Latest News
'ਭਾਰਤ ਬੰਦ' ਦਾ ਪੰਜਾਬ 'ਚ ਅਸਰ

Published on 23 Feb, 2020 09:06 AM.

ਨਵੀਂ ਦਿੱਲੀ : ਪ੍ਰੋਮੋਸ਼ਨ ਵਿਚ ਰਿਜ਼ਰਵੇਸ਼ਨ ਦੇ ਖਿਲਾਫ ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਖਿਲਾਫ ਐਤਵਾਰ ਭੀਮ ਆਰਮੀ ਦੇ ਭਾਰਤ ਬੰਦ ਦੇ ਸੱਦੇ ਦਾ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਅਸਰ ਦੇਖਣ ਨੂੰ ਮਿਲਿਆ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਪ੍ਰੋਮੋਸ਼ਨ ਵਿਚ ਰਿਜ਼ਰਵੇਸ਼ਨ ਬੁਨਿਆਦੀ ਅਧਿਕਾਰ ਨਹੀਂ ਹੈ। ਮੁਜ਼ਾਹਰਾਕਾਰੀਆਂ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕਰਨ ਦੇ ਨਾਲ-ਨਾਲ ਨਾਗਰਿਕਤਾ ਕਾਨੂੰਨਾਂ ਵਿਰੁੱਧ ਵੀ ਨਾਅਰੇਬਾਜ਼ੀ ਕੀਤੀ।
ਜਲੰਧਰ (ਸੁਰਿੰਦਰ ਕੁਮਾਰ) : ਸੀ ਏ ਏ, ਐੱਨ ਆਰ ਸੀ ਤੇ ਐੱਨ ਪੀ ਆਰ ਨੂੰ ਲੈ ਕੇ ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਵੱਲਂੋ ਦੇਸ਼-ਵਿਆਪੀ ਬੰਦ ਦੇ ਸੱਦੇ ਨੂੰ ਜਲੰਧਰ ਵਿੱਚ ਲੋਕਾਂ ਨੇ ਭਰਪੂਰ ਸਮਰਥਨ ਦਿੱਤਾ।
ਐਤਵਾਰ ਸਵੇਰੇ 6 ਵਜੇ ਤੋਂ ਹੀ ਲੋਕਾਂ ਨੇ ਸੜਕਾਂ 'ਤੇ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਜ਼ਿਲ੍ਹਾ ਜਲੰਧਰ ਦੇ ਸ਼ਹਿਰੀ ਤੇ ਦਿਹਾਤੀ ਇਲਾਕਿਆਂ ਵਿੱਚ ਸੀ ਏ ਏ, ਐੱਨ ਸੀ ਆਰ, ਐੱਨ ਪੀ ਆਰ ਦਾ ਸੜਕਾਂ 'ਤੇ ਹਜ਼ਾਰਾਂ ਦੀ ਗਿਣਤੀ ਵਿੱਚ ਉੱਤਰ ਕੇ ਜ਼ੋਰਦਾਰ ਵਿਰੋਧ ਕੀਤਾ। ਸਭ ਤੋਂ ਪਹਿਲਾਂ ਜਲੰਧਰ ਦੇ ਪਠਾਨਕੋਟ ਚੌਕ ਵਿੱਚ ਸਵੇਰੇ ਭਾਰੀ ਗਿਣਤੀ ਵਿੱਚ ਮੁਸਲਿਮ ਤੇ ਐੱਸ ਸੀ, ਓ ਬੀ ਸੀ ਵਰਗ ਦੇ ਲੋਕਾਂ ਨੇ ਟਰੈਫਿਕ ਨੂੰ ਰੋਕ ਕੇ ਜਾਮ ਸ਼ੁਰੂ ਕੀਤਾ। ਇਸ ਦੇ ਨਾਲ ਹੀ ਕਾਲਾ ਬੱਕਰਾ ਵਿਖੇ ਜਾਮ ਕਰ ਦਿੱਤਾ ਤੇ ਜਲੰਧਰ-ਪਠਾਨਕੋਟ ਚੌਕ ਤੇ ਲੰਮਾ ਪਿੰਡ ਚੌਕ, ਪੀ ਏ ਪੀ ਚੌਕ, ਮਕਸੂਦਾਂ ਚੌਕ, ਰਾਮਾ ਮੰਡੀ, ਬੀ ਐੱਸ ਐੱਫ ਚੌਕ, ਬੀ ਐੱਮ ਸੀ ਚੌਕ, ਜੋਤੀ ਚੌਕ, ਅੰਬੇਡਕਰ ਚੌਕ, ਫੁੱਟਬਾਲ ਚੌਕ, ਕਪੂਰਥਲਾ ਚੌਕ, ਵਰਕਸ਼ਾਪ ਚੌਕ, ਬਿਧੀਪੁਰ ਰੇਲਵੇ ਫਾਟਕ 'ਤੇ ਬੈਰੀਕੇਟ ਤੇ ਰੱਸੀਆਂ ਲਾ ਕੇ ਇਸ ਰੋਡ 'ਤੇ ਚੱਲਣ ਵਾਲੇ ਟਰੈਫਿਕ ਨੂੰ ਰੋਕ ਦਿੱਤਾ, ਜਿਸ ਕਰਕੇ ਜਲੰਧਰ ਦੇ ਸਾਰੇ ਜੀ ਟੀ ਰੋਡ 'ਤੇ ਲੰਘਣ ਵਾਲੀਆਂ ਗੱਡੀਆਂ ਦੀਆਂ ਲੰਬੀਆਂ ਲਾਇਨਾਂ ਲੱਗ ਗਈਆਂ। ਬੱਸਾਂ-ਕਾਰਾਂ ਵਿੱਚ ਸਵਾਰ ਲੋਕ ਆਪ ਹੀ ਬੱਸਾਂ ਵਿੱਚੋਂ ਉੱਤਰ ਕੇ ਪੈਦਲ ਹੀ ਸੜਕਾਂ 'ਤੇ ਗਏ। ਇਸ ਦੇ ਨਾਲ ਹੀ ਜਲੰਧਰ ਦੇ ਲੰਮਾ ਪਿੰਡ ਚੌਕ ਵਿੱਚ ਲੱਗੇ ਜਾਮ ਵਿੱਚ ਬੋਲਦਿਆਂ ਇਸਰਾਰ ਅਹਿਮਦ, ਸ਼ਕੀਰ ਅਹਿਮਦ, ਸਰਪੰਚ ਵਿਜੇ ਕੁਮਾਰ ਸਮੇਤ ਆਗੂਆਂ ਨੇ ਕਿਹਾ ਕਿ ਜਿਹੜੀ ਸਰਕਾਰ ਸਾਡੀਆਂ ਵੋਟਾਂ ਲੈ ਕੇ ਸੱਤਾਧਾਰੀ ਹੋਈ ਹੈ, ਉਹ ਨਵੇਂ ਕਾਨੂੰਨਾਂ ਨਾਲ ਸਾਨੂੰ ਗੁਲਾਮ ਬਣਾਉਣਾ ਚਾਹੁੰਦੀ ਹੈ। ਜੇਕਰ ਅੱਜ ਵੀ ਇਹ ਸਾਰੇ ਵਰਗ ਇਕੱਠੇ ਹੋ ਕੇ ਇਸ ਕੇਂਦਰ ਸਰਕਾਰ ਦੇ ਖਿਲਾਫ ਸੜਕਾਂ 'ਤੇ ਨਾ ਉਤਰੇ ਤਾਂ ਸਾਡੇ ਆਉਣ ਵਾਲੇ ਬੱਚੇ ਫਿਰ ਤੋਂ ਗੁਲਾਮੀ ਵਾਲੀ ਜ਼ਿੰਦਗੀ ਜੀਣ ਲਈ ਮਜਬੂਰ ਹੋਣਗੇ। ਲੰਮਾ ਪਿੰਡ ਚੌਕ 'ਤੇ ਬਣੇ ਫਲਾਈ ਓਵਰ ਅੱਗੇ ਲਾਏ ਧਰਨੇ ਦੌਰਾਨ ਜਦੋਂ ਲੰਬੀਆਂ-ਲੰਬੀਆਂ ਲਾਇਨਾਂ ਵਿੱਚ ਹੂਟਰ ਮਾਰਦੀ ਇੱਕ ਐਂਬੂਲੈਂਸ ਦਿਖਾਈ ਦਿੱਤੀ ਤਾਂ ਪ੍ਰਦਰਸ਼ਨ ਕਰ ਰਹੇ ਨੌਜਵਾਨ ਤੁਰੰਤ ਭੱਜ ਕੇ ਉਸ ਐਂਬੂਲੈਂਸ ਕੋਲ ਪਹੁੰਚੇ ਤੇ ਇਸ ਐਂਬੂਲੈਂਸ ਲਈ ਰਸਤਾ ਬਣਾਇਆ ਤੇ ਤੁਰੰਤ ਰੱਸਾ ਖੋਲ੍ਹ ਕੇ ਇਸ ਐਂਬੂਲੈਂਸ ਨੂੰ ਜਾਣ ਲਈ ਰਸਤਾ ਦਿੱਤਾ, ਜਿਸ ਤਂੋ ਬਾਅਦ ਉਸ ਐਂਬੂਲੈਂਸ ਵਿੱਚ ਸਵਾਰ ਮਰੀਜ਼ ਦੇ ਸੰਬੰਧੀਆਂ ਨੇ ਰਾਹਤ ਦਾ ਸਾਹ ਲਿਆ। ਲੰਮਾ ਪਿੰਡ ਫਲਾਈ ਓਵਰ ਨੇੜੇ ਵਿਸ਼ਾਲ ਧਰਨੇ ਦੌਰਾਨ ਅਚਾਨਕ ਇੱਕ ਬੋਲੈਰੋ ਵਿੱਚ ਸਵਾਰ ਹੋ ਕੇ ਆਏ ਚਾਰ ਨੌਜਵਾਨਾਂ ਨੂੰ ਜਦੋਂ ਪ੍ਰਦਰਸ਼ਨਕਾਰੀਆਂ ਨੇ ਰੋਕਿਆ ਤਾਂ ਉਨ੍ਹਾਂ ਨੇ ਜ਼ਬਰਦਸਤੀ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਝੜਪ ਹੋ ਗਈ। ਇਸ 'ਤੇ ਬੋਲੈਰੋ ਸਵਾਰ ਨੌਜਵਾਨਾਂ ਨੇ ਆਪਣੀ ਗੱਡੀ ਵਿੱਚ ਰੱਖੀਆਂ ਕਿਰਪਾਨਾਂ ਕੱਢ ਲਈਆਂ ਤੇ ਜ਼ਬਰਦਸਤੀ ਆਪਣੀ ਬੋਲੈਰੋ ਗੱਡੀ ਭਜਾ ਲਈ। ਨੌਜਵਾਨ ਵੀ ਉਨ੍ਹਾਂ ਦੇ ਪਿੱਛੇ ਭੱਜੇ ਤਾਂ ਉਨ੍ਹਾ ਨੇ ਆਪਣੀ ਬੋਲੈਰੋ ਦੜ੍ਹਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਅੱਗੇ ਸੜਕ 'ਤੇ ਖੜੀ ਜੇ ਸੀ ਬੀ ਮਸ਼ੀਨ ਕਰਕੇ ਇਹ ਨੌਜਵਾਨ ਫਸ ਗਏ। ਪ੍ਰਦਰਸ਼ਨਕਾਰੀਆਂ ਨੇ ਇਨ੍ਹਾਂ ਚਾਰਾਂ ਨੂੰ ਕਾਬੂ ਕਰ ਲਿਆ ਤੇ ਜ਼ੋਰਦਾਰ ਝੜਪ ਹੋ ਗਈ। ਜਦੋਂ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਨੂੰ ਕਾਰ ਵਿੱਚੋਂ ਬਾਹਰ ਕੱਢ ਲਿਆ ਤਾਂ ਉਹ ਮਿੰਨਤਾਂ ਕਰਨ ਲੱਗ ਪਏ ਕਿ ਗਲਤੀ ਹੋ ਗਈ, ਸਾਡੀ ਭੈਣ ਦਾ ਵਿਆਹ ਹੈ, ਇਸ ਲਈ ਅਸੀਂ ਲੰਘਣਾ ਚਾਹੁੰਦੇ ਸੀ। ਅੰਮ੍ਰਿਤਸਰ ਵਿਚ ਵੱਲਾ ਫਾਟਕ 'ਤੇ ਧਰਨੇ ਨਾਲ ਰੇਲਾਂ ਰੁਕ ਗਈਆਂ। ਸ਼ਤਾਬਦੀ ਐਕਸਪ੍ਰੈਸ ਲਗਭਗ ਦੋ ਘੰਟੇ ਰੁਕੀ ਰਹੀ। ਬਿਹਾਰ ਵਿਚ ਵੀ ਬੰਦ ਨੂੰ ਹੁੰਗਾਰਾ ਮਿਲਿਆ। ਸੀ ਪੀ ਆਈ, ਰਾਜਦ ਸਮੇਤ ਕਈ ਆਪੋਜ਼ੀਸ਼ਨ ਪਾਰਟੀਆਂ ਨੇ ਬੰਦ ਦੀ ਹਮਾਇਤ ਕੀਤੀ। ਪਟਨਾ ਦੇ ਡਾਕਬੰਗਲਾ ਚੌਰਾਹੇ ਵਿਚ ਸਾਬਕਾ ਮੁੱਖ ਮੰਤਰੀ ਜੀਤਨਰਾਮ ਮਾਂਝੀ ਆਪਣੇ ਹਮਾਇਤੀਆਂ ਨਾਲ ਸੜਕ 'ਤੇ ਉਤਰੇ। ਪਟਨਾ ਦੇ ਬਾੜ੍ਹ ਸਟੇਸ਼ਨ 'ਤੇ ਜਨ ਅਧਿਕਾਰ ਪਾਰਟੀ, ਬਹੁਜਨ ਪੈਂਥਰ ਤੇ ਅੰਬੇਡਕਰ ਯੁਵਾ ਮਿਸ਼ਨ ਦੇ ਕਾਰਕੁੰਨਾਂ ਨੇ ਹਾਵੜਾ-ਰਾਜਗੀਰ ਟਰੇਨ ਤੇ ਇਕ ਮਾਲ ਗੱਡੀ ਰੋਕੀ। ਦਰਭੰਗਾ ਵਿਚ ਕਈ ਟਰੇਨਾਂ ਰੋਕੀਆਂ ਗਈਆਂ। ਆਰਾ ਵਿਚ ਵੀ ਟਰੇਨਾਂ ਰੋਕੀਆਂ ਗਈਆਂ। ਬੇਗੂਸਰਾਏ ਵਿਚ ਵੀ ਬੰਦ ਦਾ ਅਸਰ ਦਿਸਿਆ। ਐਨ ਐਚ-31 ਬੰਦ ਕਰਕੇ ਨਾਅਰੇਬਾਜ਼ੀ ਕੀਤੀ ਗਈ। ਭੋਜਪੁਰ ਵਿਚ ਬੰਦ ਹਮਾਇਤੀ ਰੇਲਵੇ ਟਰੈਕ 'ਤੇ ਬੈਠ ਗਏ। ਸੁਪੌਲ ਵਿਚ ਰਾਸ਼ਟਰੀ ਲੋਕ ਸਮਤਾ ਪਾਰਟੀ ਦੇ ਕਾਰਕੁੰਨਾਂ ਨੇ ਐਨ ਐਚ-57 ਜਾਮ ਕਰ ਦਿੱਤਾ। ਝਾਰਖੰਡ ਵਿਚ ਵੀ ਅਸਰ ਹੋਇਆ। ਸਾਹਿਬਗੰਜ ਜ਼ਿਲ੍ਹੇ ਵਿਚ ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਜਾਮ ਵਿਚ ਫਸ ਗਏ। ਯੂ ਪੀ ਦੇ ਅਲੀਗੜ੍ਹ ਦੀ ਉਪਰਕੋਟ ਕੋਤਵਾਲੀ ਦੇ ਸਾਹਮਣੇ ਬੰਦ ਹਮਾਇਤੀਆਂ ਨੇ ਧਰਨਾ ਦਿੱਤਾ। ਉਥੇ ਪੁਲਸ ਨਾਲ ਝੜਪ ਹੋ ਗਈ। ਪੁਲਸ ਨੇ ਅੱਥਰੂ ਗੈਸ ਦੀ ਵਰਤੋਂ ਕੀਤੀ ਤੇ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ। ਦਿੱਲੀ ਗੇਟ ਤੇ ਮੁਸਲਿਮ ਬਹੁਗਿਣਤੀ ਵਾਲੇ ਇਲਾਕਿਆਂ ਵਿਚ ਬਾਜ਼ਾਰ ਬੰਦ ਰਹੇ। ਮੇਰਠ ਦੇ ਕਮਿਸ਼ਨਰੀ ਪਾਰਕ ਤੋਂ ਤਿੰਨ ਨੌਜਵਾਨਾਂ ਨੂੰ ਹਿਰਾਸਤ ਲੈ ਲਿਆ ਗਿਆ। ਓਡੀਸ਼ਾ ਦੇ ਸੰਬਲਪੁਰ, ਝਾਰਸੂਗੁਡਾ ਤੇ ਬੋਲਨਗੀਰ ਜ਼ਿਲ੍ਹਿਆਂ ਵਿਚ ਬੰਦ ਦਾ ਅਸਰ ਹੋਇਆ।

242 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper