Latest News
ਜ਼ਮੀਨ ਦੇ ਟੁਕੜੇ ਲਈ ਭਰਾ ਨੂੰ ਮਾਰੀਆਂ ਗੋਲੀਆਂ

Published on 24 Feb, 2020 11:21 AM.


ਤਰਨ ਤਾਰਨ (ਬਲਦੇਵ ਸਿੰਘ ਪੰਨੂੰ, ਸਾਗਰਦੀਪ ਸਿੰਘ ਅਰੋੜਾ)
ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਬਾਕੀਪੁਰ ਵਿਖੇ ਜ਼ਮੀਨ ਦੇ ਟੁਕੜੇ ਲਈ ਸੋਮਵਾਰ ਕਥਿਤ ਤੌਰ 'ਤੇ ਭਰਾ ਨੇ ਹੀ ਭਰਾ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ।
ਮ੍ਰਿਤਕ ਬਲਦੇਵ ਸਿੰਘ ਦੀ ਪਤਨੀ ਪਲਵਿੰਦਰ ਕੌਰ ਨੇ ਦੱਸਿਆ ਕਿ ਜ਼ਮੀਨ ਦੀ ਵੰਡ ਨੂੰ ਲੈ ਕੇ ਬਲਦੇਵ ਸਿੰਘ ਦਾ ਵਿਵਾਦ ਭਰਾ ਸੁਖਦੇਵ ਸਿੰਘ ਨਾਲ ਚੱਲ ਰਿਹਾ ਸੀ ਅਤੇ ਸੁਖਦੇਵ ਸਿੰਘ ਨੇ ਉਨ੍ਹਾਂ ਦੀ ਜ਼ਮੀਨ ਧੱਕੇ ਨਾਲ ਹੜੱਪ ਲਈ ਸੀ। ਉਸ ਦਾ ਪਿਉ ਜਗਤਾਰ ਸਿੰਘ ਵੀ ਉਸ ਨਾਲ ਧੋਖਾ ਕਰ ਰਿਹਾ ਸੀ। ਉਨ੍ਹਾਂ ਥਾਣਾ ਸਦਰ ਤਰਨ ਤਾਰਨ ਦਰਖ਼ਾਸਤ ਵੀ ਦਿੱਤੀ ਹੋਈ ਸੀ, ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਹੀ ਇਹ ਘਟਨਾ ਵਾਪਰ ਗਈ। ਪਲਵਿੰਦਰ ਕੌਰ ਨੇ ਦੱਸਿਆ ਕਿ ਸਾਰਾ ਪਰਵਾਰ ਘਰ ਵਿੱਚ ਸੀ ਅਤੇ ਸ਼ਾਮ ਕਰੀਬ ਚਾਰ ਵਜੇ ਬਲਦੇਵ ਸਿੰਘ ਦੇ ਭਰਾ ਸੁਖਦੇਵ ਸਿੰਘ, ਪਿਉ ਜਗਤਾਰ ਸਿੰਘ, ਸੁਖਦੇਵ ਸਿੰਘ ਦੇ ਲੜਕੇ ਅਤੇ ਹੋਰ ਪੰਜ ਅਣਪਛਾਤੇ ਵਿਅਕਤੀਆਂ ਨੇ ਘਰ ਵਿੱਚ ਆ ਕੇ ਉਨ੍ਹਾਂ ਦੀ ਮਾਰਕੁਟਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਲਦੇਵ ਸਿੰਘ ਨੂੰ ਕੁੱਟਮਾਰ ਕਰਕੇ ਧੂਹ ਕੇ ਘਰੋਂ ਬਾਹਰ ਲੈ ਗਏ ਅਤੇ ਬਾਹਰ ਲਿਜਾ ਕੇ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ।
ਪਲਵਿੰਦਰ ਕੌਰ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਪਹਿਲਾਂ ਵੀ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ ਅਤੇ ਇਸ ਸੰਬੰਧੀ ਉਨ੍ਹਾਂ ਥਾਣਾ ਸਦਰ ਤਰਨ ਤਾਰਨ ਵਿੱਚ ਦਰਖਾਸਤ ਦਿੱਤੀ ਹੋਈ ਹੈ, ਪਰ ਉਕਤ ਵਿਅਕਤੀਆਂ ਦਾ ਹਾਕਮ ਧਿਰ ਨਾਲ ਸੰਬੰਧ ਹੋਣ ਕਾਰਨ ਪੁਲਸ ਵੱਲੋਂ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਅੱਜ ਉਸ ਦਾ ਪਤੀ ਮੌਤ ਦੇ ਘਾਟ ਉਤਾਰਿਆ ਗਿਆ।
ਮੌਕੇ 'ਤੇ ਪਹੁੰਚੇ ਥਾਣਾ ਸਦਰ ਤਰਨ ਤਾਰਨ ਦੇ ਐੱਸ ਐੱਚ ਓ ਮਨੋਜ ਕੁਮਾਰ ਨੇ ਦੱਸਿਆ ਕਿ ਜ਼ਮੀਨ ਦੀ ਵੰਡ ਨੂੰ ਲੈ ਕੇ ਪਿਓ ਪੁੱਤਰਾਂ ਦਾ ਪੁਰਾਣਾ ਝਗੜਾ ਚੱਲ ਰਿਹਾ ਸੀ। ਇਸ ਦੀ ਤਫਤੀਸ਼ ਕੀਤੀ ਜਾ ਰਹੀ ਹੈ, ਪਰ ਅੱਜ ਸੁਖਦੇਵ ਸਿੰਘ ਅਤੇ ਉਸ ਦੇ ਪਿਓ ਵੱਲੋਂ ਆਪਣੇ ਹੀ ਪੁੱਤਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਜਾਵੇਗਾ।

164 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper