Latest News
ਸ਼ਾਹੀਨ ਬਾਗ ਦੇ ਪ੍ਰੋਟੈੱਸਟਰਾਂ ਨੂੰ ਬਦਨਾਮ ਕਰਨ ਲਈ ਗੈਰ-ਜ਼ਰੂਰੀ ਬੈਰੀਕੇਡ : ਵਜਾਹਤ ਹਬੀਬਉਲ੍ਹਾ

Published on 23 Feb, 2020 09:03 AM.

ਨਵੀਂ ਦਿੱਲੀ : ਨਾਗਰਿਕਤਾ ਕਾਨੂੰਨਾਂ ਖਿਲਾਫ ਸ਼ਾਹੀਨ ਬਾਗ ਵਿਚ ਚੱਲ ਰਹੇ ਪ੍ਰੋਟੈੱਸਟ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਸੋਮਵਾਰ ਨੂੰ ਮੁੜ ਹੋਣ ਵਾਲੀ ਸੁਣਵਾਈ ਤੋਂ ਇਕ ਦਿਨ ਪਹਿਲਾਂ ਕੌਮੀ ਘੱਟਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਪਰਸਨ ਵਜਾਹਤ ਹਬੀਬਉਲ੍ਹਾ ਨੇ ਐਤਵਾਰ ਕਿਹਾ ਕਿ ਪ੍ਰੋਟੈੱਸਟ ਪੁਰਅਮਨ ਚਲ ਰਿਹਾ ਹੈ ਤੇ ਦਿੱਲੀ ਪੁਲਸ ਨੇ ਕਈ ਸੜਕਾਂ 'ਤੇ ਗੈਰਜ਼ਰੂਰੀ ਬੈਰੀਕੇਡ ਲਾਏ ਹੋਏ ਹਨ। ਹਬੀਬਉਲ੍ਹਾ, ਜਿਹੜੇ ਸੁਪਰੀਮ ਕੋਰਟ ਵੱਲੋਂ ਨਾਮਜ਼ਦ ਸਾਲਸਾਂ ਸੀਨੀਅਰ ਐਡਵੋਕੇਟ ਸੰਜੇ ਹੈਗੜੇ ਤੇ ਸਾਧਨਾ ਰਾਮਚੰਦਰਨ ਨਾਲ 19 ਫਰਵਰੀ ਨੂੰ ਸ਼ਾਹੀਨ ਬਾਗ ਗਏ ਸਨ, ਨੇ ਆਪਣੇ ਦਸਤਖਤਾਂ ਵਾਲੇ ਹਲਫਨਾਮੇ ਵਿਚ ਕਿਹਾ ਹੈ ਕਿ ਕਈ ਸੜਕਾਂ ਦਾ ਪ੍ਰੋਟੈੱਸਟ ਨਾਲ ਕੋਈ ਲੈਣਾ-ਦੇਣਾ ਨਹੀਂ, ਪਰ ਪੁਲਸ ਨੇ ਆਪਣੀ ਜ਼ਿੰਮੇਦਾਰੀਆਂ ਤੇ ਫਰਜ਼ਾਂ ਤੋਂ ਭਜਦਿਆਂ ਉਥੇ ਬੈਰੀਕੇਡ ਲਾ ਰੱਖੇ ਹਨ ਤੇ ਪ੍ਰੋਟੈੱਸਟਰਾਂ ਨੂੰ ਬਦਨਾਮ ਕਰ ਰਹੀ ਹੈ। ਉਨ੍ਹਾ ਕਿਹਾ ਕਿ ਉਨ੍ਹਾਂ ਅਫਸਰਾਂ ਦਾ ਪਤਾ ਲਾਇਆ ਜਾਵੇ, ਜਿਨ੍ਹਾਂ ਇਹ ਬੈਰੀਕੇਡ ਲੁਆਏ ਹਨ।
ਹਬੀਬਉਲ੍ਹਾ, ਜਿਹੜੇ ਮੁਖ ਸੂਚਨਾ ਕਮਿਸ਼ਨਰ ਵੀ ਰਹਿ ਚੁੱਕੇ ਹਨ, ਆਪਣਾ ਹਲਫਨਾਮਾ ਸੁਪਰੀਮ ਕੋਰਟ ਨੂੰ ਸੋਮਵਾਰ ਸੌਂਪਣਗੇ। ਹਲਫਨਾਮੇ ਵਿਚ ਉਨ੍ਹਾ ਸੜਕਾਂ ਦੀਆਂ ਤਸਵੀਰਾਂ ਤੇ ਗੂਗਲ ਮੈਪ ਵੀ ਲਾਏ ਹਨ। ਪ੍ਰੋਟੈੱਸਟ ਕਾਰਨ ਸੜਕਾਂ ਬੰਦ ਹੋਣ ਵਿਰੁੱਧ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸੀਨੀਅਰ ਵਕੀਲਾਂ ਦੀ ਡਿਊਟੀ ਲਾਈ ਸੀ ਕਿ ਉਹ ਪ੍ਰੋਟੈੱਸਟਰਾਂ ਨੂੰ ਉਥੋਂ ਉਠ ਜਾਣ ਲਈ ਮਨਾਉਣ।
ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਹਬੀਬਉਲ੍ਹਾ ਦੀਆਂ ਸੇਵਾਵਾਂ ਵੀ ਲੈਣ ਲਈ ਕਿਹਾ ਸੀ। ਸ਼ਾਹੀਨ ਬਾਗ ਦੀਆਂ ਬੀਬੀਆਂ ਨੇ ਵੀ ਉਨ੍ਹਾਂ ਦਾ ਹਲਫਨਾਮਾ ਸੁਪਰੀਮ ਕੋਰਟ ਤਕ ਪਹੁੰਚਾਉਣ ਲਈ ਹਬੀਬਉਲ੍ਹਾ ਨੂੰ ਦਿੱਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਰਕਾਰ ਨੇ ਉਨ੍ਹਾਂ ਨਾਲ ਗੱਲ ਕਰਨ ਦੀ ਜ਼ਹਿਮਤ ਨਹੀਂ ਉਠਾਈ। ਉਹ ਦੇਸ਼ ਦੇ ਮਾਣਮੱਤੇ ਸ਼ਹਿਰੀ ਹਨ ਪਰ ਉਨ੍ਹਾਂ ਨੂੰ ਕੌਮ-ਵਿਰੋਧੀ ਤੇ ਪਾਕਿਸਤਾਨੀ ਗਰਦਾਨਿਆ ਜਾ ਰਿਹਾ ਹੈ। ਸੁਪਰੀਮ ਕੋਰਟ ਨਾਗਰਿਕਤਾ ਕਾਨੂੰਨਾਂ ਵਿਰੁੱਧ ਦਾਖਲ ਪਟੀਸ਼ਨਾਂ 'ਤੇ ਛੇਤੀ ਤੋਂ ਛੇਤੀ ਸੁਣਵਾਈ ਕਰੇ।

149 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper