Latest News
ਕਾਲੇ ਦੌਰ 'ਚ ਚਿੱਟੇ ਗੁਲਾਬ

Published on 02 Mar, 2020 10:43 AM.

ਨਾਗਰਿਕਤਾ ਕਾਨੂੰਨਾਂ ਵਿਰੁੱਧ ਜਦੋਂ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਸਨ ਤਾਂ ਭਾਜਪਾ ਆਗੂਆਂ ਦੇ ਕੁਝ ਨਫ਼ਰਤੀ ਬੋਲਾਂ ਨੇ ਦਿੱਲੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਹੁਣ ਤੱਕ 46 ਬੇਗੁਨਾਹਾਂ ਦੀ ਮੌਤ ਹੋ ਚੁੱਕੀ ਹੈ ਤੇ ਹੋਰ ਬਹੁਤ ਸਾਰੇ ਹਸਪਤਾਲਾਂ ਵਿੱਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ। ਇਸ ਅੱਗ ਨੇ ਕਿੰਨੇ ਅਰਬ ਦੀ ਜਾਇਦਾਦ ਤਬਾਹ ਕਰ ਦਿੱਤੀ, ਇਸ ਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਲ ਹੈ। ਵਿਧਾਨ ਪਾਲਿਕਾ, ਕਾਰਜ ਪਾਲਿਕਾ ਨਿਆਂ ਪਾਲਿਕਾ ਤੇ ਵਿਕਾਊ ਮੀਡੀਆ ਸਭ ਖਾਮੋਸ਼ ਹਨ। ਦਿੱਲੀ ਵਿੱਚ ਹੋਏ ਇਨ੍ਹਾਂ ਯੋਜਨਾਬੱਧ ਦੰਗਿਆਂ ਵਿਰੁੱਧ ਸਮੁੱਚੀ ਦੁਨੀਆਂ ਦੇ ਜਾਗਰੂਕ ਲੋਕ ਗੁੱਸੇ ਵਿੱਚ ਭਰੇ ਪੀਤੇ ਸੜਕਾਂ 'ਤੇ ਨਿਕਲ ਰਹੇ ਹਨ।
18 ਯੂਰਪੀ ਸ਼ਹਿਰਾਂ ਵਿਚ ਸ਼ਨੀਵਾਰ ਭਾਰਤੀ ਮੂਲ ਦੇ ਲੋਕਾਂ ਨੇ ਜੁੜ ਕੇ ਦਿੱਲੀ ਹਿੰਸਾ ਦੀ ਨਿੰਦਾ ਕੀਤੀ, ਮਰਨ ਵਾਲਿਆਂ ਦਾ ਸ਼ੋਕ ਮਨਾਇਆ ਤੇ ਹਿੰਸਾਕਾਰੀਆਂ ਖਿਲਾਫ ਫੌਰੀ ਕਾਰਵਾਈ ਦੀ ਮੰਗ ਕੀਤੀ। ਗਲਾਸਗੋ, ਕਰਾਕੋਵ, ਹੇਲਸਿੰਕੀ, ਸਟਾਕਹੋਮ, ਡਬਲਿਨ ਤੇ ਬਰਲਿਨ ਵਰਗੇ ਸ਼ਹਿਰਾਂ ਵਿਚ ਮੁਜ਼ਾਹਰੇ ਹੋਏ। ਮੁਜ਼ਾਹਰਾਕਾਰੀਆਂ ਨੇ ਪ੍ਰੋਟੈੱਸਟ ਤੇ ਸ਼ੋਕ ਦਾ ਚਿੰਨ੍ਹ ਚਿੱਟਾ ਗੁਲਾਬ (ਵ੍ਹਾਈਟ ਰੋਜ਼) ਫੜਿਆ ਹੋਇਆ ਸੀ। ਵ੍ਹਾਈਟ ਰੋਜ਼ ਯੂਰਪ ਵਿਚ ਫਾਸ਼ੀਵਾਦੀ ਵਿਰੋਧੀ ਲਹਿਰ ਦਾ ਪ੍ਰਤੀਕ ਹੈ ਅਤੇ ਇਹ ਵਿਦਿਆਰਥੀਆਂ ਵੱਲੋਂ ਜਰਮਨੀ ਵਿਚ ਬਣਾਏ ਗਏ ਜਰਮਨ ਗਰੁੱਪ ਦਾ ਨਾਂਅ ਹੈ, ਜਿਸ ਨੇ ਨਾਜ਼ੀ ਹਕੂਮਤ ਵਿਰੁੱਧ ਅਹਿੰਸਕ ਮੁਜ਼ਾਹਮਤ ਦੀ ਵਕਾਲਤ ਕੀਤੀ ਸੀ। ਹਾਲੈਂਡ ਦੇ ਹੇਗ ਸ਼ਹਿਰ ਵਿਚ 100 ਤੋਂ ਵੱਧ ਲੋਕਾਂ ਨੇ ਭਾਰਤੀ ਦੂਤਘਰ ਦੇ ਸਾਹਮਣੇ ਪਟੜੀ 'ਤੇ ਚਿੱਟੇ ਗੁਲਾਬਾਂ ਦਾ ਗੁਲਦਸਤਾ ਰੱਖਿਆ। ਬਰਲਿਨ ਵਿਚ ਦੂਤਘਰ ਵਾਲਿਆਂ ਨੇ ਇਤਰਾਜ਼ ਕੀਤਾ ਤਾਂ ਫੁੱਲ ਸਾਹਮਣਲੀ ਪਟੜੀ 'ਤੇ ਰੱਖ ਦਿੱਤੇ ਗਏ। ਕਰਾਕੋਵ ਵਿਚ ਕਾਲੇ ਕੱਪੜੇ ਪਾਈ ਮੁਜ਼ਾਹਰਾਕਾਰੀਆਂ ਨੇ ਖਾਮੋਸ਼ ਮੁਜ਼ਾਹਰਾ ਕੀਤਾ। ਹੇਲਸਿੰਕੀ ਵਿਚ ਕਈਆਂ ਨੇ ਭਾਰਤ ਵਿਚ ਅਸਹਿਮਤੀ ਨੂੰ ਦਬਾਉਣ ਖਿਲਾਫ ਮੂੰਹਾਂ 'ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਸਟੇਟ ਸਪਾਂਸਰਡ ਹਿੰਸਾ ਖਿਲਾਫ ਪੈਰਿਸ ਵਿਚ ਹੋਏ ਪ੍ਰੋਟੈੱਸਟ ਵਿਚ ਫਰਾਂਸੀਸੀ ਵੀ ਸ਼ਾਮਲ ਹੋਏ। ਕੁਝ ਤਾਂ ਗੁੱਸੇ ਵਿਚ ਐਫਿਲ ਟਾਵਰ ਦੇ ਬਾਹਰ ਰਾਤ ਭਰ ਬੈਠੇ ਰਹੇ।
ਜਰਮਨੀ ਦੇ ਕੋਲੋਨ ਤੋਂ ਅਲੋਕਪਰਨਾ ਰਾਏ ਨੇ ਕਿਹਾ ਕਿ ਬਰਫਾਨੀ ਹਵਾਵਾਂ ਕਾਰਨ ਅੱਖਾਂ ਵਿਚੋਂ ਪਾਣੀ ਨਿਕਲ ਆਇਆ, ਪਰ ਅਸੀਂ ਕੋਈ 50 ਲੋਕ ਇਕ-ਦੂਜੇ ਨੂੰ ਦਿਲਾਸਾ ਦਿੰਦੇ ਰਹੇ ਕਿ ਦੇਸ਼ ਵਿਚ ਤਾਂ ਮੌਸਮ ਕਿਤੇ ਖਰਾਬ ਹੈ। ਮੈਂ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨੀ ਸ਼ੁਰੂ ਕੀਤੀ। ਜ਼ਬਾਨ ਕੰਬ ਰਹੀ ਸੀ, ਪਰ ਮੈਂ ਸੰਦਰਭ ਦੀ ਵਿਆਖਿਆ ਕਰਨ ਤੇ ਇਹ ਦੱਸਣ ਵਿਚ ਸਫਲ ਰਹੀ ਕਿ ਨਫਰਤੀ ਭਾਸ਼ਣਾਂ ਨੇ ਕਿਵੇਂ ਦੰਗੇ ਭੜਕਾਏ। ਕਈ ਵਾਰ ਭਾਰਤ ਦੇ ਦੌਰੇ ਕਰ ਚੁੱਕੀ ਇਕ ਜਰਮਨ ਬੀਬੀ ਨੇ ਅੱਜ ਦੇ ਭਾਰਤ ਦੀ ਤੁਲਨਾ 1930ਵਿਆਂ ਦੇ ਜਰਮਨ ਨਾਲ ਕੀਤੀ। ਉਸ ਨੇ ਕਿਹਾ ਕਿ ਜਮਹੂਰੀਅਤ ਰਾਤੋ-ਰਾਤ ਨਹੀਂ ਭੁਰਦੀ, ਤੁਹਾਨੂੰ ਖਬਰਦਾਰ ਰਹਿਣਾ ਪੈਣਾ। ਕਸ਼ਮੀਰ ਦੀ ਸਥਿਤੀ ਤੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਜਰਮਨੀ ਵਿਚ ਰਹਿੰਦੇ ਭਾਰਤੀ ਪ੍ਰੋਟੈੱਸਟ ਕਰਨ ਵਿਚ ਸਭ ਤੋਂ ਅੱਗੇ ਹਨ। ਇਨ੍ਹਾਂ ਵਿਚ ਵਿਦਿਆਰਥੀ ਆਗੂ ਰੋਲ ਨਿਭਾ ਰਹੇ ਹਨ। ਸ਼ਨੀਵਾਰ ਦੇ ਮੁਜ਼ਾਹਰਿਆਂ ਨਾਲ ਹੀ ਪ੍ਰੋਟੈੱਸਟ ਮੁੱਕ ਨਹੀਂ ਗਏ। 13-14 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ-ਯੂਰਪੀ ਯੂਨੀਅਨ ਸਿਖਰ ਵਾਰਤਾ ਵਿਚ ਹਿੱਸਾ ਲੈਣ ਆਉਣ ਸਮੇਂ 'ਬ੍ਰਸੱਲਜ਼ ਚਲੋ' ਦਾ ਸੱਦਾ ਦਿੱਤਾ ਗਿਆ ਹੈ।

721 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਖ਼ਾਸ ਖ਼ਾਸ ਖ਼ਬਰਾਂ
e-Paper