Latest News
ਇਸਲਾਮੀ ਜਗਤ 'ਚ ਭਾਰਤ ਦਾ ਡਿਗਦਾ ਅਕਸ

Published on 04 Mar, 2020 11:43 AM.

2014 ਵਿਚ ਪਹਿਲੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਨਰਿੰਦਰ ਮੋਦੀ ਨੇ ਦੇਸ਼ ਦੇ ਕੌਮੀ ਹਿੱਤਾਂ ਤੇ ਰਣਨੀਤਕ ਜ਼ਰੂਰਤਾਂ ਨੂੰ ਸਮਝਦਿਆਂ ਕਈ ਅਹਿਮ ਮੁਸਲਿਮ ਦੇਸ਼ਾਂ ਦੇ ਦੌਰੇ ਕੀਤੇ। ਅਮਰੀਕੀ ਦਬਾਅ ਦੇ ਬਾਵਜੂਦ ਭਾਰਤ ਨੇ ਈਰਾਨ ਨਾਲ ਸੰਬੰਧਾਂ ਵੱਲ ਖਾਸ ਧਿਆਨ ਦਿੱਤਾ। ਸਭ ਤੋਂ ਵੱਡੇ ਮੁਸਲਿਮ ਦੇਸ਼ ਇੰਡੋਨੇਸ਼ੀਆ ਦੀ ਅਹਿਮੀਅਤ ਵੀ ਸਮਝੀ ਅਤੇ ਬੰਗਲਾਦੇਸ਼ ਨੂੰ ਦੱਖਣੀ ਏਸ਼ੀਆ ਵਿਚ ਸਭ ਤੋਂ ਕਰੀਬੀ ਦੋਸਤ ਮੰਨਿਆ। ਪ੍ਰਧਾਨ ਮੰਤਰੀ ਦੀ ਪਹਿਲੀ ਪਾਰੀ ਵਿਚ ਸਭ ਕੁਝ ਠੀਕ-ਠਾਕ ਚੱਲਦਾ ਰਿਹਾ, ਪਰ ਦੂਜੀ ਪਾਰੀ ਸ਼ੁਰੂ ਹੁੰਦਿਆਂ ਹੀ ਅਚਾਨਕ ਸਥਿਤੀਆਂ ਬਦਲ ਗਈਆਂ। ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਅਤੇ ਨਾਗਰਿਕਤਾ ਸੋਧ ਕਾਨੂੰਨ (ਸੀ ਏ ਏ) ਬਣਾਉਣ ਤੋਂ ਬਾਅਦ ਇਨ੍ਹਾਂ ਦੇਸ਼ਾਂ ਨੇ ਸਾਡੇ ਬਾਰੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤੁਰਕੀ ਤੇ ਮਲੇਸ਼ੀਆ ਨੇ ਤਾਂ ਕਸ਼ਮੀਰ ਬਾਰੇ ਫੈਸਲੇ ਨੂੰ ਕਸ਼ਮੀਰ 'ਤੇ ਭਾਰਤ ਦਾ ਹਮਲਾ ਤੱਕ ਕਹਿ ਦਿੱਤਾ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਾਜਿਦ ਨੇ ਸੀ ਏ ਏ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸਿਆ, ਪਰ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਇਹ ਕਾਨੂੰਨ ਬੇਲੋੜਾ ਹੈ। ਕਾਨੂੰਨ ਕਹਿੰਦਾ ਹੈ ਕਿ ਬੰਗਲਾਦੇਸ਼, ਪਾਕਿਸਤਾਨ ਤੇ ਅਫਗਾਨਿਸਤਾਨ ਵਿਚ ਸਤਾਏ ਹੋਏ ਹਿੰਦੂਆਂ, ਸਿੱਖਾਂ, ਜੈਨੀਆਂ, ਬੋਧੀਆਂ, ਈਸਾਈਆਂ ਤੇ ਪਾਰਸੀਆਂ ਨੂੰ ਭਾਰਤ ਵਿਚ ਨਾਗਰਿਕਤਾ ਦਿੱਤੀ ਜਾਵੇਗੀ। ਬੰਗਲਾਦੇਸ਼ ਨੇ ਇਸਨੂੰ ਆਪਣੀ ਹੱਤਕ ਸਮਝਿਆ ਤੇ ਉਸ ਦੇ ਮੰਤਰੀਆਂ ਨੇ ਭਾਰਤ ਦੇ ਦੌਰੇ ਤੱਕ ਰੱਦ ਕਰ ਦਿੱਤੇ। ਪਾਕਿਸਤਾਨ ਨਾਲ ਬਣਦੀ ਨਹੀਂ ਤੇ ਹੁਕਮਰਾਨ ਆਗੂ ਬੰਗਲਾਦੇਸ਼ ਨਾਲ ਨਵਾਂ ਖਿਚਾਅ ਪੈਦਾ ਕਰ ਬੈਠੇ ਹਨ। ਦੁੱਖ-ਸੁੱਖ ਵਿਚ ਹਮੇਸ਼ਾ ਸਾਥ ਰਹੇ ਸਦੀਆਂ ਪੁਰਾਣੇ ਦੋਸਤ ਈਰਾਨ ਨਾਲ ਵੀ ਉਲਝ ਗਏ ਹਾਂ। ਉਸ ਦੇ ਰਾਜਦੂਤ ਅਲੀ ਚੇਗੇਨੀ ਨੂੰ ਮੰਗਲਵਾਰ ਵਿਦੇਸ਼ ਮੰਤਰਾਲੇ ਵਿਚ ਸੱਦ ਕੇ ਤਕੜਾ ਪ੍ਰੋਟੈੱਸਟ ਦਰਜ ਕਰਾਇਆ ਗਿਆ ਕਿ ਉਨ੍ਹਾ ਦੇ ਵਿਦੇਸ਼ ਮੰਤਰੀ ਜਾਵੇਦ ਜ਼ਰੀਫ ਨੇ ਦਿੱਲੀ ਹਿੰਸਾ ਬਾਰੇ ਜੋ ਬਿਆਨ ਦਿੱਤਾ ਹੈ, ਉਹ ਬੇਲੋੜਾ ਹੈ। ਜ਼ਰੀਫ ਨੇ ਸੋਮਵਾਰ ਟਵੀਟ ਕੀਤਾ ਸੀ : ''ਭਾਰਤੀ ਮੁਸਲਮਾਨਾਂ ਦੇ ਖਿਲਾਫ ਸੰਗਠਤ ਰੂਪ ਵਿਚ ਕੀਤੀ ਗਈ ਹਿੰਸਾ ਦੀ ਈਰਾਨ ਨਿੰਦਾ ਕਰਦਾ ਹੈ। ਸਦੀਆਂ ਤੋਂ ਈਰਾਨ ਭਾਰਤ ਦਾ ਦੋਸਤ ਰਿਹਾ ਹੈ। ਅਸੀਂ ਭਾਰਤੀ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਰੇ ਭਾਰਤੀਆਂ ਦੀ ਸਲਾਮਤੀ ਯਕੀਨੀ ਬਣਾਉਣ ਅਤੇ ਨਿਰਰਥਕ ਹਿੰਸਾ ਨੂੰ ਫੈਲਣ ਤੋਂ ਰੋਕਣ। ਅੱਗੇ ਵਧਣ ਦਾ ਰਾਹ ਪੁਰਅਮਨ ਸੰਵਾਦ ਤੇ ਕਾਨੂੰਨ ਦੀ ਪਾਲਣਾ ਕਰਨ ਨਾਲ ਹੀ ਪਧਰਾਏਗਾ।'' ਵਿਦੇਸ਼ ਮੰਤਰਾਲੇ ਵੱਲੋਂ ਈਰਾਨੀ ਰਾਜਦੂਤ ਨੂੰ ਕਿਹਾ ਗਿਆ ਕਿ ਉਨ੍ਹਾ ਦੇ ਵਿਦੇਸ਼ ਮੰਤਰੀ ਦੀ ਦਿੱਲੀ ਦੀ ਹਿੰਸਾ ਬਾਰੇ ਟਿੱਪਣੀ ਭਾਰਤ ਨੂੰ ਨਾਮਨਜ਼ੂਰ ਹੈ। ਈਰਾਨ ਵਰਗੇ ਦੇਸ਼ ਤੋਂ ਤਾਂ ਇਸ ਦੀ ਆਸ ਹੀ ਨਹੀਂ ਕਰ ਸਕਦੇ। ਈਰਾਨ ਨੇ 2002 ਦੇ ਗੁਜਰਾਤ ਦੰਗਿਆਂ ਤੇ 1992 ਵਿਚ ਬਾਬਰੀ ਮਸਜਿਦ ਦਾ ਵਿਵਾਦਗ੍ਰਸਤ ਢਾਂਚਾ ਢਾਹੁਣ ਦੀ ਵੀ ਨੁਕਤਾਚੀਨੀ ਕੀਤੀ ਸੀ। ਅਮਰੀਕੀ ਪਾਬੰਦੀਆਂ ਕਾਰਨ ਭਾਰਤ ਵੱਲੋਂ ਈਰਾਨ ਤੋਂ ਤੇਲ ਲੈਣ ਤੋਂ ਨਾਂਹ ਕਰਨ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਖਿਚਾਅ ਪੈਦਾ ਹੋਇਆ ਪਰ ਈਰਾਨ ਨੇ ਉਥੇ ਭਾਰਤ ਨੂੰ ਚਾਬਹਾਰ ਬੰਦਰਗਾਹ ਬਣਾਉਣ ਤੋਂ ਨਹੀਂ ਰੋਕਿਆ। ਇਸ ਬੰਦਰਗਾਹ ਤੋਂ ਭਾਰਤ ਨੂੰ ਪਾਕਿਸਤਾਨ ਨੂੰ ਬਾਈਪਾਸ ਕਰਕੇ ਅਫਗਾਨਿਸਤਾਨ ਤਕ ਮਾਲ ਪਹੁੰਚਾਉਣ ਵਿਚ ਮਦਦ ਮਿਲਣੀ ਹੈ। ਮਲੇਸ਼ੀਆ ਦੇ ਵੇਲੇ ਦੇ ਪ੍ਰਧਾਨ ਮੰਤਰੀ ਮੁਹੰਮਦ ਮਹਾਤੀਰ ਦੀ ਕਸ਼ਮੀਰ ਬਾਰੇ ਟਿੱਪਣੀ ਤੋਂ ਬਾਅਦ ਭਾਰਤ ਨੇ ਉਸ ਤੋਂ ਪਾਮ ਆਇਲ ਲੈਣਾ ਛੱਡ ਦਿੱਤਾ। ਵੱਡੇ ਮੁਸਲਿਮ ਦੇਸ਼ਾਂ ਨਾਲ ਸੰਬੰਧ ਇਸੇ ਤਰ੍ਹਾਂ ਵਿਗੜਦੇ ਰਹੇ ਤਾਂ ਇਸ ਨਾਲ ਮੁਸਲਿਮ ਜਗਤ ਵਿਚ ਭਾਰਤ ਦੇ ਅਕਸ ਨੂੰ ਧੱਕਾ ਲੱਗੇਗਾ। ਦੇਸ਼ ਵਿਚ ਘੱਟਗਿਣਤੀਆਂ ਨਾਲ ਕੀਤੇ ਜਾ ਰਹੇ ਸਲੂਕ 'ਤੇ ਪੱਛਮੀ ਦੇਸ਼ਾਂ ਦੇ ਲੋਕ ਪਹਿਲਾਂ ਹੀ ਨਾਰਾਜ਼ਗੀ ਪ੍ਰਗਟਾ ਰਹੇ ਹਨ। ਦੇਖਣ ਵਾਲੀ ਗੱਲ ਹੈ ਕਿ ਕਸ਼ਮੀਰ ਵਿਚ ਧਾਰਾ 370 ਖਤਮ ਕਰਨ ਤੇ ਸੀ ਏ ਏ ਬਣਾਉਣ ਤੋਂ ਬਾਅਦ ਹੀ ਇਹ ਹਾਲਾਤ ਬਣੇ ਹਨ। ਬਿਹਤਰ ਹੋਵੇਗਾ ਕਿ ਅਸੀਂ ਆਪਣੇ ਦੇਸ਼ ਦੇ ਮੁਸਲਿਮ ਭਾਈਚਾਰੇ ਨਾਲ ਇਸ ਤਰ੍ਹਾਂ ਪੇਸ਼ ਨਾ ਆਈਏ, ਜਿਸ ਨਾਲ ਦੂਜੇ ਮੁਸਲਿਮ ਦੇਸ਼ਾਂ ਨੂੰ ਕੁਝ ਕਹਿਣ ਦਾ ਮੌਕਾ ਮਿਲੇ। ਜਦ ਅਸੀਂ ਪਾਕਿਸਤਾਨ, ਅਫਗਾਨਿਸਤਾਨ ਤੇ ਬੰਗਲਾਦੇਸ਼ ਵਿਚ ਗੈਰ-ਮੁਸਲਿਮਾਂ ਦੇ ਹੱਕਾਂ ਦੀ ਗੱਲ ਕਰਦੇ ਹਾਂ ਤਾਂ ਮੁਸਲਿਮ ਦੇਸ਼ਾਂ ਨੂੰ ਵੀ ਭਾਰਤੀ ਮੁਸਲਮਾਨਾਂ ਦੇ ਹੱਕ ਵਿਚ ਬੋਲਣ ਤੋਂ ਨਹੀਂ ਰੋਕ ਸਕਾਂਗੇ।

693 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਖ਼ਾਸ ਖ਼ਾਸ ਖ਼ਬਰਾਂ
e-Paper