Latest News
ਸਾਡੀ ਲੜਾਈ ਐੱਸ ਜੀ ਪੀ ਸੀ ਨੂੰ ਬਾਦਲਾਂ ਤੋਂ ਮੁਕਤ ਕਰਾਉਣ ਲਈ : ਢੀਂਡਸਾ

Published on 23 Feb, 2020 09:00 AM.

ਸੰਗਰੂਰ (ਪ੍ਰਵੀਨ ਸਿੰਘ)
ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਦੀ ਅਗਵਾਈ ਹੇਠ ਐਤਵਾਰ ਅਨਾਜ ਮੰਡੀ ਸੰਗਰੂਰ ਵਿਖੇ ''ਪੰਜਾਬ ਬਚਾਓ ਪੰਥ ਬਚਾਓ'' ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ, ਬਲਵੰਤ ਸਿੰਘ ਰਾਮੂਵਾਲੀਆ, ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਸੇਵਾ ਸਿੰਘ ਸੇਖਵਾਂ, ਪਰਮਿੰਦਰ ਸਿੰਘ ਢੀਂਡਸਾ, ਰਵੀਇੰਦਰ ਸਿੰਘ ਸਾਬਕਾ ਸਪੀਕਰ, ਬੀਰਦਵਿੰਦਰ ਸਿੰਘ ਸਾਬਕਾ ਸਪੀਕਰ ਅਤੇ ਹੋਰ ਬਹੁਤ ਸਾਰੇ ਆਗੂਆਂ ਨੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਸਿਆਂ ਦੀ ਦੁਰਵਰਤੋਂ ਕਰਨ ਤੇ ਅਕਾਲੀ ਦਲ ਦੇ ਸਿਧਾਂਤਾਂ ਨੂੰ ਦਰਕਿਨਾਰ ਕਰਦੇ ਹੋਏ ਆਪਣੇ ਮਤਲਬ ਲਈ ਵਰਤਣ ਦੇ ਗੰਭੀਰ ਦੋਸ਼ ਲਾਏ।
ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੰਗਰੂਰ ਵਿਖੇ ਆ ਕੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਮੇਰੇ ਤੇ ਮੇਰੇ ਪਰਵਾਰ ਬਾਰੇ ਵਰਤ ਕੇ ਗਏ ਹਨ, ਉਹ ਪੈਸਿਆਂ ਦੀ ਤਾਕਤ ਦਾ ਹੰਕਾਰ ਹੈ। ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲੇ ਹੋਏ ਹਨ। ਇਸ ਲਈ ਉਨ੍ਹਾ ਦੇ ਕਾਰੋਬਾਰ ਕਾਂਗਰਸ ਸਰਕਾਰ ਵਿੱਚ ਦਿਨ ਪ੍ਰਤੀ ਦਿਨ ਵਧ ਰਹੇ ਹਨ। ਉਹਨਾਂ ਦੀਆਂ ਬੱਸਾਂ ਤੇ ਕੇਬਲ ਦਾ ਕਾਰੋਬਾਰ ਕਾਂਗਰਸ ਸਰਕਾਰ ਵਿੱਚ ਵਧਿਆ ਹੈ। ਸੁਖਬੀਰ ਐੱਸ.ਜੀ.ਪੀ.ਸੀ ਦੀ ਦੁਰਵਰਤੋਂ ਕਰ ਰਹੇ ਹਨ ਤੇ ਸਿੱਖੀ ਸਿਧਾਂਤਾਂ ਦਾ ਘਾਣ ਕਰ ਰਹੇ ਹਨ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਾਉਣ ਲਈ ਲੜਾਈ ਆਰੰਭ ਕੀਤੀ। ਮੈਨੂੰ ਆਸ ਹੈ ਕਿ ਲੋਕ ਸੱਚ ਦੇ ਨਾਲ ਖੜ੍ਹਨਗੇ। ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਪ੍ਰਬੰਧਕ ਕਮੇਟੀ ਦੇ ਪੈਸਿਆਂ ਦੀ ਸੁਖਬੀਰ ਸਿੰਘ ਬਾਦਲ ਦੇ ਕਹਿਣ 'ਤੇ ਦੁਰਵਰਤੋਂ ਕਰ ਰਹੇ ਹਨ। ਢੀਂਡਸਾ ਨੇ ਕਿਹਾ ਕਿ ਸਾਡੀ ਲੜਾਈ ਧਰਮ ਨੂੰ ਬਚਾਉਣ ਦੀ ਹੈ। ਵੱਡਾ ਜਨਤਕ ਇਕੱਠ ਦੇਖ ਕੇ ਉਹਨਾਂ ਕਿਹਾ ਕਿ ਲੋਕ ਜ਼ਿਲ੍ਹਾ ਸੰਗਰੂਰ ਨਾਲ ਹੀ ਸੰਬੰਧਤ ਹਨ ਤੇ ਆਪਮੁਹਾਰੇ ਰੈਲੀ ਵਿੱਚ ਸ਼ਾਮਲ ਹੋਏ ਹਨ। ਉਹਨਾਂ ਇਹ ਵੀ ਕਿਹਾ ਕਿ ਮੈਂ ਹੁਣ ਕੋਈ ਵੀ ਰਾਜਨੀਤਕ ਚੋਣ ਨਹੀਂ ਲੜਾਂਗਾ। ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਜੇ ਬਚਪਨੇਂ ਦੀਆਂ ਗੱਲਾਂ ਕਰਦੇ ਹਨ। ਮੇਰਾ ਤੇ ਢੀਂਡਸਾ ਸਾਹਿਬ ਦਾ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸਿਰਫ 14 ਸੀਟਾਂ ਆਉਣ 'ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਕਹਿਣਾ ਸੀ ਕਿ ਸੁਖਬੀਰ ਸਿੰਘ ਬਾਦਲ ਤੋਂ ਅਸਤੀਫਾ ਲਿਆ ਜਾਵੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੰਕਾਰੀ ਦਲ ਬਾਦਲ ਬਣ ਕੇ ਰਹਿ ਗਿਆ। ਸਾਬਕਾ ਸਪੀਕਰ ਰਵੀਇੰਦਰ ਸਿੰਘ ਦਾ ਕਹਿਣਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਜਦੋਂ ਤੱਕ ਅਕਾਲੀ ਦਲ ਦੇ ਪ੍ਰਧਾਨ ਖੁਦ ਨਹੀਂ ਬਣੇ ਸਨ, ਉਸ ਵੇਲੇ ਤੱਕ ਹਰ ਇਕ ਪ੍ਰਧਾਨ ਨਾਲ ਲੜਾਈ ਰੱਖੀ। ਉਹਨਾਂ ਕਿਹਾ ਕਿ ਜਦੋਂ ਤੱਕ ਬਾਦਲਾਂ ਦੇ ਪੰਜੇ ਵਿਚੋਂ ਗੁਰਦੁਆਰੇ ਨੂੰ ਆਜ਼ਾਦ ਨਹੀਂ ਕਰਾ ਲੈਂਦੇ, ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗੇ। ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਬਾਦਲ ਦਲ ਤੋਂ ਐੱਸ.ਜੀ.ਪੀ.ਸੀ ਨੂੰ ਆਜ਼ਾਦ ਕਰਾਉਣ ਲਈ ਮੁੱਢ ਬੱਝ ਚੁੱਕਾ ਹੈ ਤੇ ਅਸੀਂ ਇਹ ਬਾਦਲ ਪਰਵਾਰ ਤੋਂ ਮੁਕਤ ਕਰਾ ਕੇ ਰਹਾਂਗੇ। ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਜਦੋਂ ਸ. ਸੁਖਬੀਰ ਸਿੰਘ ਬਾਦਲ ਹੋਰਾਂ ਦੇ ਹੰਕਾਰ ਦਾ ਅੰਤ ਹੋਣ ਵਾਲਾ ਹੈ।
ਉਹਨਾਂ ਕਿਹਾ ਕਿ ਬੇਅਦਬੀ ਮਾਮਲਿਆਂ ਤੇ ਬਹਿਬਲ ਕਲਾਂ ਕਾਂਡ ਕਾਰਨ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ 10 ਸਾਲਾਂ ਲਈ ਪੰਥ ਦੀ ਸੇਵਾ ਤੋਂ ਵੱਖਰਾ ਹੋਣਾ ਪਵੇਗਾ। ਇਹਨਾਂ ਪਿਉ-ਪੁੱਤਾਂ ਨੇ ਪੰਥ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਸਾਬਕਾ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੀ ਤਕਦੀਰ ਬਦਲਣ ਜਾ ਰਹੀ ਹੈ, ਉਸ ਦਾ ਸਿਹਰਾ ਸੁਖਦੇਵ ਸਿੰਘ ਢੀਂਡਸਾ ਦੇ ਪਰਵਾਰ ਨੂੰ ਜਾਂਦਾ ਹੈ। ਉਹਨਾਂ ਕਿਹਾ ਕਿ 1920 ਵਿੱਚ ਗੁਰਦੁਆਰਾ ਸੁਧਾਰ ਲਹਿਰ ਚੱਲੀ, ਸੰਨ 2020 ਵਿੱਚ ਇਤਿਹਾਸ ਦੁਹਰਾਅ ਰਿਹਾ ਹੈ ਗੁਰਦੁਆਰਾ ਸੁਧਾਰ ਲਹਿਰ ਦਾ ਆਗਾਜ਼ ਹੋ ਰਿਹਾ ਹੈ। ਬਾਦਲ ਪਰਵਾਰ ਤੋਂ ਗੁਰਦੁਆਰਾ ਪ੍ਰਬੰਧਾਂ ਨੂੰ ਮੁਕਤ ਕਰਾਉਣ ਦਾ ਵਕਤ ਆ ਗਿਆ ਹੈ। ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਇਹ ਕਹਿ ਰਹੇ ਹਨ ਕਿ ਢੀਂਡਸਾ ਪਰਵਾਰ ਨੇ ਉਹਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ, ਜਦੋਂ ਕਿ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਲਤ ਫੈਸਲਿਆਂ ਵਿਰੁੱਧ ਆਵਾਜ਼ ਉਠਾਈ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਗਲੇਵੇ ਵਿੱਚ ਬਾਹਰ ਕੱਢਣਾ ਹੈ, ਇਹ ਫੈਸਲਾ ਲੋਕਾਂ ਨੇ ਕਰਨਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਸੇ ਕਿੱਥੇ ਤੇ ਕਿਵੇਂ ਖਰਚੇ ਜਾ ਰਹੇ ਹਨ, ਇਸ ਦਾ ਵੇਰਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰਾਂ ਨੂੰ ਵੀ ਨਹੀਂ ਦਿੱਤਾ ਜਾ ਰਿਹਾ। ਉਨ੍ਹਾ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੀ ਰੈਲੀ ਵਿੱਚ ਕਿਹਾ ਸੀ ਕਿ ਅੱਜ ਅਸੀਂ ਢੀਂਡਸਾ ਪਰਵਾਰ ਦੀ ਅੰਤਿਮ ਅਰਦਾਸ ਕਰਕੇ ਚੱਲੇ ਹਾਂ, ਪਰ ਅਸੀਂ ਕਿਸੇ ਅਜਿਹੇ ਸ਼ਬਦ ਦੀ ਵਰਤੋਂ ਨਹੀਂ ਕਰਦੇ ਤੇ ਅਸੀਂ ਤਾਂ ਸਰਬੱਤ ਦਾ ਭਲਾ ਮੰਗਦੇ ਹਾਂ।

175 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper