Latest News
ਵੱਡੇ ਬਾਦਲ ਦਾ ਨਵਾਂ ਪੈਂਤੜਾ

Published on 03 Mar, 2020 10:38 AM.

ਭਾਜਪਾ ਆਗੂਆਂ ਦੇ ਨਫ਼ਰਤੀ ਬਿਆਨਾਂ ਕਾਰਨ ਦਿੱਲੀ ਵਿੱਚ ਭੜਕੀ ਹਿੰਸਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਚੋਟੀ ਦੇ ਆਗੂਆਂ ਵੱਲੋਂ ਆਈਆਂ ਇੱਕ ਤੋਂ ਬਾਅਦ ਇੱਕ ਪ੍ਰਤੀਕ੍ਰਿਆਵਾਂ ਸਿਆਸੀ ਟਿੱਪਣੀਕਾਰਾਂ ਨੂੰ ਹੈਰਾਨ ਕਰਨ ਵਾਲੀਆਂ ਹਨ। ਸਭ ਤੋਂ ਪਹਿਲਾਂ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ ਵਿੱਚ ਕਿਹਾ ਕਿ ਦਿੱਲੀ ਵਿੱਚ ਭੜਕੀ ਹਿੰਸਾ ਨੇ 1984 ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਤਾਜ਼ਾ ਕਰ ਦਿੱਤੀ ਹੈ। ਉਨ੍ਹਾ ਇਹ ਵੀ ਦੋਸ਼ ਲਾਇਆ ਕਿ ਹਿੰਸਾ ਦੌਰਾਨ ਦਿੱਲੀ ਪੁਲਸ ਨੇ ਪੀੜਤ ਲੋਕਾਂ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਉਨ੍ਹਾ ਕਿਹਾ ਕਿ ਮੌਜਪੁਰ ਇਲਾਕੇ ਵਿੱਚ ਇੱਕ ਘਰ ਵਿੱਚ ਫਸੇ 16 ਮੁਸਲਮਾਨਾਂ ਨੂੰ ਬਚਾਉਣ ਲਈ ਉਨ੍ਹਾ ਵੱਲੋਂ ਪੁਲਸ ਨੂੰ ਕੀਤੀ ਬੇਨਤੀ ਉੱਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਅਗਲੇ ਹੀ ਦਿਨ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਗੁਜਰਾਲ ਤੋਂ ਵੀ ਅੱਗੇ ਲੰਘਦਿਆਂ ਆਪਣੀ ਲੰਮੇ ਸਮੇਂ ਦੀ ਸਹਿਯੋਗੀ ਭਾਜਪਾ 'ਤੇ ਇਹ ਕਹਿ ਕੇ ਹਮਲਾ ਕਰ ਦਿੱਤਾ ਕਿ 'ਸੰਵਿਧਾਨ ਵਿੱਚ ਤਿੰਨ ਚੀਜ਼ਾਂ ਖਾਸ ਹਨ-ਸੈਕੂਲਰਿਜ਼ਮ, ਸਮਾਜਵਾਦ ਤੇ ਜਮਹੂਰੀਅਤ, ਪਰ ਹੁਣ ਨਾ ਸੈਕੂਲਰਿਜ਼ਮ ਬਚਿਆ ਹੈ, ਨਾ ਸਮਾਜਵਾਦ ਤੇ ਜਮਹੂਰੀਅਤ ਵੀ ਸਿਰਫ਼ ਚੋਣਾਂ ਲਈ ਹੀ ਰਹਿ ਗਈ ਹੈ। ਅਮੀਰ ਹੋਰ ਅਮੀਰ ਹੋ ਰਹੇ ਹਨ ਤੇ ਗ਼ਰੀਬ ਹੋਰ ਗ਼ਰੀਬ।' ਜਿਹੜੀ ਰਹਿੰਦੀ ਕਸਰ ਬਾਕੀ ਸੀ, ਵੱਡੇ ਬਾਦਲ ਨੇ ਬਠਿੰਡਾ ਵਿੱਚ 1 ਮਾਰਚ ਨੂੰ ਹੋਈ ਪਾਰਟੀ ਰੈਲੀ ਨੂੰ ਸੰਬੋਧਨ ਕਰਦਿਆਂ ਕੱਢ ਦਿੱਤੀ। ਉਨ੍ਹਾ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਨੇ 'ਹਿੰਦੂ-ਮੁਸਲਿਮ-ਸਿੱਖ-ਈਸਾਈ, ਸਾਰੇ ਹਨ ਭਾਈ-ਭਾਈ' ਦਾ ਨਾਅਰਾ ਦੇ ਕੇ ਧਰਮ-ਨਿਰਪੱਖ ਪਹੁੰਚ ਅਪਣਾਈ ਸੀ। ਦਿੱਲੀ ਵਿੱਚ ਵੱਡੇ ਪੱਧਰ 'ਤੇ ਹੋਈ ਹਿੰਸਾ ਨੂੰ ਦੁਖਦਾਈ ਕਰਾਰ ਦਿੰਦਿਆ ਉਨ੍ਹਾ ਕਿਹਾ ਕਿ 1984 ਵਿੱਚ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਤੋਂ ਬਾਅਦ ਇੱਕ ਘੱਟ ਗਿਣਤੀ ਭਾਈਚਾਰੇ ਉੱਤੇ ਟੁੱਟਿਆ ਇਹ ਕਹਿਰ ਲੱਗਭੱਗ ਉਹੋ ਜਿਹਾ ਹੀ ਹੈ। ਇਸੇ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂ ਜਗਮੀਤ ਸਿੰਘ ਬਰਾੜ ਨੇ ਸਾਬਕਾ ਵਿਦਿਆਰਥੀ ਆਗੂ ਕਨੱ੍ਹਈਆ ਕੁਮਾਰ ਉੱਤੇ ਮੁਕੱਦਮੇ ਚਲਾਏ ਜਾਣ ਦੀ ਇਜਾਜ਼ਤ ਦੇਣ ਲਈ 'ਆਪ' ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੰਮੇ ਹੱਥੀਂ ਲਿਆ। ਉਨ੍ਹਾ ਮਰਹੂਮ ਕਮਿਊਨਿਸਟ ਆਗੂਆਂ ਕਾਮਰੇਡ ਤੇਜਾ ਸਿੰਘ ਸੁਤੰਤਰ ਤੇ ਕਾਮਰੇਡ ਜੰਗੀਰ ਸਿੰਘ ਜੋਗਾ ਵੱਲੋਂ ਲੜੇ ਗਏ ਸਫ਼ਲ ਮੁਜ਼ਾਰਾ ਅੰਦੋਲਨ ਲਈ ਵੀ ਉਨ੍ਹਾਂ ਨੂੰ ਯਾਦ ਕੀਤਾ। ਸ਼੍ਰੋਮਣੀ ਅਕਾਲੀ ਦਲ ਦੀ ਸੋਚ ਵਿੱਚ ਏਡੀ ਵੱਡੀ ਸਿਫਤੀ ਤਬਦੀਲੀ ਕਿਵੇਂ ਆ ਗਈ, ਇਸ ਬਾਰੇ ਵਿਚਾਰ ਕਰਨ ਲਈ ਸਾਨੂੰ ਪੰਜਾਬ ਦੀ ਅਜੋਕੀ ਸਥਿਤੀ ਨੂੰ ਵਾਚਣਾ ਪਵੇਗਾ।
ਸੰਨ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਮਾਰ ਖਾਣ ਤੋਂ ਬਾਅਦ ਅਕਾਲੀ ਦਲ (ਬਾਦਲ) ਨੂੰ ਲਗਾਤਾਰ ਝਟਕੇ ਲਗਦੇ ਰਹੇ ਹਨ। ਮਾਝੇ ਦੇ ਵੱਡੇ ਨਾਵਾਂ ਵਾਲੇ ਅਕਾਲੀ ਆਗੂਆਂ ਬ੍ਰਹਮਪੁਰਾ, ਸੇਖਵਾਂ ਤੇ ਅਜਨਾਲਾ ਨੇ ਵੱਖਰਾ ਟਕਸਾਲੀ ਅਕਾਲੀ ਦਲ ਬਣਾ ਲਿਆ। ਇਸੇ ਦੌਰਾਨ ਸਹਿਯੋਗੀ ਭਾਜਪਾ ਨੇ ਇਹ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਕਿ ਹੁਣ ਉਹ ਛੋਟੇ ਭਰਾ ਨਹੀਂ, ਸਗੋਂ ਵੱਡੇ ਭਰਾ ਦੀ ਹੈਸੀਅਤ ਵਿੱਚ ਆ ਗਈ ਹੈ, ਪਰ ਸਭ ਤੋਂ ਵੱਡਾ ਝਟਕਾ ਇਸ ਨੂੰ ਉਦੋਂ ਲੱਗਾ, ਜਦੋਂ ਲੰਮਾ ਸਮਾਂ ਰਾਜ ਸਭਾ ਮੈਂਬਰ ਰਹੇ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾ ਦੇ ਪੁੱਤਰ ਸਾਬਕਾ ਵਿੱਤ ਮੰਤਰੀ ਤੇ ਮੌਜੂਦਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਟਕਸਾਲੀਆਂ ਨੂੰ ਨਾਲ ਲੈ ਕੇ ਬਗਾਵਤ ਦਾ ਝੰਡਾ ਚੁੱਕ ਲਿਆ। ਇਸੇ ਦੌਰਾਨ ਦਿੱਲੀ ਦੀਆਂ ਚੋਣਾਂ ਵਿੱਚ ਭਾਜਪਾ ਵੱਲੋਂ ਅਕਾਲੀ ਦਲ ਨੂੰ ਠੁੱਠ ਦਿਖਾ ਦੇਣ 'ਤੇ ਢੀਂਡਸਾ ਗਰੁੱਪ ਦੇ ਮਨਜੀਤ ਸਿੰਘ ਜੀ ਕੇ ਵੱਲੋਂ ਭਾਜਪਾ ਦੇ ਸਮੱਰਥਨ ਦਾ ਐਲਾਨ ਕਰ ਦੇਣ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਅਕਾਲੀ ਦਲ (ਬਾਦਲ) ਨੂੰ ਤੋੜਣ ਦੀ ਚੱਲ ਰਹੀ ਖੇਡ ਪਿੱਛੇ ਕੇਂਦਰੀ ਹਾਕਮਾਂ ਦਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਢੀਂਡਸਾ ਗਰੁੱਪ ਵੱਲੋਂ ਦਿੱਲੀ ਵਿੱਚ ਭਾਜਪਾ ਦੀ ਮਦਦ ਨੇ ਅਕਾਲੀ ਦਲ (ਬਾਦਲ) ਵੱਲੋਂ ਇਨ੍ਹਾਂ ਵੱਖਰੇ ਹੋਏ ਅਕਾਲੀ ਆਗੂਆਂ ਨੂੰ ਕਾਂਗਰਸ ਦੀ ਬੀ ਟੀਮ ਗਰਦਾਨਣ ਵਿੱਚ ਵੀ ਕੋਈ ਦਮ ਨਾ ਰਹਿਣ ਦਿੱਤਾ।
ਇਸ ਸਭ ਕੁਝ ਦੇ ਬਾਵਜੂਦ ਇਹ ਸੱਚਾਈ ਹੈ ਕਿ ਵੱਜੇ ਝਟਕਿਆਂ ਦੇ ਬਾਵਜੂਦ ਅੱਜ ਵੀ ਅਕਾਲੀ ਦਲ (ਬਾਦਲ) ਕਾਂਗਰਸ ਤੋਂ ਬਾਅਦ ਦੂਜੇ ਨੰਬਰ ਦੀ ਤਾਕਤ ਰੱਖਦਾ ਹੈ। ਪੰਜਾਬੀਆਂ ਅੰਦਰ ਪ੍ਰਕਾਸ਼ ਸਿੰਘ ਬਾਦਲ ਦੀ ਭੱਲ ਵਾਲਾ ਹੋਰ ਕੋਈ ਅਕਾਲੀ ਆਗੂ ਹੈ ਹੀ ਨਹੀਂ। ਇਸ ਸਮੇਂ ਪ੍ਰਕਾਸ਼ ਸਿੰਘ ਬਾਦਲ ਅਣਐਲਾਨਿਆ ਅਕਾਲੀ ਦਲ (ਬਾਦਲ) ਦੀ ਵਾਗਡੋਰ ਆਪਣੇ ਹੱਥ ਲੈ ਚੁੱਕੇ ਹਨ। ਇਸ ਲਈ ਉਨ੍ਹਾ ਵੱਲੋਂ ਭਾਜਪਾ ਵਿਰੁੱਧ ਦਿੱਤੇ ਜਾ ਰਹੇ ਹਾਲੀਆ ਬਿਆਨਾਂ ਦੇ ਦੋ ਮਤਲਬ ਹੋ ਸਕਦੇ ਹਨ। ਇੱਕ, ਉਹ ਭਾਜਪਾ ਆਗੂਆਂ ਨੂੰ ਇਹ ਕਹਿ ਰਹੇ ਹਨ, 'ਸੰਭਲ ਜਾਓ ਨਹੀਂ ਤਾਂ ਪੱਲੇ ਕੱਖ ਨਹੀਂ ਛੱਡਣਾ।' ਦੂਜਾ, ਇਹ ਬਿਆਨ ਇਹ ਵੀ ਇਸ਼ਾਰਾ ਕਰਦੇ ਹਨ ਕਿ ਭਾਜਪਾ ਦੇ ਵੱਖ ਹੋਣ ਦੀ ਸੂਰਤ ਵਿੱਚ ਉਨ੍ਹਾ ਨੂੰ ਹੋਰ ਭਾਈਵਾਲ ਵੀ ਮਿਲ ਸਕਦੇ ਹਨ।
ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਹੋਈ ਜਿੱਤ ਨੇ ਪੰਜਾਬ ਦੇ ਆਪ ਆਗੂਆਂ ਨੂੰ ਕਾਫ਼ੀ ਉਤਸ਼ਾਹਤ ਕੀਤਾ ਸੀ, ਪਰ ਦਿੱਲੀ ਦੰਗਿਆਂ ਦੌਰਾਨ ਉਸ ਦੀ ਅਸਫ਼ਲਤਾ ਤੇ ਕਨੱ੍ਹਈਆ ਕੁਮਾਰ ਵਿਰੁੱਧ ਭੁਗਤ ਜਾਣ ਕਾਰਨ ਕੇਜਰੀਵਾਲ ਨੂੰ ਪੰਜਾਬ ਵਿੱਚ ਵੱਡਾ ਝਟਕਾ ਲੱਗਦਾ ਮਹਿਸੂਸ ਹੁੰਦਾ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅੱਜ ਦੇ ਸਮੇਂ ਵਿੱਚ ਕਨੱ੍ਹਈਆ ਕੁਮਾਰ ਪੜ੍ਹੀ-ਲਿਖੀ ਜਵਾਨੀ ਦਾ ਹੀਰੋ ਬਣਿਆ ਹੋਇਆ ਹੈ। ਅਕਾਲੀ ਆਗੂਆਂ ਨੂੰ ਪਤਾ ਹੈ ਕਿ ਕਨੱ੍ਹਈਆ ਕੁਮਾਰ ਦੇ ਹੱਕ ਵਿੱਚ ਖੜ੍ਹੇ ਹੋ ਕੇ ਪੰਜਾਬ ਦੇ ਨੌਜਵਾਨਾਂ ਨੂੰ ਪ੍ਰਭਾਵਤ ਕੀਤਾ ਜਾ ਸਕਦਾ ਹੈ, ਜਿਹੜੇ ਪਹਿਲਾਂ ਕੇਜਰੀਵਾਲ ਦੀ 'ਆਪ' ਉੱਤੇ ਆਸਾਂ ਲਾਈ ਬੈਠੇ ਸਨ।
ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹਾਲੇ ਦੋ ਸਾਲ ਬਾਕੀ ਹਨ। ਇਸ ਦੌਰਾਨ ਪੁਲਾਂ ਹੇਠੋਂ ਬਹੁਤ ਸਾਰਾ ਪਾਣੀ ਲੰਘਣਾ ਹੈ, ਪਰ ਅਕਾਲੀ ਦਲ (ਬਾਦਲ) ਵੱਲੋਂ ਲਏ ਨਵੇਂ ਪੈਂਤੜੇ ਦਾ ਸਵਾਗਤ ਕਰਨਾ ਚਾਹੀਦਾ ਹੈ ਤੇ ਆਸ ਕਰਨੀ ਚਾਹੀਦੀ ਹੈ ਕਿ ਉਹ ਇਸ ਉੱਤੇ ਕਾਇਮ ਰਹੇ।
-ਚੰਦ ਫਤਿਹਪੁਰੀ

729 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਖ਼ਾਸ ਖ਼ਾਸ ਖ਼ਬਰਾਂ
e-Paper