Latest News
ਕੈਪਟਨ ਦਾ 'ਆਦਰਸ਼ ਮੁੱਖ ਮੰਤਰੀ ਐਵਾਰਡ' ਨਾਲ ਸਨਮਾਨ

Published on 23 Feb, 2020 09:04 AM.

ਨਵੀਂ ਦਿੱਲੀ : ਭਾਰਤੀ ਵਿਦਿਆਰਥੀ ਸੰਸਦ (ਬੀ.ਸੀ.ਐਸ.) ਨੇ ਐਤਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿੱਚ ਵਧੀਆ ਸ਼ਾਸਨ ਅਤੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਵਾਸਤੇ ਕੀਤੀਆਂ ਪਹਿਲਕਦਮੀਆਂ ਲਈ ਮਾਣਮੱਤੇ 'ਆਦਰਸ਼ ਮੁੱਖ ਮੰਤਰੀ ਪੁਰਸਕਾਰ' ਨਾਲ ਸਨਮਾਨਿਤ ਕੀਤਾ। ਬੀ.ਸੀ.ਐਸ. ਦੇ ਚਾਰ ਰੋਜ਼ਾ ਕੌਮੀ ਸੰਮੇਲਨ ਦੇ 10ਵੇਂ ਸਮਾਰੋਹ ਦੇ ਆਖਰੀ ਦਿਨ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਐਵਾਰਡ ਭਾਰਤ ਦੇ ਸਾਬਕਾ ਰਾਸ਼ਟਰਪਤੀ ਤੇ ਭਾਰਤ ਰਤਨ ਪ੍ਰਣਬ ਮੁਖਰਜੀ ਨੇ ਭੇਟ ਕੀਤਾ। ਬੀ.ਸੀ.ਐਸ. ਨੇ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ਾਲ ਤਜਰਬੇ ਅਤੇ ਅਮਲ ਵਿੱਚ ਲਿਆਂਦੀਆਂ ਕਦਰਾਂ-ਕੀਮਤਾਂ ਨੂੰ ਸਵੀਕਾਰਿਆ ਜਿਨ੍ਹਾਂ ਸਦਕਾ ਉਨ੍ਹਾਂ ਨੂੰ ਸਮਾਜ ਵਿੱਚ ਵਡਿਆਈ ਅਤੇ ਵਿਲੱਖਣ ਪਛਾਣ ਮਿਲੀ।
ਇਸ ਮੌਕੇ ਹਾਜ਼ਰ ਉੱਘੀਆਂ ਸ਼ਖਸੀਅਤਾਂ ਵਿੱਚ ਕੇਂਦਰੀ ਖੇਡ ਤੇ ਯੁਵਕ ਮਾਮਲਿਆਂ ਬਾਰੇ ਰਾਜ ਮੰਤਰੀ ਕਿਰਨ ਰਿਜਜੂ, ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਕੁਵੰਰ ਨਟਵਰ ਸਿੰਘ, ਪਦਮ ਵਿਭੂਸ਼ਣ ਅਤੇ ਔਰੋਵਿਲੇ ਫਾਊਂਡੇਸ਼ਨ ਦੇ ਚੇਅਰਮੈਨ ਡਾ. ਕਰਨ ਸਿੰਘ, ਐਮ.ਆਈ.ਟੀ.-ਐਸ.ਓ.ਜੀ. ਦੇ ਕਾਰਜਕਾਰੀ ਡਾਇਰੈਕਟਰ ਰਾਹੁਲ ਕਰਾਦ ਅਤੇ ਐਮ.ਆਈ.ਟੀ. ਵਰਲਡ ਪੀਸ ਯੂਨੀਵਰਸਿਟੀ, ਪੁਣੇ ਦੇ ਸੰਸਥਾਪਕ ਡਾ. ਵਿਸ਼ਵਾਨਾਥ ਕਰਾਦ ਸ਼ਾਮਲ ਸਨ।
ਇਸ ਤੋਂ ਪਹਿਲਾਂ ਸਨਮਾਨ ਸਮਾਰੋਹ ਦੌਰਾਨ ਮੁੱਖ ਮੰਤਰੀ ਬਾਰੇ ਕੀਤੇ ਸ਼ਾਨਦਾਰ ਵਰਨਣ ਮੁਤਾਬਕ,''ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਵਿਕਾਸ ਦੇ ਰਾਹ 'ਤੇ ਪਾਉਣ ਲਈ ਸਾਫ-ਸੁਥਰਾ ਸ਼ਾਸਨ ਮੁਹੱਈਆ ਕਰਵਾਉਣ ਦੇ ਕ੍ਰਾਂਤੀਕਾਰੀ ਵਿਚਾਰਾਂ ਨਾਲ ਦ੍ਰਿੜ ਨਿਸ਼ਚੇ ਦਾ ਪ੍ਰਗਟਾਵਾ ਕੀਤਾ ਹੈ। ਤੁਸੀਂ ਆਪਣੀਆਂ ਨਾਗਰਿਕ ਕੇਂਦਰਿਤ ਨੀਤੀਆਂ ਰਾਹੀਂ ਲੋਕਾਂ ਦੀ ਸਮਾਜਿਕ ਤੇ ਆਰਥਿਕ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਲਗਾਤਾਰ ਉਪਰਾਲੇ ਕੀਤੇ ਹਨ। ਤੁਸੀਂ ਕਿਸਾਨ ਕਰਜ਼ਾ ਮੁਆਫੀ ਸਕੀਮ ਅਤੇ ਕੁਦਰਤੀ ਖੇਤੀ ਦਾ ਆਰੰਭ ਕੀਤਾ ਜਿਸ ਸਦਕਾ ਸੂਬੇ ਵਿੱਚ ਖੇਤੀਬਾੜੀ ਵਿਕਾਸ ਸੰਭਵ ਹੋਇਆ। ਤੁਸੀਂ ਨਸ਼ਿਆਂ ਦੀ ਲਾਹਨਤ ਨੂੰ ਨੱਥ ਪਾ ਕੇ ਪੰਜਾਬ ਦੇ ਨੌਜਵਾਨਾਂ ਦੀ ਸ਼ਕਤੀ ਨੂੰ ਉਸਾਰੂ ਪਾਸੇ ਲਾਇਆ। ਭਾਰਤ-ਪਾਕਿ ਦਰਮਿਆਨ ਕੁੜੱਤਣ ਭਰੇ ਰਿਸ਼ਤਿਆਂ ਨੂੰ ਭਲੀ-ਭਾਂਤ ਜਾਣਦੇ ਹੋਏ ਤੁਸੀਂ ਸਾਲ 2019 ਵਿੱਚ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਮੌਕੇ ਦੁਵੱਲੀ ਕੂਟਨੀਤੀ ਵਰਤੀ। ਤੁਸੀਂ ਦਿਆਨਦਾਰੀ ਅਤੇ ਈਮਾਨਦਾਰੀ ਦਾ ਪ੍ਰਤੀਕ ਹੋ। ਭਰੋਸੇਯੋਗ ਮੁੱਖ ਮੰਤਰੀ ਦੇ ਤੌਰ 'ਤੇ ਆਪਣੇ ਅਕਸ ਨੂੰ ਬਰਕਰਾਰ ਰੱਖਦਿਆਂ ਤੁਸੀਂ ਸੂਬੇ ਦੀ ਆਰਥਿਕ ਤਰੱਕੀ ਅਤੇ ਸਮਾਜ ਭਲਾਈ ਪ੍ਰਤੀ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੁਗਾਇਆ।''
ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਮੁੱਖ ਮੰਤਰੀ ਨੇ ਭਾਰਤ ਦੇ ਨੌਜਵਾਨਾਂ ਨੂੰ ਸਰਗਰਮ ਸਿਆਸਤ ਵਿੱਚ ਉਸਾਰੂ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਆਖਿਆ ਕਿ ਇਹ ਉਨ੍ਹਾਂ ਦਾ ਫਰਜ਼ਾ ਬਣਦਾ ਹੈ ਕਿ ਉਹ ਮੁਲਕ ਦੀ ਤਕਦੀਰ ਬਦਲਣ ਲਈ ਭਵਿੱਖ ਦੇ ਲੀਡਰਾਂ ਵਜੋਂ ਅੱਗੇ ਆਉਣ। ਉਨ੍ਹਾਂ ਨੇ ਨੌਜਵਾਨਾਂ ਨੂੰ ਮੁਖਾਤਬ ਹੁੰਦਿਆਂ ਕਿਹਾ,''ਕਿਉਂ ਜੋ ਅਸੀਂ ਬਾਹਰ ਜਾ ਰਹੇ ਹਾਂ ਅਤੇ ਤੁਸੀਂ ਇਸ ਰਾਹ 'ਤੇ ਆ ਰਹੇ ਹੋ, ਇਹ ਤੁਹਾਡੀ ਡਿਊਟੀ ਬਣਦੀ ਹੈ ਕਿ ਤੁਸੀਂ ਜਮਹੂਰੀਅਤ ਦੀਆਂ ਸ਼ਾਨਦਾਰ ਰਵਾਇਤਾਂ ਨੂੰ ਬਰਕਰਾਰ ਰੱਖਦਿਆਂ ਆਪਣੇ ਮੁਲਕ ਦੀ ਸੇਵਾ ਦ੍ਰਿੜ ਵਚਨਬੱਧਤਾ, ਸੰਜੀਦਗੀ ਅਤੇ ਦਿਆਨਦਾਰੀ ਨਾਲ ਨਿਭਾਓ।''
ਕੈਪਟਨ ਅਮਰਿੰਦਰ ਸਿੰਘ ਨੇ ਸਿਆਸਤ ਵਿੱਚ ਕੁੱਦਣ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਨੂੰ ਆਪੋ-ਆਪਣੇ ਸੂਬਿਆਂ ਦੇ ਸਮਾਜਿਕ-ਆਰਥਿਕ ਖੇਤਰ ਦੇ ਨਾਲ ਜਨ-ਸੰਖਿਆ ਵਰਗੀਆਂ ਸਥਿਤੀਆਂ ਤੋਂ ਚੰਗੀ ਤਰ੍ਹਾਂ ਜਾਣੂੰ ਹੋਣ ਦੀ ਅਪੀਲ ਕੀਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ,''ਤੁਸੀਂ ਸ਼ਕਤੀ ਜਾਂ ਠਾਠ-ਬਾਠ ਲਈ ਹੀ ਸੱਤਾ ਵਿੱਚ ਨਾ ਆਓ, ਸਗੋਂ ਮੁਲਕ ਦੀ ਸੇਵਾ ਅਤੇ ਆਪਣੇ ਸੂਬੇ ਨੂੰ ਹੋਰ ਵਧੀਆ ਬਣਾਉਣ ਲਈ ਰਾਜਨੀਤੀ ਵਿੱਚ ਸਰਗਰਮ ਹੋਵੋ।''
ਮੁੱਖ ਮੰਤਰੀ ਨੇ ਕਿਹਾ,''ਸਿਆਸਤ ਸੌਖਾ ਪੇਸ਼ਾ ਨਹੀਂਹੈ ਸਗੋਂ 24 ਘੰਟੇ ਸਰਗਰਮ ਰਹਿਣਾ ਪੈਂਦਾ ਹੈ। ਚੁਣੇ ਹੋਏ ਨੁਮਾਇੰਦੇ ਦੇ ਤੌਰ 'ਤੇ ਤਹਾਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੂਰ ਕਰਨਗੀਆਂ ਹੋਣਗੀਆਂ।''
ਆਪਣੇ ਤਜਰਬੇ ਨੂੰ ਚੇਤੇ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੇ ਸਾਲ 1980 ਵਿੱਚ ਸੰਸਦ ਮੈਂਬਰ ਵਜੋਂ ਸਿਆਸਤ ਵਿੱਚ ਪ੍ਰਵੇਸ਼ ਕੀਤਾ ਸੀ ਪਰ ਉਨ੍ਹਾਂ ਨੂੰ ਕੁਝ ਸਾਲਾਂ ਬਾਅਦ ਇਹ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਆਪਣੇ ਸੂਬੇ ਦੇ ਬੁਨਿਆਦੀ ਸਮਾਜਿਕ-ਆਰਥਿਕ ਦੌਰ 'ਤੇ ਪਕੜ ਬਣਾਉਣ ਲਈ ਸੂਬਾਈ ਸਿਆਸਤ ਵਿੱਚ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਉਸ ਵੇਲੇ ਚੋਣ ਲੜੀ ਅਤੇ ਸੂਬੇ ਦੀ ਵਿਧਾਨ ਸਭਾ ਵਿੱਚ ਪਹੁੰਚੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਜਿੱਥੇ ਇਕ ਪਾਸੇ ਗੁਆਂਢੀ ਦੁਸ਼ਮਣ, ਅਫਗਾਨਿਸਤਾਨ ਤੇ ਪਾਕਿਸਤਾਨ ਤੋਂ ਨਸ਼ਿਆਂ ਦੀ ਤਸਕਰੀ ਵਰਗੀ ਚੁਣੌਤੀ ਹੈ ਅਤੇ ਦੂਜੇ ਪਾਸੇ ਖੇਤੀਬਾੜੀ ਦੀ ਮੰਦਹਾਲੀ ਹੈ ਜੋ ਸੂਬੇ ਦੀ ਆਰਥਿਕਤਾ ਦਾ ਮੁੱਖ ਸਹਾਰਾ ਹੈ। ਉਨ੍ਹਾਂ ਨੇ ਕਿਹਾ ਕਿ ਹਰੀ ਕ੍ਰਾਂਤੀ ਦੇ ਆਉਣ ਨਾਲ ਪੰਜਾਬ ਉਭਰਿਆ ਅਤੇ ਜਦੋਂ ਭਾਰਤ ਪੀ.ਐਲ. 480 ਸਮਝੌਤੇ ਤਹਿਤ ਸੰਯੁਕਤ ਰਾਸ਼ਟਰ ਤੋਂ ਅਨਾਜ ਮੰਗਵਾਉਣ ਲਈ ਮਜਬੂਰ ਸੀ ਤਾਂ ਉਸ ਵੇਲੇ ਪੰਜਾਬ ਦੇ ਕਿਸਾਨਾਂ ਨੇ ਮੁਲਕ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਣਾਉਣ ਵਿੱਚ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਪੰਜਾਬ ਨੇ ਅੰਦਰੂਨੀ ਅਤੇ ਬਾਹਰੀ ਹਮਲਿਆਂ ਤੋਂ ਮੁਲਕ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰਾਖੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਦੇਸ਼ ਦਾ ਖੜਗ ਭੁਜਾ ਬਣਿਆ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਮੁਲਕ ਦੀ ਵੰਡ ਤੋਂ ਬਾਅਦ ਸਾਲ 1966 ਵਿੱਚ ਪੰਜਾਬ ਦੀ ਮੁੜ ਵੰਡ ਹੋਈ ਜਦੋਂ ਇਸ ਵਿੱਚੋਂ ਹਰਿਆਣਾ, ਸੂਬਾ ਬਣਿਆ ਜਿਸ ਨਾਲ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਡੂੰਘੀ ਸੱਟ ਵੱਜੀ। ਮੁੱਖ ਮੰਤਰੀ ਨੇ ਕਿਹਾ ਕਿ ਸਨਅਤੀ ਸੈਕਟਰ ਨੂੰ ਮਜ਼ਬੂਤ ਬਣਾਉਣਾ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਦੀ ਸਰਕਾਰ ਨੇ ਉਦਯੋਗੀਕਰਨ ਲਈ ਵੀ ਸਰਗਰਮ ਕਦਮ ਚੁੱਕੇ ਹਨ ਜਿਸ ਦੀ ਮਿਸਾਲ ਪਿਛਲੇ ਤਿੰਨ ਸਾਲਾਂ ਵਿੱਚ ਜ਼ਮੀਨੀ ਪੱਧਰ 'ਤੇ ਆਏ 58000 ਕਰੋੜ ਰੁਪਏ ਦਾ ਨਿਵੇਸ਼ ਤੋਂ ਮਿਲਦੀ ਹੈ।
ਪੰਜਾਬ ਤੋਂ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਕੂਚ ਕਰ ਪ੍ਰਤੀ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਚੰਗੇ ਮੌਕਿਆਂ ਦੀ ਭਾਲ ਵਿੱਚ ਨੌਜਵਾਨ ਬਾਹਰਲੇ ਮੁਲਕਾਂ ਵਿੱਚ ਜਾ ਰਹੇ ਹਨ ਅਤੇ ਹੁਣ ਉਨ੍ਹਾਂ ਦੀ ਸਰਕਾਰ ਸੂਬੇ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਦੇ ਬਿਹਤਰ ਮੌਕੇ ਮੁਹੱਈਆ ਕਰਵਾ ਕੇ ਇਸ ਰੁਝਾਨ ਨੂੰ ਫੌਰੀ ਠੱਲ੍ਹ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਟੀਚੇ ਨੂੰ ਹਾਸਲ ਕਰਨ ਲਈ ਅਸੀਂ ਪੰਜਾਬ ਨੂੰ ਸਿੱਖਿਆ ਦੇ ਧੁਰੇ ਵਜੋਂ ਵਿਕਸਤ ਕੀਤਾ ਹੈ ਅਤੇ ਅਸ਼ੋਕਾ, ਪਲਾਸ਼ਕਾ, ਅਮਿੱਟੀ ਆਦਿ ਵਰਗੀਆਂ ਕੌਮਾਂਤਰੀ ਪੱਧਰ ਦੀਆਂ ਯੂਨੀਵਰਸਿਟੀਆਂ ਸੂਬੇ ਵਿੱਚ ਆ ਰਹੀਆਂ ਹਨ ਜਿਸ ਨਾਲ ਸਾਡੇ ਨੌਜਵਾਨਾਂ ਨੂੰ ਮੁਲਕ ਭਰ ਵਿੱਚ ਵਧੀਆ ਮੌਕੇ ਹਾਸਲ ਹੋਣਗੇ। ਨਸ਼ਿਆਂ ਦੀ ਅਲਾਮਤ ਦੇ ਖਾਤਮੇ ਲਈ ਆਪਣੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਲਾਹਨਤ ਨੂੰ ਜੜ੍ਹੋਂ ਪੁੱਟਣ ਵਿੱਚ ਵੱਡੀ ਸਫਲਤਾ ਹਾਸਲ ਕਰਦਿਆਂ ਸੂਬਾ ਸਰਕਾਰ ਨੇ ਡਰੱਗ ਮਾਫੀਏ ਦਾ ਲੱਕ ਤੋੜ ਕੇ ਸਪਲਾਈ ਲਾਈਨ ਬੰਦ ਕੀਤੀ ਹੈ। ਇਸੇ ਤਰ੍ਹਾਂ ਅਮਨ-ਕਾਨੂੰਨ ਦੇ ਮੁੱਦੇ 'ਤੇ ਵੀ ਸਰਕਾਰ ਨੇ ਕਾਮਯਾਬੀ ਹਾਸਲ ਕਰਦਿਆਂ 17 ਅੱਤਵਾਦੀ ਗ੍ਰੋਹਾਂ ਨੂੰ ਅਸਰਹੀਣ ਕੀਤਾ ਅਤੇ ਗੈਂਗਸਟਰਵਾਦ ਨੂੰ ਨੱਥ ਪਾਈ। ਜ਼ਿਕਰਯੋਗ ਹੈ ਕਿ ਸਾਲ 2015 ਵਿੱਚ ਇਹ ਐਵਾਰਡ ਮੱਧ ਪ੍ਰਦੇਸ਼ ਦੇ ਤਤਕਾਲੀ ਮੁੱਖ ਮੰਤਰੀ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਸਾਲ 2016 ਵਿੱਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ.ਚੰਦਰਬਾਬੂ ਨਾਇਡੂ ਅਤੇ ਸਾਲ 2017 ਵਿੱਚ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਰਕਾਰ ਅਤੇ ਸਾਲ 2019 ਵਿੱਚ ਬੀ.ਸੀ.ਐਸ. ਦੇ 9ਵੇਂ ਸਮਾਗਮ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਇਸ ਐਵਾਰਡ ਨਾਲ ਸਨਮਾਨਿਆ ਗਿਆ ਸੀ।

196 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper