈਂਟ ਸਕੱਤਰ ਸਾਥੀ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਪਾਰਟੀ ਦੇ ਸੀਨੀਅਰ ਸਾਥੀਆਂ ਨਾਲ ਵਿਚਾਰ ਕਰਨ ਤੋਂ ਬਾਅਦ ਪਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੁਲਸ ਦੇ ਡੀ ਜੀ ਪੀ ਦਿਨਕਰ ਗੁਪਤਾ ਦੇ ਬਿਆਨ ਦੀ ਸੀ ਪੀ ਆਈ ਨਿਖੇਧੀ ਕਰਦੀ ਹੈ। ਇਸ ਬਿਆਨ ਕਿ ਕਰਤਾਰਪੁਰ ਸਾਹਿਬ (ਪਾਕਿਸਤਾਨ) ਜਾਣ ਵਾਲੇ ਸ਼ਰਧਾਲੂ 6 ਘੰਟਿਆਂ ਵਿਚ ਅੱਤਵਾਦ ਦੀ ਟਰੇਨਿੰਗ ਲੈ ਆਉਂਦੇ ਹਨ ਅਤੇ ਉਹ ਹਥਿਆਰ ਚਲਾਉਣੇ ਵੀ ਸਿੱਖ ਜਾਂਦੇ ਹਨ। ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਦਿਨਕਰ ਗੁਪਤਾ ਦੀ ਸਿੱਧੀ ਰਾਜਨੀਤੀ ਵਿਚ ਦਖਲ-ਅੰਦਾਜ਼ੀ ਜੱਗ-ਜ਼ਾਹਰ ਹੋਈ ਹੈ। ਕਰਤਾਰਪੁਰ ਦਾ ਲਾਂਘਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਖੁੱਲ੍ਹਿਆ ਹੈ। ਲੋਕ ਬਹੁਤ ਸ਼ਰਧਾ-ਭਾਵਨਾ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹਨ। ਲਾਂਘਾ ਖੁੱਲ੍ਹਣ ਨਾਲ ਦੋਹਾਂ ਦੇਸ਼ਾਂ ਦੇ ਲੋਕਾਂ ਵਿਚ ਪ੍ਰੇਮ-ਭਾਵਨਾ ਵਧੀ ਹੈ। ਜੇ ਦੋਹਾਂ ਦੇਸ਼ਾਂ ਦਾ ਮਿਲਵਰਤਣ ਬਣਿਆ ਰਹਿੰਦਾ ਹੈ ਤਾਂ ਆਪਸੀ ਵਪਾਰ ਵਧ ਸਕਦਾ ਹੈ ਅਤੇ ਦੋਵੇਂ ਦੇਸ਼ ਖੁਸ਼ਹਾਲ ਹੋ ਸਕਦੇ ਹਨ। ਰਾਜਨੀਤਕ ਗਲਿਆਰਿਆਂ ਤੋਂ ਇਹ ਪਤਾ ਲੱਗਾ ਹੈ ਕਿ ਪੰਜਾਬ ਦੇ ਐੱਮ ਐੱਲ ਏ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਵਿਚ ਬਹੁਤ ਵਾਧਾ ਕੀਤਾ ਜਾ ਰਿਹਾ ਹੈ। ਸੀ ਪੀ ਆਈ ਇਸ ਦੀ ਪੁਰਜ਼ੋਰ ਨਿੰਦਾ ਕਰਦੀ ਹੈ। ਪੰਜਾਬ ਦੀ ਆਰਥਿਕ ਸਥਿਤੀ ਕਾਫੀ ਵਿਗੜੀ ਹੋਈ ਹੈ। ਕਿਸਾਨ, ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ। ਉਹਨਾਂ ਦੇ ਕਰਜ਼ੇ ਮੁਆਫ ਨਹੀਂ ਕੀਤੇ ਜਾ ਰਹੇ। ਮੁਲਾਜ਼ਮਾਂ ਨੂੰ ਠੇਕੇ 'ਤੇ ਭਰਤੀ ਕਰਕੇ ਉਹਨਾਂ ਨੂੰ ਬਹੁਤ ਘੱਟ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਪੇ-ਕਮਿਸ਼ਨ ਲਾਗੂ ਨਹੀਂ ਕੀਤਾ ਜਾ ਰਿਹਾ। ਲੋਕ ਭਲਾਈ ਸਕੀਮਾਂ ਠੁੱਸ ਪਈਆਂ ਹਨ। ਬੇਰੁਜ਼ਗਾਰੀ ਬੇਸ਼ੁਮਾਰ ਵਧੀ ਹੋਈ ਹੈ ਅਤੇ ਇਹਨਾਂ ਹਾਲਤਾਂ ਵਿਚ ਐੱਮ ਐੱਲ ਏ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਵਿਚ ਵਾਧਾ ਕਰਨਾ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਹੈ।

102 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper