Latest News
ਮੋਹਨ ਭਾਗਵਤ ਦੀ ਪੁੱਠੀ ਸੋਚ

Published on 24 Feb, 2020 11:18 AM.

ਪਿਛਲੇ ਦਿਨੀਂ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਨੇ ਅਹਿਮਦਾਬਾਦ ਵਿੱਚ ਸੋਇਮ ਸੇਵਕਾਂ ਦੀ ਇੱਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਇਨ੍ਹੀਂ ਦਿਨੀਂ ਭਾਰਤ ਵਿੱਚ ਤਲਾਕ ਦੇ ਮਾਮਲੇ ਬਹੁਤ ਵਧ ਗਏ ਹਨ। ਲੋਕ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਲੜਦੇ ਹਨ। ਪੜ੍ਹੇ-ਲਿਖੇ ਅਤੇ ਖੁਸ਼ਹਾਲ ਪਰਵਾਰਾਂ ਵਿੱਚ ਤਲਾਕ ਦੇ ਕੇਸ ਜ਼ਿਆਦਾ ਹੁੰਦੇ ਹਨ, ਕਿਉਂਕਿ ਪੜ੍ਹਾਈ ਤੇ ਖੁਸ਼ਹਾਲੀ ਆਉਣ ਨਾਲ ਹੰਕਾਰ ਆ ਜਾਂਦਾ ਹੈ, ਇਸ ਲਈ ਪਰਵਾਰ ਟੁੱਟ ਰਹੇ ਹਨ। ਮੋਹਨ ਭਾਗਵਤ ਇੱਥੇ ਹੀ ਨਹੀਂ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹਿੰਦੂ ਸਮਾਜ ਦਾ ਕੋਈ ਬਦਲ ਨਹੀਂ ਹੈ। ਸਮਾਜ ਦੀ ਇਹ ਹਾਲਤ ਇਸ ਲਈ ਹੈ ਕਿਉਂਕਿ ਪਹਿਲਾਂ ਔਰਤਾਂ ਸਿਰਫ਼ ਘਰਾਂ ਤੱਕ ਸੀਮਿਤ ਸਨ, ਪ੍ਰੰਤੂ ਹੁਣ ਉਹ ਪੜ੍ਹ-ਲਿਖ ਕੇ ਹੰਕਾਰੀ ਬਣ ਰਹੀਆਂ ਹਨ। ਭਾਗਵਤ ਦੇ ਇਸ ਬਿਆਨ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਔਰਤਾਂ ਪ੍ਰਤੀ ਸੰਘ ਦੀ ਸਮਝ ਕਿਹੋ ਜਿਹੀ ਹੈ। ਸੰਘ ਦੀ ਵਿਚਾਰਧਾਰਾ ਦਾ ਮੁੱਖ ਅਧਾਰ ਮਨੂੰ ਸਮ੍ਰਿਤੀ ਹੈ। ਇਹ ਵਿਚਾਰਧਾਰਾ ਘੋਰ ਪ੍ਰਤੀਕ੍ਰਿਆਵਾਦੀ ਹੈ। ਇਸ ਦਾ ਬੁਨਿਆਦੀ ਸੁਭਾਅ ਔਰਤਾਂ, ਦਲਿਤਾਂ ਤੇ ਆਦਿਵਾਸੀਆਂ ਦਾ ਵਿਰੋਧੀ ਹੈ। ਅੱਜ ਸਾਡਾ ਦੇਸ਼ ਇੱਕ ਗੰਭੀਰ ਸੰਕਟ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਇਸ ਸਮੇਂ ਦੱਖਣਪੰਥੀ ਤੇ ਰੂੜ੍ਹੀਵਾਦੀ ਤਾਕਤਾਂ ਆਪਣੇ ਪੂਰੇ ਉਭਾਰ 'ਤੇ ਹਨ। ਸੱਤਾ ਦੇ ਗਲਿਆਰਿਆਂ ਵਿੱਚ ਪੁੱਜਣ ਤੋਂ ਬਾਅਦ ਉਹ ਹਮਲਾਵਰ ਤੇ ਹਿੰਸਕ ਹੋ ਚੁੱਕੀਆਂ ਹਨ। ਪਰ ਇਸ ਦੇ ਨਾਲ ਹੀ ਇਨ੍ਹਾਂ ਤਾਕਤਾਂ ਦੇ ਮੁਕਾਬਲੇ ਵਿੱਚ ਪੀੜਤ ਵਰਗ ਦਾ ਫੈਸਲਾਕੁੰਨ ਵਿਰੋਧ ਵੀ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ। ਜੇ ਅਜੋਕੀਆਂ ਹਾਲਤਾਂ ਨੂੰ ਇਹ ਕਿਹਾ ਜਾਵੇ ਕਿ ਅਸੀਂ ਅੱਜ ਤਬਦੀਲੀ ਦੇ ਇੱਕ ਨਵੇਂ ਦੌਰ ਵਿੱਚ ਦਾਖਲ ਹੋ ਰਹੇ ਹਾਂ ਤਾਂ ਇਹ ਅੱਤਕਥਨੀ ਨਹੀਂ ਹੋਵੇਗੀ। ਇਹ ਇੱਕ ਅਜਿਹੀ ਤਬਦੀਲੀ ਹੈ ਜਿਹੜੀ ਪੂਰੇ ਸਮਾਜ, ਪੂਰੇ ਸੱਭਿਆਚਾਰ ਤੇ ਰਾਜਨੀਤੀ ਨੂੰ ਬਦਲ ਰਹੀ ਹੈ। ਇਸ ਤਬਦੀਲੀ ਦਾ ਕਾਰਨ ਉਤਪਾਦਨ ਦੇ ਸੰਦਾਂ ਵਿੱਚ ਆ ਰਿਹਾ ਬੁਨਿਆਦੀ ਬਦਲਾਅ ਹੈ। ਇਹ ਬਦਲਾਅ ਸਰੀਰਕ ਕਿਰਤ ਤੋਂ ਮਾਨਸਿਕ ਕਿਰਤ ਵੱਲ ਵਧਣ ਤੇ ਇੱਕ ਨਵੀਂ ਵਿਵਸਥਾ ਕਾਇਮ ਹੋਣ ਦਾ ਅਧਾਰ ਹੈ। ਉਤਪਾਦਨ ਦੇ ਸੰਦਾਂ ਦੇ ਬਦਲਣ ਤੇ ਵਿਸ਼ੇਸ਼ ਕਰਕੇ ਸੂਚਨਾ ਤਕਨੀਕ ਦੇ ਵਿਕਾਸ ਨੇ ਸਮਾਜ ਵਿੱਚ ਵਿਅਕਤੀ ਦੀ ਭੂਮਿਕਾ ਨੂੰ ਵਧਾ ਦਿੱਤਾ ਹੈ। ਇਸੇ ਕਰਕੇ ਅਜੋਕੀ ਪੀੜ੍ਹੀ ਆਪਣੀ ਵਿਅਕਤੀਗਤ ਸੁਤੰਤਰਤਾ ਲਈ ਲੜ ਰਹੀ ਹੈ। ਨਵੀਂ ਪੀੜ੍ਹੀ ਸਥਾਪਤ ਕਦਰਾਂ-ਕੀਮਤਾਂ ਤੋਂ ਬਗਾਵਤ ਕਰ ਰਹੀ ਹੈ। ਸਾਡੇ ਦੇਸ਼ ਲਈ ਇਹ ਬਦਲਾਅ ਇਸ ਲਈ ਅਹਿਮ ਤੇ ਟਕਰਾਅਪੂਰਨ ਰਹਿਣ ਵਾਲਾ ਹੈ, ਕਿਉਂਕਿ ਅਸੀਂ ਸਾਮੰਤੀ ਯੁੱਗ ਤੋਂ ਸੂਚਨਾ ਯੁੱਗ ਤੱਕ ਲੰਮੀ ਛਾਲ ਮਾਰਨੀ ਹੈ। ਇਹੋ ਹੀ ਨਹੀਂ, ਸਾਨੂੰ ਸਾਮੰਤੀ ਸੋਚ ਤੋਂ ਵੀ ਪਹਿਲਾਂ ਕਾਇਮ ਹੋਈ ਬ੍ਰਾਹਮਣਵਾਦੀ ਵਿਵਸਥਾ ਨਾਲ ਵੀ ਟੱਕਰ ਲੈਣੀ ਪੈਣੀ ਹੈ। ਅਸਲ ਵਿੱਚ ਅੱਜ ਜੋ ਸੰਘਰਸ਼ ਚੱਲ ਰਹੇ ਹਨ, ਉਹ ਇਸ ਆਉਣ ਵਾਲੀ ਤਬਦੀਲੀ ਦੇ ਸੂਚਕ ਹਨ। ਇਹੋ ਗੱਲ ਮੋਹਨ ਭਾਗਵਤ ਤੇ ਉਸ ਦੇ ਚੇਲੇ ਚਪਾਟਿਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਬ੍ਰਾਹਮਣਵਾਦੀ ਵਿਵਸਥਾ ਵਿੱਚ ਔਰਤ ਦੀ ਭੂਮਿਕਾ ਸਿਫਰ ਸੀ। ਪਰਵਾਰ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੋਣ ਦੇ ਬਾਵਜੂਦ ਉਸ ਦੀ ਕਿਰਤ ਦਾ ਕੋਈ ਮੁੱਲ ਨਹੀਂ ਸੀ ਹੁੰਦਾ। ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਔਰਤਾਂ ਦੀ ਸਮਾਜਿਕ ਭੂਮਿਕਾ ਵਧੀ ਹੈ। ਉਨ੍ਹਾਂ ਨੂੰ ਜਦੋਂ ਤੇ ਜਿੱਥੇ ਵੀ ਮੌਕਾ ਮਿਲਿਆ, ਉਨ੍ਹਾਂ ਨੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ ਹੈ। ਅੱਜ ਕੋਈ ਵੀ ਖੇਤਰ ਅਜਿਹਾ ਨਹੀਂ, ਜਿੱਥੇ ਔਰਤਾਂ ਦੀ ਹਿੱਸੇਦਾਰੀ ਨਾ ਹੋਵੇ। ਫੌਜ ਦੇ ਵੱਖ-ਵੱਖ ਅੰਗਾਂ ਵਿੱਚ, ਹਵਾਈ ਜਹਾਜ਼ ਉਡਾਉਣ ਤੋਂ ਲੈ ਕੇ ਇੰਜੀਨੀਅਰਿੰਗ ਦੇ ਪੇਸ਼ੇ ਵਿੱਚ ਅੱਜ ਔਰਤਾਂ ਦੀ ਬਰਾਬਰ ਦੀ ਹਿੱਸੇਦਾਰੀ ਹੈ। ਹਸਪਤਾਲ, ਵਿੱਦਿਅਕ ਅਦਾਰੇ, ਫ਼ਿਲਮ ਨਿਰਦੇਸ਼ਨ, ਖੇਤੀਬਾੜੀ ਹੀ ਨਹੀਂ, ਰਾਜਨੀਤੀ ਵਿੱਚ ਉਹ ਹੇਠਲੇ ਪੱਧਰ ਤੋਂ ਲੈ ਕੇ ਉੱਪਰ ਤੱਕ ਸਰਗਰਮ ਹਨ। ਇਹ ਬਦਲ ਰਹੇ ਭਾਰਤ ਦੀ ਤਸਵੀਰ ਹੈ, ਜੋ ਮੋਹਨ ਭਾਗਵਤ ਵਰਗੇ ਮਰਦ ਪ੍ਰਧਾਨ ਸਮਾਜ ਦੇ ਰੂੜ੍ਹੀਵਾਦੀ ਪ੍ਰਤੀਨਿਧਾਂ ਨੂੰ ਕੰਬਣੀ ਛੇੜ ਰਹੀ ਹੈ। ਅੱਜ ਜਦੋਂ ਔਰਤਾਂ ਆਪਣੇ ਹੱਕਾਂ ਲਈ ਸੜਕਾਂ ਮੱਲ ਰਹੀਆਂ ਹਨ ਤਾਂ ਦੱਖਣਪੰਥੀ ਤਾਕਤਾਂ ਇਸ ਨੂੰ ਬਰਦਾਸ਼ਤ ਨਹੀਂ ਕਰ ਰਹੀਆਂ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਜਾਮੀਆ ਮਿਲੀਆ ਇਸਲਾਮੀਆ ਤੇ ਗਾਰਗੀ ਕਾਲਜ ਦੀਆਂ ਵਿਦਿਆਰਥਣਾਂ ਉੱਤੇ ਚੁਣ-ਚੁਣ ਕੇ ਹਮਲੇ ਇਸੇ ਔਰਤ ਵਿਰੋਧੀ ਸੋਚ ਦਾ ਪ੍ਰਗਟਾਵਾ ਹੈ। ਇਨ੍ਹਾਂ ਹਮਲਿਆਂ ਬਾਰੇ ਸੱਤਾਧਾਰੀਆਂ ਦੀ ਚੁੱਪ ਹਮਲਾਵਰਾਂ ਪ੍ਰਤੀ ਉਨ੍ਹਾਂ ਦੀ ਹਮਦਰਦੀ ਹੀ ਨਹੀਂ, ਉਨ੍ਹਾਂ ਦੀ ਹਿੱਸੇਦਾਰੀ ਨੂੰ ਉਜਾਗਰ ਕਰਦੀ ਹੈ। ਪ੍ਰੰਤੂ ਦੱਖਣਪੰਥੀ ਰੂੜ੍ਹੀਵਾਦੀ ਤਾਕਤਾਂ ਇਹ ਭੁੱਲ ਜਾਂਦੀਆਂ ਹਨ ਕਿ ਸਮਾਜਿਕ ਵਿਕਾਸ ਦੀ ਆਪਣੀ ਇੱਕ ਸਹਿਜ ਪ੍ਰਕ੍ਰਿਆ ਹੁੰਦੀ ਹੈ। ਉਸ ਨੂੰ ਸੱਤਾ ਦੀ ਤਾਕਤ ਦੇ ਨਾਲ ਕੁਝ ਸਮੇਂ ਲਈ ਰੋਕਿਆ ਜਾ ਸਕਦਾ ਹੈ, ਪਰ ਉਲਟੀ ਦਿਸ਼ਾ ਵਿੱਚ ਮੋੜਿਆ ਨਹੀਂ ਜਾ ਸਕਦਾ। ਸੱਤਾਧਾਰੀਆਂ ਦੇ ਹਮਲੇ ਜਾਮੀਆ, ਗਾਰਗੀ ਕਾਲਜ ਤੇ ਸ਼ਾਹੀਨ ਬਾਗ਼ ਦੀਆਂ ਔਰਤਾਂ ਨੂੰ ਕੁਝ ਸਮੇਂ ਲਈ ਤਕਲੀਫ਼ ਤਾਂ ਦੇ ਸਕਦੇ ਹਨ, ਪਰ ਉਨ੍ਹਾਂ ਨੂੰ ਰੋਕ ਨਹੀਂ ਸਕਦੇ। ਮੋਹਨ ਭਾਗਵਤ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਔਰਤਾਂ ਦੇ ਜਿਹੜੇ ਕਾਫ਼ਲੇ ਨਿਕਲ ਤੁਰੇ ਹਨ, ਉਹ ਮੰਜ਼ਲ 'ਤੇ ਪਹੁੰਚ ਕੇ ਹੀ ਦਮ ਲੈਣਗੇ।

747 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper