Latest News
ਕਿਸਾਨ ਜਥੇਬੰਦੀਆਂ ਨੇ ਟਰੰਪ ਤੇ ਮੋਦੀ ਦਾ ਪੁਤਲਾ ਫੂਕਿਆ

Published on 24 Feb, 2020 11:23 AM.


ਝਬਾਲ : ਕੁੱਲ ਹਿੰਦ ਪੱਧਰ 'ਤੇ ਸੌ ਤੋਂ ਵਧੇਰੇ ਕਿਸਾਨ ਜਥੇਬੰਦੀਆਂ ਦੀ ਬਣੀ ਕੋਆਰਡੀਨੇਸ਼ਨ ਕਮੇਟੀ ਵੱਲੋਂ ਸਾਰੇ ਦੇਸ਼ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਭਾਰਤ ਆਉਣ 'ਤੇ ਟਰੰਪ ਤੇ ਮੋਦੀ ਦੇ ਪੁਤਲੇ ਫੂਕਣ ਦੇ ਸੱਦੇ 'ਤੇ ਸੋਮਵਾਰ ਜਮਹੂਰੀ ਕਿਸਾਨ ਸਭਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਅਤੇ ਆਲ ਇੰਡੀਆ ਕਿਸਾਨ ਸਭਾ ਵੱਲੋਂ ਕਸਬਾ ਝਬਾਲ ਵਿਖੇ ਟਰੰਪ ਅਤੇ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਰੋਹ ਭਰਪੂਰ ਮੁਜ਼ਾਹਰੇ ਵਿੱਚ ਇੰਡੀਆ ਕਿਸਾਨ ਸਭਾ ਦੇ ਪ੍ਰਮੁੱਖ ਆਗੂ ਪ੍ਰਿਥੀਪਾਲ ਸਿੰਘ ਮਾੜੀਮੇਘਾ, ਜਮਹੂਰੀ ਕਿਸਾਨ ਸਭਾ ਦੇ ਤਰਨ ਤਾਰਨ ਜ਼ਿਲ੍ਹੇ ਦੇ ਸਕੱਤਰ ਜਸਪਾਲ ਸਿੰਘ ਝਬਾਲ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਭਪਿੰਦਰ ਸਿੰਘ, ਦਵਿੰਦਰ ਸੋਹਲ, ਸਰਬਜੀਤ ਸਿੰਘ ਗੰਡੀਵਿੰਡ, ਜਸਬੀਰ ਸਿੰਘ ਗੰਡੀਵਿੰਡ, ਗੁਰਵਿੰਦਰ ਸਿੰਘ ਦੋਦਾ, ਚਾਨਣ ਸਿੰਘ ਸੋਹਲ, ਨਿਸ਼ਾਨ ਸਿੰਘ ਸਾਂਘਣਾ, ਲੱਖਾ ਸਿੰਘ ਮੰਨਣ, ਅਸ਼ੋਕ ਸੋਹਲ, ਪੂਰਨ ਸਿੰਘ ਜਗਤਪੁਰਾ, ਕਾਬਲ ਸਿੰਘ ਚਾਹਲ, ਬਖ਼ਸ਼ੀਸ਼ ਸਿੰਘ ਝਬਾਲ, ਸਵਿੰਦਰ ਸਿੰਘ ਦੋਧੇ, ਨਰਭਿੰਦਰ ਸਿੰਘ ਪੱਧਰੀ, ਮੋਤਾ ਸਿੰਘ ਸੋਹਲ ਅਤੇ ਗੁਰਭੇਜ ਸਿੰਘ ਜਗਤਪੁਰਾ ਹਾਜ਼ਰ ਸਨ। ਪੁਤਲਾ ਸਾੜਨ ਤੋਂ ਪਹਿਲਾਂ ਬੁਲਾਰਿਆਂ ਨੇ ਸੰਬੋਧਨ ਦੌਰਾਨ ਕਿਹਾ ਕਿ ਅਮਰੀਕਾ ਦਾ ਰਾਸ਼ਟਰਪਤੀ ਟਰੰਪ ਇੱਕ ਤਾਨਾਸ਼ਾਹ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਦਾ ਰਾਸ਼ਟਰਪਤੀ ਹੈ। ਇਹ ਰਾਸ਼ਟਰਪਤੀ ਸਾਰੀ ਦੁਨੀਆ ਵਿੱਚ ਆਪਣੀ ਧੌਂਸ ਜਮਾਉਣਾ ਚਾਹੁੰਦਾ ਹੈ ਅਤੇ ਭਾਰਤ ਵਿੱਚ ਵੀ ਇਸੇ ਕਰਕੇ ਹੀ ਆਇਆ ਹੈ। ਜਿਨ੍ਹਾਂ ਕਾਰਪੋਰੇਟ ਘਰਾਣਿਆਂ ਪੱਖੀ ਇਹ ਰਾਸ਼ਟਰਪਤੀ ਹੈ, ਉਨ੍ਹਾਂ ਨੇ ਅੱਜ ਸਾਡੇ ਦੇਸ਼ ਦੀ ਦੌਲਤ ਹੜੱਪ ਲਈ ਹੈ। ਸਾਡੇ ਕੁਦਰਤੀ ਸੋਮੇ ਲੁੱਟ ਲਏ ਹਨ ਅਤੇ ਘਰੇਲੂ ਉਦਯੋਗ ਤਬਾਹ ਕਰ ਦਿੱਤਾ ਹੈ। ਟਰੰਪ ਤੇ ਮੋਦੀ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਅੱਜ ਹਿੰਦੁਸਤਾਨ ਦੇ ਲੋਕਾਂ ਵਿੱਚ ਆਰਥਿਕ ਪਾੜਾ ਬੇਹੱਦ ਵਧ ਗਿਆ ਹੈ ।ਭਾਰਤ ਦੇ ਹਾਲਾਤ ਇਸ ਵੇਲੇ ਇਹ ਹਨ ਕਿ ਦੇਸ਼ ਦੀ ਕੁੱਲ ਵਸੋਂ ਵਿੱਚੋਂ ਇੱਕ ਫ਼ੀਸਦੀ ਲੋਕ ਜਿਹੜੇ ਅੱਤ ਦੇ ਅਮੀਰ ਹਨ, ਉਨ੍ਹਾਂ ਕੋਲ ਸਾਰੇ ਦੇਸ਼ ਦੀ ਦੌਲਤ ਵਿੱਚੋਂ 73 ਫ਼ੀਸਦੀ ਦੌਲਤ ਜਮ੍ਹਾਂ ਹੋ ਚੁੱਕੀ ਹੈ। ਇਸ ਤੋਂ ਹੇਠਲੇ 9 ਫ਼ੀਸਦੀ ਲੋਕਾਂ ਕੋਲ 15 ਫ਼ੀਸਦੀ ਅਤੇ ਅੱਤ ਦੇ ਗਰੀਬ 90 ਫ਼ੀਸਦੀ ਵਸੋਂ ਕੋਲ ਸਿਰਫ਼ 12 ਫ਼ੀਸਦੀ ਦੌਲਤ ਹੈ ।ਇਸ ਆਰਥਿਕ ਪਾੜੇ ਦੇ ਬੇਹੱਦ ਵਾਧੇ ਦੇ ਕਾਰਨ ਕਿਸਾਨ, ਮਜ਼ਦੂਰ, ਬੇਰੁਜ਼ਗਾਰ ਨੌਜਵਾਨ ਅਤੇ ਗਰੀਬ ਲੋਕ ਕਰਜ਼ੇ ਦੇ ਭਾਰ ਥੱਲੇ ਦੱਬੇ ਖੁਦਕੁਸ਼ੀਆਂ ਕਰ ਰਹੇ ਹਨ। ਮੋਦੀ ਦੀ ਸਰਕਾਰ ਲੋਕਾਂ ਦਾ ਧਿਆਨ ਮਹਿੰਗਾਈ, ਗ਼ਰੀਬੀ, ਬੇਰੁਜ਼ਗਾਰੀ ਅਤੇ ਆਰਥਿਕ ਪਾੜੇ ਦੇ ਵਾਧੇ ਵਾਲੇ ਪਾਸੇ ਤੋਂ ਹਟਾ ਕੇ ਦੇਸ਼ ਵਿੱਚ ਐੱਨ ਟੀ ਆਰ, ਐੱਨ ਸੀ ਆਰ ਤੇ ਕੌਮੀ ਨਾਗਰਿਕਤਾ ਕਾਨੂੰਨ ਜਿਹੜੇ ਦੇਸ਼ ਦੇ ਲੋਕਾਂ ਵਿੱਚ ਵੰਡੀਆਂ ਪਾਉਂਦੇ ਹਨ, ਉਨ੍ਹਾਂ ਵੱਲ ਲਾ ਦਿੱਤਾ ਹੈ। ਅੱਜ ਦੇਸ਼ ਦੇ ਲੋਕਾਂ ਨੂੰ ਇਹਨਾਂ ਘਾਤਕ ਕਾਨੂੰਨਾਂ ਦੀ ਵਿਰੋਧਤਾ ਕਰਦਿਆਂ ਹੋਇਆਂ ਨਾਲ ਦੀ ਨਾਲ ਰੁਜ਼ਗਾਰ, ਵਿੱਦਿਆ, ਸਿਹਤ ਅਤੇ ਸ਼ੁੱਧ ਵਾਤਾਵਰਨ ਆਦਿ ਸਮੱਸਿਆਵਾਂ ਦੇ ਹੱਲ ਲਈ ਵੀ ਲੜਨਾ ਹੋਵੇਗਾ।

220 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper