Latest News
ਦਿੱਲੀ ਦੇ ਭਾਈਚਾਰੇ ਨੂੰ ਅੱਗ

Published on 24 Feb, 2020 11:19 AM.


ਨਵੀਂ ਦਿੱਲੀ : ਨਾਗਰਿਕਤਾ ਕਾਨੂੰਨਾਂ ਖਿਲਾਫ ਦਿੱਲੀ ਵਿਚ ਚਲ ਰਹੇ ਪੁਰਅਮਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ 'ਚ ਸੋਮਵਾਰ ਹਿੰਸਾ ਭੜਕਾ ਦਿੱਤੀ ਗਈ, ਜਿਸ ਵਿਚ ਹੌਲਦਾਰ ਰਤਨ ਲਾਲ ਤੇ ਮੁਹੰਮਦ ਫੁਰਕਾਨ ਨਾਂਅ ਦੇ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਥਾਈਂ ਸਾੜਫੂਕ ਕੀਤੀ ਗਈ। ਇਕ ਫਿਰਕੇ ਦੇ ਲੋਕਾਂ ਦੀ ਜਾਇਦਾਦ ਨੂੰ ਨਿਸ਼ਾਨਾ ਬਣਾਉਣ ਦੀਆਂ ਵੀ ਰਿਪਰੋਟਾਂ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਹਿੰਸਾ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਦਿੱਲੀ ਆਮਦ ਦੇ ਮੌਕੇ ਕੀਤੀ ਗਈ ਤੇ ਇਸਨੂੰ ਕੰਟਰੋਲ ਕੀਤਾ ਜਾਵੇਗਾ।
ਉੱਤਰ-ਪੂਰਬੀ ਦਿੱਲੀ ਵਿਚ ਨਾਗਰਿਕਤਾ ਕਾਨੂੰਨ ਦੇ ਵਿਰੋਧੀ ਤੇ ਹਮਾਇਤੀ ਟਕਰਾਅ ਗਏ। ਪੁਲਸ ਮੁਤਾਬਕ ਜਾਫਰਾਬਾਦ ਤੇ ਮੌਜਪੁਰ ਵਿਚ ਇਕ ਫਾਇਰ ਟੈਂਡਰ ਤੇ 37 ਵਹੀਕਲਾਂ ਨੂੰ ਅੱਗ ਲਾ ਦਿੱਤੀ ਗਈ। ਭਜਨਪੁਰਾ ਵਿਚ ਪੈਟਰੋਲ ਪੰਪ ਸਾੜ ਦਿੱਤਾ ਗਿਆ। ਖੂਬ ਇੱਟਾਂ-ਵੱਟੇ ਚਲੇ, ਜਿਸ ਨਾਲ ਸ਼ਾਹਦਰਾ ਦੇ ਡੀ ਸੀ ਪੀ ਅਮਿਤ ਸ਼ਰਮਾ ਸਣੇ 37 ਪੁਲਸ ਵਾਲੇ ਜ਼ਖਮੀ ਹੋ ਗਏ। ਹੌਲਦਾਰ ਰਤਨ ਲਾਲ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਸਦੇ ਸਿਰ ਵਿਚ ਪੱਥਰ ਲੱਗਾ। ਉਸਨੇ ਨੇੜਲੇ ਹਸਪਤਾਲ ਵਿਚ ਦਮ ਤੋੜ ਦਿੱਤਾ। ਦਰਅਸਲ ਇਸ ਹਿੰਸਾ ਦੀ ਸ਼ੁਰੂਆਤ ਐਤਵਾਰ ਭਾਜਪਾ ਆਗੂ ਕਪਿਲ ਮਿਸ਼ਰਾ ਨੇ ਹਮਾਇਤੀਆਂ ਨਾਲ ਨਾਗਰਿਕਤਾ ਕਾਨੂੰਨ ਵਿਰੋਧੀਆਂ ਦੇ ਮੌਜਪੁਰ-ਬਾਬਰਪੁਰ ਵਾਲੇ ਧਰਨੇ ਕੋਲ ਪੁੱਜ ਕੇ ਕੀਤੀ ਸੀ। ਉਦੋਂ ਪੁਲਸ ਨੇ ਸਥਿਤੀ ਸੰਭਾਲ ਲਈ ਸੀ ਪਰ ਸੋਮਵਾਰ ਸਥਿਤੀ ਹੱਥੋਂ ਨਿਕਲ ਗਈ। ਜਾਫਰਾਬਾਦ ਤੇ ਮੌਜਪੁਰ ਵਿਚ ਪੁਲਸ ਨੇ ਲਾਠੀਆਂ ਤੇ ਹੰਝੂ ਗੈਸ ਦੀ ਵਰਤੋਂ ਕੀਤੀ। ਪ੍ਰਭਾਵਤ ਇਲਾਕਿਆਂ ਵਿਚ ਦਫਾ 144 ਲਾ ਦਿੱਤੀ ਗਈ ਹੈ। ਦਿੱਲੀ ਮੈਟਰੋ ਨੇ ਜਾਫਰਾਬਾਦ, ਮੌਜਪੁਰ-ਬਾਬਰਪੁਰ, ਗੋਕੁਲਪੁਰੀ, ਜੌਹਰੀ ਐਨਕਲੇਵ ਤੇ ਸ਼ਿਵ ਵਿਹਾਰ ਦੇ ਸਟੇਸ਼ਨ ਬੰਦ ਕਰ ਦਿੱਤੇ। ਸਾਂਸਦ ਅਸਦ-ਉਦ-ਦੀਨ ਓਵੈਸੀ ਨੇ ਕਿਹਾ ਹੈ ਕਿ ਹਿੰਸਾ ਕਪਿਲ ਮਿਸ਼ਰਾ ਦੇ ਭੜਕਾਊ ਭਾਸ਼ਣ ਨਾਲ ਹੋਈ ਤੇ ਉਸਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਸਪਸ਼ਟ ਸੰਕੇਤ ਹੈ ਕਿ ਇਨ੍ਹਾਂ ਫਸਾਦਾਂ ਵਿਚ ਪੁਲਸ ਵੀ ਸ਼ਾਮਲ ਹੈ। ਹਿੰਸਾ ਫੌਰੀ ਨਾ ਰੋਕੀ ਗਈ ਤਾਂ ਹੋਰ ਫੈਲ ਜਾਵੇਗੀ।
ਮੁਜ਼ਾਹਰਾਕਾਰੀਆਂ ਨੇ ਨਹਿਰੂ ਵਿਹਾਰ ਦੇ 'ਆਪ' ਦੇ ਕਾਰਪੋਰੇਟਰ ਮੁਹੰਮਦ ਤਾਹਿਰ ਹੁਸੈਨ ਦੇ ਘਰ ਦਾਖਲ ਹੋ ਕੇ ਭੰਨ-ਤੋੜ ਕੀਤੀ। ਤਾਹਿਰ ਪਰਿਵਾਰ ਨਾਲ ਘਰ ਵਿਚ ਹੀ ਸਨ। ਚਾਂਦਬਾਗ ਵਿਚ ਇਕ ਫਕੀਰ ਦੀ ਯਾਦਗਾਰ ਨੂੰ ਅੱਗ ਲਾ ਦਿੱਤੀ ਗਈ। ਇਹ ਵੀ ਰਿਪੋਰਟ ਸੀ ਕਿ ਮੌਜਪੁਰ ਇਲਾਕੇ ਵਿਚ 80 ਫੀਸਦੀ ਦੁਕਾਨਾਂ ਭੰਨ-ਤੋੜ ਦਿੱਤੀਆਂ ਗਈਆਂ ਜਾਂ ਅੱਗ ਦੇ ਹਵਾਲੇ ਕਰ ਦਿੱਤੀਆਂ ਗਈਆਂ। ਸ਼ਾਮੀਂ ਪੌਣੇ ਛੇ ਵਜੇ ਝੜਪਾਂ ਵਾਲੇ ਮੌਜਪੁਰ, ਘੋਂਡਾ, ਚਾਂਦ ਬਾਗ ਇਲਾਕਿਆਂ ਵਿਚ ਖਾਸ ਪੁਲਸ ਨਜ਼ਰ ਨਹੀਂ ਆਈ।
ਇਕ ਵੀਡੀਓ ਵਿਚ ਲਾਲ ਕਮੀਜ਼ ਵਾਲਾ ਬੰਦਾ ਗਨ ਨਾਲ ਪੁਲਸ ਵਾਲੇ ਕੋਲ ਆਉਂਦਾ ਨਜ਼ਰ ਆਇਆ। ਉਸਨੇ ਉਸ ਨਾਲ ਬਹਿਸ ਕੀਤੀ ਤੇ ਫਿਰ ਮੁੜ ਕੇ ਹਵਾ ਵਿਚ ਫਾਇਰ ਕੀਤੇ। ਇਕ ਵੀਡੀਓ ਵਿਚ ਜੈ ਸ੍ਰੀ ਰਾਮ ਦੇ ਨਾਅਰੇ ਵੀ ਲੱਗਦੇ ਸੁਣੇ ਜਾ ਸਕਦੇ ਹਨ। ਇੰਡੀਆ ਟੂਡੇ ਦੀ ਰਿਪੋਰਟਰ ਤਨੂੰਸ਼੍ਰੀ ਪਾਂਡੇ ਨੇ ਕਿਹਾ ਕਿ ਇਹ ਫਸਾਦ ਹਨ। ਉਸਨੇ ਕਿਹਾ ਕਿ ਉਸਨੂੰ ਹਿੰਸਾਕਾਰੀਆਂ ਨੇ ਕਿਹਾ, ''ਕੈਮਰਾ ਬੰਦ ਕਰ ਲੇ ਵਰਨਾ ਗਾੜ ਦੇਂਗੇ ਯਹੀਂ ਪਰ।''

153 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper