Latest News
ਨਿਆਪਾਲਕਾ ਦੇਸ਼ਧ੍ਰੋਹ ਕਾਨੂੰਨ ਦੀ ਦੁਰਵਰਤੋਂ ਦੇ ਰੁਝਾਨ ਨੂੰ ਰੋਕੇ : ਜਸਟਿਸ ਸੁਦਰਸ਼ਨ ਰੈੱਡੀ

Published on 23 Feb, 2020 08:58 AM.

ਨਵੀਂ ਦਿੱਲੀ : ਬੀਤੇ ਦਿਨੀਂ ਬੇਂਗਲੁਰੂ ਵਿਚ ਏ ਆਈ ਐਮ ਆਈ ਐਮ ਦੇ ਚੀਫ ਅਸਦ-ਉਦ-ਦੀਨ ਓਵੈਸੀ ਦੀ ਰੈਲੀ ਵਿਚ ਇਕ ਵਿਦਿਆਰਥਣ ਨੂੰ ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਾਉਣ 'ਤੇ ਦੇਸ਼ਧ੍ਰੋਹ ਦੇ ਦੋਸ਼ ਵਿਚ ਗ੍ਰਿਫਤਾਰ ਕਰਨ ਦਾ ਸੁਪਰੀਮ ਕੋਰਟ ਦੇ ਸਾਬਕਾ ਜੱਜ ਬੀ ਸੁਦਰਸ਼ਨ ਰੈੱਡੀ ਨੇ ਵਿਰੋਧ ਕਰਦਿਆਂ ਇਸਨੂੰ ਦੇਸ਼ਧ੍ਰੋਹ ਕਾਨੂੰਨ ਦੀ ਸਰੀਹਨ ਦੁਰਵਰਤੋਂ ਕਰਾਰ ਦਿੱਤਾ ਹੈ। ਉਨ੍ਹਾ ਕਿਹਾ ਕਿ ਸਮਾਂ ਆ ਗਿਆ ਹੈ ਕਿ ਇਸ ਰੁਝਾਨ ਨੂੰ ਰੋਕਣ ਲਈ ਨਿਆਪਾਲਿਕਾ ਅੱਗੇ ਆਵੇ।
ਜਸਟਿਸ ਰੈੱਡੀ ਨੇ 'ਦੀ ਟੈਲੀਗ੍ਰਾਫ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਦੇਸ਼ਧ੍ਰੋਹ ਦਾ ਮਾਮਲਾ ਬਣਦਾ ਹੀ ਨਹੀਂ। ਤਾਜ਼ੀਰਾਤੇ ਹਿੰਦ ਤਹਿਤ ਵੀ ਕਾਰਵਾਈ ਨਹੀਂ ਬਣਦੀ। ਵਿਦਿਆਰਥਣ ਨੇ ਜੋ ਕੀਤਾ, ਉਸ ਵਿਰੁੱਧ ਦੇਸ਼ਧ੍ਰੋਹ ਤਾਂ ਇਕ ਪਾਸੇ, ਕੋਈ ਫੌਜਦਾਰੀ ਕਾਰਵਾਈ ਵੀ ਨਹੀਂ ਬਣਦੀ।
ਵੀਰਵਾਰ ਪੱਤਰਕਾਰਤਾ ਦੀ ਵਿਦਿਆਰਥਣ ਅਮੂਲਯਾ ਲਿਓਨਾ ਨੋਰੋਨਹਾ ਨੂੰ ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਾਉਣ 'ਤੇ ਹਿਰਾਸਤ ਵਿਚ ਲੈ ਕੇ ਦੇਸ਼ਧ੍ਰੋਹ ਦਾ ਕੇਸ ਪਾ ਦਿੱਤਾ ਗਿਆ ਸੀ। ਇਸ ਵਿਚ ਉਮਰ ਕੈਦ ਤਕ ਦੀ ਸਜ਼ਾ ਹੈ। ਇਸ ਵੇਲੇ ਉਹ ਜੁਡੀਸ਼ੀਅਲ ਹਿਰਾਸਤ ਵਿਚ ਹੈ। ਜਸਟਿਸ ਰੈੱਡੀ ਨੇ ਕਿਹਾ, ''ਪਾਕਿਸਤਾਨ ਸਾਡਾ ਦੁਸ਼ਮਣ ਦੇਸ਼ ਨਹੀਂ ਹੈ। ਨਾ ਹੀ ਸਾਡੀ ਪਾਕਿਸਤਾਨ ਨਾਲ ਜੰਗ ਚਲ ਰਹੀ ਹੈ। ਪਾਕਿਸਤਾਨ ਨਾਲ ਸਾਡੇ ਡਿਪਲੋਮੈਟਿਕ ਰਿਸ਼ਤੇ ਜਾਰੀ ਹਨ।'' ਇਹ ਪੁੱਛੇ ਜਾਣ 'ਤੇ ਕਿ ਜੇ ਪਾਕਿਸਤਾਨ ਨੂੰ ਦੁਸ਼ਮਣ ਦੇਸ਼ ਐਲਾਨ ਦਿੱਤਾ ਜਾਂਦਾ ਹੈ ਤਾਂ ਫਿਰ ਪਾਕਿਸਤਾਨ ਜ਼ਿੰਦਾਬਾਦ ਕਹਿਣ 'ਤੇ ਦੇਸ਼ਧ੍ਰੋਹ ਦਾ ਕੇਸ ਚਲ ਸਕਦਾ ਹੈ, ਜਸਟਿਸ ਰੈੱਡੀ ਨੇ ਕਿਹਾ, ''ਫਿਰ ਵੀ ਦੇਸ਼ਧ੍ਰੋਹ ਦਾ ਕੇਸ ਨਹੀਂ ਬਣਦਾ ਪਰ ਉਦੋਂ ਇਖਲਾਕੀ ਤੌਰ 'ਤੇ ਪਾਕਿਸਤਾਨ ਜ਼ਿੰਦਾਬਾਦ ਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ।'' ਉਨ੍ਹਾ ਕਿਹਾ ਕਿ ਕੀ ਸਾਨੂੰ ਅਮਰੀਕਾ ਜ਼ਿੰਦਾਬਾਦ ਤੇ ਟਰੰਪ ਜ਼ਿੰਦਾਬਾਦ ਹੀ ਕਹਿਣਾ ਚਾਹੀਦਾ? ਇਹ ਸਭ ਕੀ ਹੋ ਰਿਹਾ ਹੈ? ਸੰਵਿਧਾਨਕ ਜਮਹੂਰੀਅਤ ਖਤਰੇ ਵਿਚ ਹੈ। ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਨੇ ਦਾਅਵਾ ਕੀਤਾ ਹੈ ਕਿ ਵਿਦਿਆਰਥਣ ਦੇ ਨਕਸਲੀਆਂ ਨਾਲ ਸੰਬੰਧ ਹਨ। ਇਸਦੇ ਜਵਾਬ ਵਿਚ ਜਸਟਿਸ ਰੈੱਡੀ ਨੇ ਕਿਹਾ ਕਿ ਜੇ ਸੰਬੰਧ ਹਨ ਤਾਂ ਉਸਨੂੰ ਪਹਿਲਾਂ ਕਿਉਂ ਨਹੀਂ ਗ੍ਰਿਫਤਾਰ ਕੀਤਾ ਗਿਆ। ਸੰਬੰਧਾਂ ਦੀ ਗੱਲ ਪਾਕਿਸਤਾਨ ਜ਼ਿੰਦਾਬਾਦ ਕਹਿਣ 'ਤੇ ਹੀ ਕਿਉਂ ਚੇਤੇ ਆਈ। ਗ੍ਰਿਫਤਾਰੀ ਨੂੰ ਸਹੀ ਸਾਬਤ ਕਰਨ ਲਈ ਇਹ ਦੋਸ਼ ਲਾਇਆ ਗਿਆ ਹੈ।

86 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper