Latest News
ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੂੰ ਸਾਂਝੇ ਸੰਘਰਸ਼ਾਂ ਰਾਹੀਂ ਹੀ ਠੱਲ੍ਹਿਆ ਜਾ ਸਕਦੈ : ਸਾਂਬਰ

Published on 24 Feb, 2020 11:22 AM.


ਧਾਰੀਵਾਲ/ਗੁਰਦਾਸਪੁਰ
(ਮਨਦੀਪ ਵਿੱਕੀ/ਜਨਕ ਮਹਾਜਨ)
ਬੇਮੌਸਮੀ ਬਰਸਾਤ ਕਾਰਨ ਪਿਛਲੇ ਹਾੜ੍ਹੀ ਸੀਜ਼ਨ ਦੌਰਾਨ ਤਬਾਹ ਹੋ ਗਈਆਂ ਕਣਕਾਂ ਤੇ ਹੋਰ ਫ਼ਸਲਾਂ ਦਾ ਬਿਨਾਂ ਦੇਰੀ ਤੁਰੰਤ ਮੁਆਵਜ਼ਾ ਦਿੱਤੇ ਜਾਣ 'ਤੇ ਗੰਨਾ ਕਾਸ਼ਤਕਾਰ ਕਿਸਾਨਾਂ ਵੱਲੋਂ ਖੰਡ ਮਿੱਲਾਂ ਨੂੰ ਵੇਚੇ ਗਏ ਗੰਨੇ ਦੇ ਬਕਾਇਆਂ ਦੀ ਫੌਰਨ ਅਦਾਇਗੀ ਸਮੇਤ ਕਿਸਾਨ ਭਾਈਚਾਰੇ ਦੀਆਂ ਹੋਰ ਭਖਵੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਅੰਦਰ ਕੰਮ ਕਰਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਰਹਿਨੁਮਾਈ ਹੇਠ ਸੋਮਵਾਰ ਇੱਥੇ ਕਿਸਾਨ ਆਗੂਆਂ ਬਲਬੀਰ ਸਿੰਘ ਕਤੋਵਾਲ, ਸੁਖਦੇਵ ਸਿੰਘ ਗੋਰਾਇਆ, ਪਲਵਿੰਦਰ ਸਿੰਘ ਕਿਲਾ ਨੱਥੂ ਸਿੰਘ, ਸੁਬੇਗ ਸਿੰਘ ਠੱਠਾ, ਲਖਵਿੰਦਰ ਸਿੰਘ ਮਰੜ ਤੇ ਅਸ਼ਵਨੀ ਕੁਮਾਰ ਲੱਖਣ ਕਲਾਂ ਉਪਰ ਅਧਾਰਿਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਡੀ.ਸੀ ਦਫਤਰ ਵਿਖੇ ਇੱਕ ਜ਼ਿਲ੍ਹਾ ਪੱਧਰੀ ਰੋਸ ਧਰਨਾ ਦਿੱਤਾ ਗਿਆ। ਧਰਨੇ ਵਿੱਚ ਕੁੱਲ ਹਿੰਦ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕੁੱਲ ਹਿੰਦ ਕਿਸਾਨ ਸਭਾ (ਪੁੰਨਾਵਾਲ) ਤੇ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਜ਼ਿਲ੍ਹਾ ਗੁਰਦਾਸਪੁਰ ਦੇ ਵੱਖੋ-ਵੱਖ ਇਲਾਕਿਆਂ ਤੋਂ ਪਹੁੰਚੇ ਹੋਏ ਸੈਂਕੜੇ ਕਿਸਾਨ ਸ਼ਾਮਲ ਹੋਏ।
ਧਰਨੇ ਨੂੰ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਕਾਮਰੇਡ ਭੁਪਿੰਦਰ ਸਿੰਘ ਸਾਂਬਰ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਨਰਿੰਦਰ ਸਿੰਘ ਕੋਟਲਾ ਬਾਂਮਾ ਤੇ ਡਾ. ਅਸ਼ੋਕ ਭਾਰਤੀ, ਕਿਰਤੀ ਕਿਸਾਨ ਯੂਨੀਅਨ ਵੱਲੋਂ ਸਤਬੀਰ ਸਿੰਘ ਸੁਲਤਾਨੀ, ਤਰਲੋਕ ਸਿੰਘ ਬਹਿਰਾਮਪੁਰ ਤੇ ਚੰਨਣ ਸਿੰਘ ਦੋਰਾਂਗਲਾ, ਕੁਲ ਹਿੰਦ ਕਿਸਾਨ ਸਭਾ (ਪੁੰਨਾਵਾਲ) ਵੱਲੋਂ ਅਵਤਾਰ ਸਿੰਘ ਕਿਰਤੀ ਤੇ ਨਰਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਕਾਮਰੇਡ ਸੁਖਦੇਵ ਸਿੰਘ ਭਾਗੋਕਾਵਾਂ ਤੇ ਬਲਬੀਰ ਸਿੰਘ ਰੰਧਾਵਾ, ਜਸਬੀਰ ਸਿੰਘ ਕੱਤੋਵਾਲ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਪੰਜਾਬ ਦੀ ਕੈਪਟਨ ਤੇ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ, ਮਜ਼ਦੂਰਾਂ ਦੇ ਮੂਲ ਮਸਲੇ ਹੱਲ ਕਰਨ ਵਾਲੀਆਂ ਨੀਤੀਆਂ ਬਣਾਉਣ ਤੇ ਲਾਗੂ ਕਰਨ ਦੀ ਬਜਾਏ ਲਗਾਤਾਰ ਕਿਸਾਨ ਵਿਰੋਧੀ ਨੀਤੀਆਂ ਉੱਪਰ ਅਮਲ ਨੂੰ ਅੱਗੇ ਵਧਾ ਰਹੀਆਂ ਹਨ। ਜਿਸ ਅਮਲ ਨੂੰ ਸਿਰਫ ਤੇ ਸਿਰਫ ਵਿਸ਼ਾਲ ਏਕੇ ਤੇ ਸਾਂਝੇ ਸੰਘਰਸ਼ਾਂ ਰਾਹੀਂ ਹੀ ਠੱਲ੍ਹਿਆ ਜਾ ਸਕਦਾ ਹੈ।
ਕਿਸਾਨ ਆਗੂਆਂ ਨੇ ਚੇਤਾਵਨੀ ਭਰੇ ਲਹਿਜੇ ਵਿਚ ਐਲਾਨ ਕੀਤਾ ਕਿ ਜੇਕਰ ਅੱਜ ਦੇ ਧਰਨੇ ਉਪਰੰਤ ਵੀ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਕਿਸਾਨ ਮੰਗਾਂ ਦਾ ਜਲਦੀ ਤੋਂ ਜਲਦੀ ਹੱਲ ਨਾ ਕੀਤਾ ਗਿਆ ਤਾਂ ਅਗਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਵੀ ਤੇਜ਼ ਕਰ ਦਿੱਤਾ ਜਾਵੇਗਾ। ਧਰਨੇ ਦੌਰਾਨ ਡੀ. ਸੀ ਨੂੰ ਦਿੱਤੇ ਗਏ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਪਿਛਲੇ ਸਾਲ ਬੇਮੌਸਮੀ ਬਰਸਾਤ ਨਾਲ ਤਬਾਹ ਹੋਈਆਂ ਕਣਕਾਂ ਸਮੇਤ ਹੋਰ ਫਸਲਾਂ ਦਾ ਪੀੜਤ ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਫੋਰਨ ਦਿੱਤਾ ਜਾਵੇ, ਹੋ ਰਹੀ ਲਗਾਤਾਰ ਬੇਮੌਸਮੀ ਬਰਸਾਤ ਨਾਲ ਨੁਕਸਾਨੀਆਂ ਗਈਆਂ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ, ਗੰਨਾ ਕਾਸ਼ਤਕਾਰ ਕਿਸਾਨਾਂ ਦੇ ਪ੍ਰਾਈਵੇਟ ਤੇ ਸਹਿਕਾਰੀ ਖੰਡ ਮਿੱਲਾਂ ਵੱਲ ਚਾਲੂ ਤੇ ਪਿਛਲੇ ਗੰਨਾ ਸੀਜ਼ਨ ਦੇ ਖੜੇ ਕਰੋੜਾਂ ਰੁਪਏ ਦੇ ਬਕਾਏ ਤੁਰੰਤ ਅਦਾ ਕੀਤੇ ਜਾਣ, ਪੰਜਾਬ ਸਰਕਾਰ ਵੱਲੋਂ 5 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦੀ ਕੀਤੀ ਗਈ 2 ਲੱਖ ਦੀ ਕਰਜ਼ਾ ਮਾਫੀ ਤੋਂ ਬਾਹਰ ਰਹਿ ਗਏ ਜ਼ਿਲ੍ਹਾ ਗੁਰਦਾਸਪੁਰ ਦੇ ਇਸ ਸ਼੍ਰੇਣੀ ਦੇ ਕਿਸਾਨਾਂ ਦੇ 2 ਲੱਖ ਦੇ ਕਰਜ਼ੇ ਬਿਨਾਂ ਦੇਰੀ ਫੌਰੀ ਤੌਰ 'ਤੇ ਮਾਫ ਕਰਕੇ ਇਸ ਕਰਜ਼ਾ ਮਾਫੀ ਸਕੀਮ ਨੂੰ ਮੁਕੰਮਲ ਕੀਤਾ ਜਾਵੇ, ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਪਿੰਡਾਂ ਤੋਂ ਖੋਹ ਕੇ ਕਾਰਖਾਨੇਦਾਰਾਂ/ਸਰਮਾਏਦਾਰਾਂ ਨੂੰ ਸੌਂਪਣ ਲਈ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਨੂੰਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਕਰ ਰਹੇ ਤੇ ਸੜਕਾਂ ਉੱਪਰ ਹਾਦਸਿਆਂ ਦਾ ਸਬੱਬ ਬਣ ਰਹੇ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਪਾਏਦਾਰ/ਤਸੱਲੀਬਖਸ਼ ਹੱਲ ਕੀਤਾ ਜਾਵੇ। ਇਸ ਮੌਕੇ ਸਰਬ-ਸੰਮਤੀ ਨਾਲ ਪਾਸ ਕੀਤੇ ਗਏ ਇਕ ਮਤੇ ਰਾਹੀਂ ਨਾਗਰਿਕਤਾ ਸੋਧ ਕਾਨੂੰਨ ਰੱਦ ਕੀਤੇ ਜਾਣ, ਐੱਨ ਆਰ ਸੀ ਅਤੇ ਐੱਨ ਪੀ ਆਰ ਵਾਪਸ ਲਏ ਜਾਣ ਦੀ ਮੰਗ ਕਰਦਿਆਂ ਇਹਨਾਂ ਕਾਨੂੰਨਾਂ/ਸਕੀਮਾਂ ਖਿਲਾਫ ਦੇਸ਼ ਭਰ ਵਿੱਚ ਚੱਲ ਰਹੇ ਸੰਘਰਸ਼ ਦੀ ਹਮਾਇਤ ਕੀਤੀ ਗਈ।

161 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper